ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਮਿਲੀ ਵੱਡੀ ਸਫਲਤਾ
ਪਾਕਿਸਤਾਨੀ ਖੁਫੀਆ ਏਜੰਸੀ ਦਾ ਏਜੰਟ ਗ੍ਰਿਫ਼ਤਾਰ
ਚੰਡੀਗੜ੍ਹ, 15ਦਸੰਬਰ(ਵਿਸ਼ਵ ਵਾਰਤਾ)-ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਚੰਡੀਗੜ੍ਹ ਦੇ ਸੈਕਟਰ 40 ਤੋਂ ਤਪਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਏਜੰਟ ਦੱਸਿਆ ਜਾ ਰਿਹਾ ਹੈ ਜਿਸ ‘ਤੇ ਸਰਕਾਰੀ ਬਿਲਡਿੰਗਾਂ ਦੇ ਨਕਸ਼ੇ ਅਤੇ ਹੋਰ ਦਫ਼ਤਰੀ ਜਾਣਕਾਰੀ ਲੀਕ ਕਰਨ ਦੇ ਦੋਸ਼ ਹਨ। ਜਾਣਕਾਰੀ ਅਨੁਸਾਰ ਸਰਕਾਰੀ ਇਮਾਰਤਾਂ ‘ਤੇ ਪਿਛਲੇ ਦਿਨੀਂ ਹੋਏ ਹਮਲਿਆਂ ‘ਚ ਸਬੰਧਤ ਵਿਅਕਤੀ ਵੱਲੋਂ ਜਾਣਕਾਰੀ ਤੇ ਵੇਰਵੇ ਮੁਹੱਈਆ ਕਰਵਾਏ ਗਏ ਸਨ। ਮੁਲਜ਼ਮ ਨੂੰ ਮੁਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੇ ਕਿ ਉਸਨੂੰ 19 ਦਸੰਬਰ ਤੱਕ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦਾਅਵਾ ਹੈ ਕਿ ਇਸ ਨੇ ਗੁਆਂਢੀ ਦੁਸ਼ਮਣ ਮੁਲਕ ਨੂੰ ਦੇਸ਼ ਦੀ ਅਹਿਮ ਜਾਣਕਾਰੀ ਲੀਕ ਕੀਤੀ ਹੈ ,ਜਿਸ ਕਰਕੇ ਇਸ ਦੇ ਖ਼ਿਲਾਫ਼ ਆਫ਼ੀਸ਼ੀਅਲ ਸੀਕਰੇਟ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।