-ਮੇਰੇ ਪੁੱਤ ਨੇ ਅੱਤਵਾਦੀਆਂ ਦਾ ਮੁਕਾਬਲਾ ਬਹਾਦਰੀ ਨਾਲ ਕਰਕੇ ਦੇਸ਼ ਤੋਂ ਵਾਰੀ ਆਪਣੀ ਜਾਨ-ਪਿਤਾ ਅਵਤਾਰ ਸਿੰਘ
-ਬਜੁਰਗ ਮਾਤਾ ਪਿਤਾ ਤੇ ਵੱਡੇ ਭਰਾ ਨੂੰ ਅਲਵਿਦਾ ਆਖ ਗਿਆ ਸ਼ਹੀਦ ਨਾਇਕ ਰਾਜਵਿੰਦਰ ਸਿੰਘ
-ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ
-ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਧਰਮਸੋਤ ਸਮੇਤ ਵਿਧਾਇਕਾਂ ਰਜਿੰਦਰ ਸਿੰਘ ਤੇ ਨਿਰਮਲ ਸਿੰਘ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ
-ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪੁੱਜਣ ‘ਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ-ਡਿਪਟੀ ਕਮਿਸ਼ਨਰ
ਸਮਾਣਾ/ਪਟਿਆਲਾ, 7 ਜੁਲਾਈ (ਵਿਸ਼ਵ ਵਾਰਤਾ)-
ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਪਿੰਡ ਦੋਦੜਾ ਦਾ ਵਸਨੀਕ ਅਤੇ ਭਾਰਤੀ ਫ਼ੌਜ ਦਾ ਜਵਾਨ ਨਾਇਕ ਰਾਜਵਿੰਦਰ ਸਿੰਘ (29 ਸਾਲ) ਅੱਜ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਿਆ। ਜਿਊਂ ਹੀ ਨਾਇਕ ਰਾਜਵਿੰਦਰ ਸਿੰਘ ਦੀ ਸ਼ਹਾਦਤ ਵਾਲੀ ਖ਼ਬਰ ਪਿੰਡ ਦੋਦੜਾ ਪੁੱਜੀ, ਉਸੇ ਵੇਲੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।
ਸ਼ਹੀਦ ਦੇ ਪਿਤਾ ਸ. ਅਵਤਾਰ ਸਿੰਘ ਨੇ ਭਰੇ ਗਲ ਨਾਲ ਕਿਹਾ ਕਿ ਉਸਦਾ ਪੁੱਤਰ ਆਪਣੀ ਜਾਨ ਦੇਸ਼ ਦੇ ਲੇਖੇ ਲਗਾ ਗਿਆ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਮੇਰਾ ਪੁੱਤ ਸ਼ਹੀਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫ਼ੌਜ ਵੱਲੋਂ ਉਨ੍ਹਾਂ ਨੂੰ ਇਸ ਖ਼ਬਰ ਬਾਰੇ ਅੱਜ ਸੂਚਿਤ ਕੀਤਾ ਗਿਆ।
ਸ. ਅਵਤਾਰ ਸਿੰਘ ਦਾ ਕਹਿਣਾ ਸੀ ਕਿ ਉਸਦੇ ਪੁੱਤਰ ਨੇ ਆਪਣੇ ਦੇਸ਼ ਦੀ ਦੁਸ਼ਮਣਾਂ ਤੋਂ ਰੱਖਿਆ ਕਰਦੇ ਹੋਏ ਅੱਤਵਾਦੀਆਂ ਦਾ ਡੱਟ ਕੇ ਬਹਾਦਰੀ ਨਾਲ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਹੈ, ਜਿਸ ਨਾਲ ਉਸਦਾ ਅਤੇ ਉਸਦੇ ਪਿੰਡ ਸਮੇਤ ਪੰਜਾਬ ਦਾ ਨਾਮ ਰੌਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤ ਕਰੀਬ 30 ਸਾਲਾਂ ਦਾ ਹੋ ਗਿਆ ਸੀ ਪਰ ਮੇਰੇ ਲਈ ਤਾਂ ਉਹ ਅਜੇ ਵੀ ਬੱਚਾ ਹੀ ਸੀ ਅਤੇ ਉਹ ਜਦੋਂ ਵੀ ਛੁੱਟੀ ਆਉਂਦਾ ਸੀ ਤਾਂ ਉਹ ਮੇਰੇ ਨਾਲ ਹੀ ਸੌਂਦਾ ਸੀ।
ਸ਼ਹੀਦ ਦੀ ਮਾਂ ਸ੍ਰੀਮਤੀ ਮਹਿੰਦਰ ਕੌਰ ਅਤੇ ਵੱਡੇ ਭਰਾ ਬਲਵੰਤ ਸਿੰਘ ਨੇ ਰੋਂਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਇਸ ਗੱਲ ‘ਤੇ ਯਕੀਨ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਰਾਜਵਿੰਦਰ ਸਿੰਘ ਸ਼ਹੀਦ ਹੋ ਗਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀਮਤੀ ਪਰਮਜੀਤ ਕੌਰ ਅਤੇ ਸ. ਨਿਰਭੈ ਸਿੰਘ ਸਮੇਤ ਪੂਰਾ ਪਿੰਡ ਅਤੇ ਹੋਰ ਰਿਸ਼ਤੇਦਾਰ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਨ੍ਹਾਂ ਦੇ ਘਰ ਪੁੱਜ ਗਏ।
