ਚੰਡੀਗੜ੍ਹ, 7 ਸਤੰਬਰ (ਵਿਸ਼ਵ ਵਾਰਤਾ) – ਸਿੱਖਿਆ ਵਿਭਾਗ ਵਿੱਚ ਇਕ ਭਵਿੱਖ ਮੁਖੀ ਕਦਮ ਚੁੱਕਦੇ ਹੋਏ ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਇਕ ਨਿਵੇਕਲਾ ਮੋਬਾਈਲ ਐਪ ਲਾਂਚ ਕੀਤਾ ਜਿਸ ਵਿਚ ਮਿਡ ਡੇਅ ਮੀਲ ਸਬੰਧੀ ਸਾਰੇ ਆਂਕੜੇ ਮੌਜੂਦ ਹਨ ਅਤੇ ਜਿਸ ਨਾਲ ਮਿਡ ਡੇਅ ਮੀਲ ਦੇ ਰਿਕਾਰਡ ਦੀ ਸੁਚੱਜੀ ਸਾਂਭ ਸੰਭਾਲ ਵਿਚ ਮਦਦ ਮਿਲੇਗੀ।
ਮੋਬਾਈਲ ਐਪ ਨੂੰ ਰਿਲੀਜ਼ ਕਰਨ ਮੌਕੇ ਬੋਲਦਿਆਂ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਇਸ ਐਪ ਵਿਚ ਮਿਡ ਡੇਅ ਮੀਲ ਦੇ ਨਾਲ ਸਬੰਧਤ ਅੰਕੜਿਆਂ ਦੀ ਸੰਭਾਲ ਲਈ ਲੋੜੀਂਦਾ ਸਾਫਟਵੇਅਰ ਸੂਬੇ ਦੇ ਸਕੂਲੀ ਸਿੱਖਿਆ ਵਿਭਾਗ ਨੇ ਤਿਆਰ ਕੀਤਾ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਸਕੂਲੀ ਅਧਿਆਪਕਾਂ ਨੂੰ ਮਿਡ ਡੇਅ ਮੀਲ ਨਾਲ ਸਬੰਧਤ ਗਤੀਵਿਧਿਆਂ ਦੇ ਰਿਕਾਰਡ ਦੀ ਸਾਂਭ ਸੰਭਾਲ ਲਈ ਇਸ ਵੇਲੇ 8-9 ਰਜਿਸਟਰ ਤਿਆਰ ਕਰਨੇ ਪੈਂਦੇ ਹਨ ਜਿਸ ਨਾਲ ਉਨ੍ਹਾਂ ਵੱਲੋਂ ਵਿਦਿਅਕ ਕੰਮਾਂ ਵਿਚ ਲਗਾਇਆ ਜਾਣ ਵਾਲਾ ਸਮਾਂ ਗੈਰ ਵਿਦਿਅਕ ਕੰਮਾਂ ਵਿਚ ਖਰਚ ਹੋ ਜਾਂਦਾ ਹੈ। ਇਸ ਉੱਚ ਤਕਨੀਕ ਵਾਲੇ ਐਪ ਕਰਕੇ ਹੁਣ ਅਧਿਆਪਕ ਵਿਦਿਅਕ ਮਾਮਲਿਆਂ ਵੱਲ ਵੱਧ ਧਿਆਨ ਦੇਣ ਦੇ ਸਮਰੱਥ ਹੋ ਸਕਣਗੇ।
ਸ੍ਰੀਮਤੀ ਚੌਧਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਨਿਵੇਕਲੀ ਪਹਿਲ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਤਕਨੀਕਾਂ ਨਾਲ ਕੰਮ ਵਿੱਚ ਪਾਰਦਰਸ਼ਤਾ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਮਿਡ ਡੇ ਮੀਲ ਸਕੀਮ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਲਕ ਭਰ ਦੇ ਸਮੂਹ ਸਰਕਾਰੀ ਅਤੇ ਸਰਕਾਰੀ ਸਹਾਇਤਾ ਹਾਸਲ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਲਾਗੂ ਕੀਤੀ ਗਈ ਹੈ।
ਇਸ ਮੌਕੇ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ, ਸੰਯੁਕਤ ਸਕੱਤਰ ਸ੍ਰੀ ਤੇਜਿੰਦਰ ਪਾਲ ਸਿੰਘ ਸੰਧੂ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਪਰਮਜੀਤ ਸਿੰਘ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀ ਇੰਦਰਜੀਤ ਸਿੰਘ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ. ਸੁਖਦੇਵ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਡਾ.ਮਨਿੰਦਰ ਸਿੰਘ ਸਰਕਾਰੀਆ ਤੇ ਐਮ.ਆਈ.ਐਸ. ਦੇ ਕੋਆਰਡੀਨੇਟਰ ਸ੍ਰੀ ਰਾਜਵੀਰ ਸਿੰਘ ਵੀ ਹਾਜ਼ਰ ਸਨ।
ਸਿੱਖਿਆ ਮੰਤਰੀ ਵੱਲੋਂ ਮਿਡ ਡੇਅ ਮੀਲ ਦੇ ਰਿਕਾਰਡ ਦੀ ਸੁਚੱਜੀ ਸਾਂਭ ਸੰਭਾਲ ਲਈ ਮੋਬਾਈਲ ਐਪ ਲਾਂਚ
Advertisement
Advertisement