ਚੰਡੀਗੜ, 1 ਦਸੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਚਿੱਠੀ ਲਿਖ ਕੇ ਸ਼ਹੀਦ ਅਤੇ ਕਾਰਵਾਈ ਦੌਰਾਨ ਨਕਾਰਾ ਹੋਏ ਫੌਜੀਆਂ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਪੜਾਈ ਦੇ ਖਰਚਿਆਂ ਦੀ ਸੀਮਾਂ ਤੈਅ ਕਰਨ ਦੇ ਫੈਸਲੇ ਨੂੰ ਬਦਲਣ ਦੀ ਮੰਤਰਾਲੇ ਤੋਂ ਮੰਗ ਕੀਤੀ।
ਇਸ ਫੈਸਲੇ ਨਾਲ ਮੁੱਖ ਮੰਤਰੀ ਬਹੁਤ ਜ਼ਿਆਦਾ ਬੇਚੈਨ ਹੋਏ ਕਿਉਂਕਿ ਇਹ ਫੈਸਲਾ ਵੱਖ-ਵੱਖ ਸੰਸਥਾਵਾਂ ਦੇ 32,000 ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰੇਗਾ ਜਦੋਂ ਕਿ ਕੇਂਦਰ ਸਰਕਾਰ ਨੂੰ ਸਾਲਾਨਾ 4 ਕਰੋੜ ਰੁਪਏ ਦੀ ਬਚਤ ਹੋਵੇਗੀ। ਮੁੱਖ ਮੰਤਰੀ ਨੇ ਇਸ ਫੈਸਲੇ ਦੀ ਤੁਰੰਤ ਸਮੀਖਿਆ ਕਰਨ ਅਤੇ ਇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਇਸ ਫੈਸਲੈ ਨੂੰ ”ਅਨੈਤਿਕ” ਅਤੇ “ਗੈਰ-ਸਿਧਾਂਤਕ” ਦੱਸਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਖਰਚੇ ਦੀ ਸੀਮਾਂ 10,000 ਰੁਪਏ ਪ੍ਰਤੀ ਮਹੀਨਾ ਤੈਅ ਕਰਨਾ ਇਸ ਸਕੀਮ ਦੇ ਉਦੇਸ਼ ਨਾਲ ਮਖੌਲ ਹੈ। ਇਹ ਸਕੀਮ 1971 ਵਿੱਚ ਲੋਕ ਸਭਾ ‘ਚ ਪੇਸ਼ ਕੀਤੀ ਗਈ ਸੀ ਅਤੇ ਇਸ ਤੋਂ ਅਗਲੇ ਸਾਲ ਲਾਗੂ ਕਰ ਦਿੱਤੀ ਗਈ ਸੀ। ਉਹਨਾਂ ਨੇ ਕਿਹਾ ਕਿ ਇਹ ਫੌਜੀਆਂ ਦੇ ਕੁਰਬਾਨੀ ਨੂੰ ਘਟਾ ਕੇ ਦੇਖਣ ਦੇ ਬਰਾਬਰ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਅਤੇ ਨਕਾਰਾ ਫੌਜੀਆਂ ਦੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਫੀਸ ਉਹਨਾਂ ਦੀ ਕੁਰਬਾਨੀ ਦੇ ਮੁਕਾਬਲੇ ਬਹੁਤ ਹੀ ਛੋਟੀ ਜਿਹੀ ਰਾਹਤ ਹੈ ਜੋ ਕਿ ਦੇਸ਼ ਵੱਲੋਂ ਉਹਨਾਂ ਨੂੰ ਲਗਾਤਾਰ ਦਿੱਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਹਥਿਆਰਬੰਦ ਜਵਾਨਾਂ ਦੇ ਲਈ ਯੋਗਦਾਨ ‘ਤੇ ਹੋਣ ਵਾਲੇ ਖਰਚਿਆਂ ਦੀ ਸੀਮਾਂ ਤੈਅ ਕਰਨ ਨੂੰ ਦੇਸ਼ ਅਤੇ ਇਸ ਦੇ ਨਾਗਰਿਕਾਂ ਲਈ ਸ਼ਰਮਨਾਕ ਦੱਸਿਆ।
