ਘਿਰਾਓ ਤੋਂ ਪਹਿਲਾਂ ਸੈਕਟਰ 25 ‘ਚ ਹੋਵੇਗੀ ਵਿਸ਼ਾਲ ਰੈਲੀ
ਸੁਖਬੀਰ ਸਿੰਘ ਬਾਦਲ ਨੇ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ
ਚੰਡੀਗੜ, 19 ਮਾਰਚ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਦੇ ਹਜ਼ਾਰਾਂ ਆਗੂ ਤੇ ਵਰਕਰ 20 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰ ਕੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਿਸ਼ਵਾਸਘਾਤ ਵਿਰੁੱਧ ਰੋਸ ਪ੍ਰਗਟ ਕਰਨਗੇ। ਇਸ ਘਿਰਾਓ ਤੋਂ ਪਹਿਲਾਂ ਸੈਕਟਰ 25 ਦੇ ਗਰਾਉਂਡ ਵਿਚ ਵਿਸ਼ਾਲ ਰੈਲੀ ਕੀਤੀ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਘਿਰਾਓ ਅਤੇ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਅੱਜ ਰੈਲੀ ਵਾਲੇ ਸਥਾਨ ਦਾ ਦੌਰਾ ਕੀਤਾ ਤੇ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਡਾ ਦਲਜੀਤ ਸਿੰਘ ਚੀਮਾ, ਪਾਰਟੀ ਦੇ ਜਨਰਲ ਸਕੱਤਰ ਸ੍ਰ ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਸ੍ਰ ਸਿਕੰਦਰ ਸਿੰਘ ਮਲੂਕਾ ਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।
ਡਾ. ਚੀਮਾ ਨੇ ਦੱਸਿਆ ਕਿ ਇਹ ਰੈਲੀ ਪੰਜਾਬ ਲਈ ਇਤਿਹਾਸਕ ਸਾਬਤ ਹੋਵੇਗੀ ਜਿਸ ਵਿਚ ਪਹੁੰਚ ਕੇ ਹਜ਼ਾਰਾਂ ਆਗੂ ਤੇ ਵਰਕਰ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ, ਖੇਤਾਂ ਮਜ਼ਦੂਰਾਂ ਦੇ ਪੂਰਨ ਕਰਜ਼ਾ ਮੁਆਫੀ ਤੋਂ ਭੱਜਣ, ਨੌਜਵਾਨਾਂ ਨੂੰ ਘਰ ਘਰ ਨੌਕਰੀ ਦਾ ਵਾਅਦਾ ਪੂਰਾ ਨਾ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ ਵੱਖ ਵਰਗਾਂ ਲਈ ਸਮਾਜ ਭਲਾਈ ਸਕੀਮਾਂ ਬੰਦ ਕਰਨ, ਥਰਮਲ ਪਲਾਂਟ ਅਤੇ ਸੇਵਾ ਕੇਂਦਰ ਬੰਦ ਕਰਨ ਵਿਰੁੱਧ ਰੋਸ ਪ੍ਰਗਟ ਕਰਨਗੇ ਤੇ ਕਾਂਗਰਸ ਸਰਕਾਰ ‘ਤੇ ਆਪਣੇ ਵਾਅਦੇ ਪੂਰੇ ਕਰਨ ਲਈ ਦਬਾਅ ਬਣਾਉਣਗੇ।
ਡਾ. ਚੀਮਾ ਨੇ ਦੱਸਿਆ ਕਿ ਰੈਲੀ ਨੂੰ ਸੰਬੋਧਨ ਕਰਨ ਲਈ ਸਾਬਕਾ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਉਚੇਚੇ ਤੌਰ ‘ਤੇ ਸ਼ਾਮਲ ਹੋਣਗੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਭਾਜਪਾ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾਂ ਸਮੇਤ ਦੋਹਾਂ ਪਾਰਟੀਆਂ ਦੇ ਸੀਨੀਅਰ ਆਗੂ, ਸਾਬਕਾ ਮੰਤਰੀ, ਐਮ ਪੀ, ਐਮ ਐਲ ਏ, ਜ਼ਿਲ•ਾ ਪ੍ਰਧਾਨ ਸਾਹਿਬਾਨ, ਸਾਬਕਾ ਐਮ ਐਲ ਏ ਅਤੇ ਹੋਰ ਸੀਨੀਅਰ ਆਗੂ ਵੀ ਰੈਲੀ ਵਿਚ ਸ਼ਮੂਲੀਅਤ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਭਲਕੇ ਕਰਨਗੇ ਵਿਧਾਨ ਸਭਾ ਦਾ ਘਿਰਾਓ
Advertisement
Advertisement