ਜਿਕਰਯੋਗ ਹੈ ਕਿ 15 ਅਕਤੂਬਰ 1990 ਪੈਦਾ ਹੋਇਆ ਨਾਇਕ ਰਾਜਵਿੰਦਰ ਸਿੰਘ ਭਾਰਤੀ ਫ਼ੌਜ ਦੀ ਰੈਜੀਮੈਂਟ 24 ਪੰਜਾਬ ਵਿੱਚ 24 ਮਾਰਚ 2011 ਨੂੰ ਭਰਤੀ ਹੋਇਆ ਸੀ। ਭਾਵੇਂਕਿ ਭਾਰਤੀ ਫ਼ੌਜ ਦੇ ਇਸ ਜਾਂਬਾਜ ਜਵਾਨ ਦੀ ਆਪਣੀ ਰੈਜੀਮੈਂਟ ਨਾਗਾਲੈਂਡ ਵਿਖੇ ਤਾਇਨਾਤ ਹੈ ਪਰੰਤੂ ਰਾਜਵਿੰਦਰ ਸਿੰਘ ਇਸ ਸਮੇਂ 53-ਰਾਸ਼ਟਰੀਯ ਰਾਈਫ਼ਲਜ ‘ਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਸੇਵਾ ਨਿਭਾ ਰਿਹਾ ਸੀ।
ਭਾਰਤੀ ਫ਼ੌਜ ਦੇ ਸੂਤਰਾਂ ਮੁਤਾਬਕ ਜੰਮੂ ਕਸ਼ਮੀਰ ਦੇ ਪੁਲਵਾਮਾ ਖੇਤਰ ਵਿਖੇ ਅੱਜ ਸੁਵੱਖਤੇ ਪਿੰਡ ਗੋਸੂ ਵਿਖੇ ਅੱਤਵਾਦੀਆਂ ਖ਼ਿਲਾਫ਼ ਫ਼ੌਜ ਦੇ ਚੱਲ ਰਹੇ ਸਰਚ ਉਪਰੇਸ਼ਨ ਦੌਰਾਨ ਨਾਇਕ ਰਾਜਵਿੰਦਰ ਸਿੰਘ ਅੱਤਵਾਦੀਆਂ ਦਾ ਮੁਕਾਬਲਾ ਕਰਦਾ ਹੋਇਆ ਗੋਲੀ ਲੱਗਣ ਕਰਕੇ ਸ਼ਹੀਦ ਹੋ ਗਿਆ।
ਇਸੇ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸ਼ਹੀਦ ਨਾਇਕ ਰਾਜਵਿੰਦਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਸਾਡੇ ਬਹਾਦਰ ਸ਼ਹੀਦਾਂ ਦੀ ਸ਼ਹਾਦਤ ਅਜਾਂਈਂ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਉਹ ਖ਼ੁਦ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਸਮੇਤ ਸਾਰਾ ਪੰਜਾਬ ਤੇ ਸਾਡਾ ਦੇਸ਼ ਸ਼ਹੀਦਾਂ ਦੇ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
ਇਸੇ ਦੌਰਾਨ ਕੈਬਨਿਟ ਮੰਤਰੀਆਂ ਸ੍ਰੀ ਬ੍ਰਹਮ ਮਹਿੰਦਰਾ ਅਤੇ ਸ. ਸਾਧੂ ਸਿੰਘ ਧਰਮਸੋਤ ਨੇ ਵੀ ਸ਼ਹੀਦ ਨਾਇਕ ਰਾਜਵਿੰਦਰ ਸਿੰਘ ਦੀ ਸ਼ਹਾਦਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਲਕਾ ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ ਅਤੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਸ. ਨਿਰਮਲ ਸਿੰਘ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਸ਼ਹੀਦ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਦੁੱਖ ਦੀ ਘੜੀ ‘ਚ ਉਹ ਪਰਿਵਾਰ ਨਾਲ ਖੜ੍ਹੇ ਹਨ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਦੇ ਪਰਿਵਾਰ ਦੇ ਦੁੱਖ ‘ਚ ਸ਼ਰੀਕ ਹੈ। ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ, ਡੀ.ਐਸ.ਪੀ ਸ. ਜਸਵਿੰਦਰ ਸਿੰਘ ਮਾਂਗਟ ਤੇ ਤਹਿਸੀਲਦਾਰ ਸੰਦੀਪ ਸਿੰਘ ਨੇ ਵੀ ਦੁਖੀ ਪਰਿਵਾਰ ਨਾਲ ਦੁੱਖ ਵੰਡਾਇਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਉਹ ਭਾਰਤੀ ਫ਼ੌਜ ਨਾਲ ਰਾਬਤਾ ਕਰ ਰਹੇ ਹਨ ਅਤੇ ਉਸਦੀ ਮ੍ਰਿਤਕ ਦੇਹ ਦੇ ਪਿੰਡ ਦੋਦੜਾ ਪਹੁੰਚਣ ‘ਤੇ ਸ਼ਹੀਦ ਦੀ ਮ੍ਰਿਤਕ ਦੇਹ ਦਾ ਪੂਰੇ ਮਾਣ-ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ – ਕੁੱਲ 56.20 ਫੀਸਦੀ ਹੋਈ ਵੋਟਿੰਗ
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ - ਕੁੱਲ 56.20 ਫੀਸਦੀ ਹੋਈ ਵੋਟਿੰਗ ਕਪੂਰਥਲਾ , 21 ਦਸੰਬਰ (ਵਿਸ਼ਵ...