ਹਾਲ ਹੀ ਵਿੱਚ ਮਹਾਰਾਸ਼ਟਰ ਵਿੱਚ ਭਾਰਤੀ ਰੇਲਵੇ ਲਈ ਪੁਲ ਦੇ ਨਿਰਮਾਣ ਵਿੱਚ ਫੌਜ ਦੇ ਜਵਾਨਾਂ ਦੀ ਵਰਤੋਂ ਕਰਨ ਦੀ ਰੱਖਿਆ ਮੰਤਰਾਲੇ ਦੇ ਫੈਸਲੇ ਵਿਰੁੱਧ ਜ਼ੋਰਦਾਰ ਪ੍ਰਤੀਕਿਰਿਆ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਦੇਸ਼ ਦੇ ਆਪਣੇ ਸੈਨਿਕਾਂ ਦਾ ਅਜਿਹਾ ਨਿਰਾਦਰ ਕਰਨ ਨੂੰ ਦੇਸ਼ ਸਹਿਣ ਨਹੀਂ ਕਰ ਸਕਦਾ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਨਾ ਸਿਰਫ ਅਨੈਤਿਕ ਹੈ ਸਗੋਂ ਦੇਸ਼ ਦੇ ਹਿੱਤਾਂ ਦੇ ਖਿਲਾਫ ਵੀ ਹੈ ਕਿਉਂਕਿ ਹਥਿਆਰਬੰਦ ਫੋਜਾਂ ਦਾ ਮਨੋਬਲ ਉੱਚਾ ਚੁੱਕੀ ਰੱਖਣਾ ਹਰ ਸਮੇਂ ਦੀ ਜ਼ਰੂਰਤ ਹੈ ਖਾਸ ਤੌਰ ‘ਤੇ ਮੌਜੂਦਾ ਸਮੇਂ ਜਦੋਂ ਭਾਰਤ ਸਾਰੇ ਤਰਾਂ ਦੀਆਂ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਨੂੰ ਸ਼ਾਂਤੀ ਅਤੇ ਸਥਿਰਤਾ ਦੀਆਂ ਬਾਹਰੀ ਚੁਣੌਤੀਆਂ ਦਰਪੇਸ਼ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਥਿਆਰਬੰਦ ਫੌਜਾਂ ਅਤੇ ਉਹਨਾਂ ਦੇ ਵਾਰਿਸਾਂ ਦੀ ਭਲਾਈ ਇੱਕ ਕੌਮੀ ਜ਼ਿੰਮੇਵਾਰੀ ਹੈ ਜਿਸ ਦੇ ਵਾਸਤੇ ਰੱਖਿਆ ਮੰਤਰਾਲੇ ਦੇ ਜ਼ਰੀਏ ਕੇਂਦਰ ਸਰਕਾਰ ਇਸ ਵਾਸਤੇ ਪਾਬੰਦ ਹੈ। ਸਾਬਕਾ ਫੌਜੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਬੱਚਿਆਂ ਦੇ ਵਿਦਿਅਕ ਖਰਚਿਆਂ ਦੀ ਅਦਾਇਗੀ ‘ਤੇ ਕਟੌਤੀ ਕਰਨ ਦੀ ਪ੍ਰਕਿਰਿਆ ਅਸਲ ‘ਚ ਰੱਖਿਆ ਬਲਾਂ ਦੇ ਸਤਿਕਾਰ ਵਿੱਚ ਸਰਕਾਰੀ ਪਹੁੰਚ ਨੂੰ ਖੋਰਾ ਲੱਗਣਾ ਹੈ।
ਉਹਨਾਂ ਅੱਗੇ ਕਿਹਾ ਕਿ ਸਾਡੇ ਬਹਾਦੁਰ ਜਵਾਨਾਂ ਦੇ ਭਲਾਈ ਕਾਰਜਾਂ ਲਈ ਪੂਰੀ ਤਰਾਂ ਸੰਵੇਦਨਸ਼ੀਲ ਨਹੀਂ ਹੈ। ਮਾਨਵਤਾਵਾਦੀ ਪਹਿਲੂ ਤੋਂ ਇਲਾਵਾ ਇਹ ਕੌਮੀ ਹਿੱਤ ਵਿਚ ਵੀ ਹੈ ਕਿ ਰੱਖਿਆ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਚਿੰਤਾ ਜਾਂ ਤਣਾਅ ਤੋਂ ਬਿਨਾਂ ਆਪਣੀ ਡਿਊਟੀ ਨਿਭਾਉਣ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਅਤੇ ਸਮਰਥਨ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।
ਇੱਕ ਰਾਸ਼ਟਰ ਦੇ ਰੂਪ ਵਿੱਚ ਸਾਨੂੰ ਆਪਣੀਆਂ ਹਥਿਆਰਬੰਦ ਫੌਜਾਂ ਦੀ ਕੁਰਬਾਨੀ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਅਤੇ ਫੌਜੀਆਂ ਦੇ ਮਨੋਬਲ ਨੂੰ ਘਟਾਉਣ ਵਾਲੀ ਬੇਲੋੜੀ ਪੈਸਾ ਬਚਾਊ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ।
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ...