ਚੰਡੀਗੜ੍ਹ 23 ਸਤੰਬਰ (ਵਿਸ਼ਵ ਵਾਰਤਾ) : ਡੀ.ਐਫ.ਐਸ.ਓ. ਕਮਲਦੀਪ ਸਿੰਘ ਗਿੱਲ ਦੀ ਮੰਦਭਾਗੀ ਖੁਦਕੁਸ਼ੀ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਜਾਂਚ ਏਜੰਸੀ ਵੱਲੋਂ ਦਸੰਬਰ 2016 ਤੋਂ ਸਰਦਾਰ ਰਾਈਸ ਮਿੱਲ, ਪਿੰਡ ਸੱਦੋਪੂਰ, ਤਹਿਸੀਲ ਮਲੇਰਕੋਟਲਾ, ਜ਼ਿਲਖ਼ਾ ਸੰਗਰੂਰ ਵਿੱਚੋਂ 34,038 ਝੋਨੇ ਦੀਆਂ ਬੋਰੀਆਂ ਗੁੰਮ ਹੋਣ ਦੀ ਜਾਂਚ ਚੱਲ ਰਹੀ ਹੈ ਜਿਸ ਦੀ ਪੁਸ਼ਟੀ ਮੌਕੇ ‘ਤੇ ਗਈ ਵਿਸ਼ੇਸ਼ ਪੜਤਾਲੀਆ ਟੀਮ ਵੱਲੋਂ ਪਿਛਲੇ ਸਾਲ 14 ਦਸੰਬਰ ਨੂੰ ਮਿੱਲ ਵਿਚ ਪਏ ਭੰਡਾਰ ਦੀ ਜਾਂਚ ਦੌਰਾਨ ਕੀਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ (ਵੀ.ਬੀ.) ਦੇ ਬੁਲਾਰੇ ਨੇ ਕਿਹਾ ਕਿ ਇਸ ਚੌਲ ਮਿੱਲ ਦੀ ਅਚਾਨਕ ਕੀਤੀ ਜਾਂਚ ਦੌਰਾਨ ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਕਰੀਬ 2.55 ਕਰੋੜ ਰੁਪਏ ਦੇ ਝੋਨੇ ਦੇ ਗਾਇਬ ਹੋਣ ਵਿਚ ਪਨਸਪ ਦੇ ਅਧਿਕਾਰੀ/ਕਰਮਚਾਰੀ ਅਤੇ ਚੌਲ ਮਿੱਲ ਮਾਲਕ ਜ਼ਿੰਮੇਵਾਰ ਠਹਿਰਾਏ ਗਏ ਸਨੇ ਇਸ ਜਾਂਚ ਟੀਮ ਵਿਚ ਡੀ.ਐਫ.ਐਸ.ਸੀ ਵੀ.ਬੀ,ਇੰਸਪੈਕਟਰ ਵੀ.ਬੀ./ਈ.ਓ.ਡਬਲਯੂ. ਅਤੇ ਪਨਸਪ ਦੇ ਅਧਿਕਾਰੀਆਂ ਸਮੇਤ ਡੀ.ਐਫ.ਐਸ.ਓ. ਪਨਸਪ ਮੁੱਖ ਦਫਤਰ,ਡੀ.ਐਫ.ਐਸ.ਓ. ਮਲੇਰਕੋਟਲਾ ਅਤੇ ਪਨਸਪ ਦੇ ਇੰਸਪੈਕਟਰ ਵੀ ਸ਼ਾਮਲ ਸਨ।
ਇਸ ਜਾਂਚ ਟੀਮ ਦੀ ਰਿਪੋਰਟ ਦੇ ਆਧਾਰ ‘ਤੇ ਵਿਜੀਲੈਂਸ ਬਿਓਰੋ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਨੇ ਜਿਲ੍ਹਾ ਖੁਰਾਕ ਤੇ ਵੰਡ ਕੰਟਰੋਲਰ (ਡੀ.ਐਫ.ਐਸ.ਸੀ.) ਸੰਗਰੂਰ ਮਨਜੀਤ ਸਿੰਘ ਨੂੰ ਬੀਤੇ 13 ਸਤੰਬਰ ਨੂੰ ਚੰਡੀਗੜ੍ਹ ਸਥਿਤ ਬਿਊਰੋ ਦੇ ਦਫਤਰ ਵਿਖੇ ਰਿਕਾਰਡ ਸਮੇਤ ਬੁਲਾਇਆ ਸੀ। ਇਸ ਡੀ.ਐਫ.ਐਸ.ਸੀ. ਨੇ ਉਸ ਮੌਕੇ ਕਿਹਾ ਕਿ ਉਕਤ ਸ਼ੈਲਰ ਨੂੰ ਇਹ ਝੋਨਾ ਡੀ.ਐਫ.ਐਸ.ਓ. ਕਮਲਦੀਪ ਸਿੰਘ ਗਿੱਲ, ਏ.ਐਫ.ਐਸ.ਓ ਹਰਪ੍ਰੀਤ ਸਿੰਘ ਅਤੇ ਫੂਡ ਸਪਲਾਈਜ਼ ਮਹਿਕਮੇ ਦੇ ਇੰਸਪੈਕਟਰ ਗੁਰਿੰਦਰ ਸਿੰਘ ਰਾਣਾ ਦੀਆਂ ਸਿਫ਼ਾਰਸ਼ਾਂ ‘ਤੇ ਅਲਾਟ ਕੀਤਾ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਮਨਜੀਤ ਸਿੰਘ ਨੇ ਬਿਓਰੋ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਡੀ.ਐਫ.ਐਸ.ਓ. ਕਮਲਦੀਪ ਸਿੰਘ ਗਿੱਲ, ਏ.ਐਫ.ਐਸ.ਓ. ਹਰਪ੍ਰੀਤ ਸਿੰਘ ਅਤੇ ਇੰਸਪੈਕਟਰ ਖੁਰਾਕ ਤੇ ਸਿਵਲ ਸਪਲਾਈ ਗੁਰਿੰਦਰ ਸਿੰਘ ਰਾਣਾ ਨੂੰ ਤੱਥਾਂ ਦੀ ਪੜਤਾਲ ਲਈ ਵਿਜੀਲੈਂਸ ਦੇ ਦਫ਼ਤਰ ਵਿਚ ਆਉਣ ਲਈ ਨਿਰਦੇਸ਼ ਦੇਣਗੇ। ਉਪਰੰਤ ਡੀ.ਐਫ.ਐਸ.ਓ. ਕਮਲਦੀਪ ਸਿੰਘ ਗਿੱਲ,ਏ.ਐਫ.ਐਸ.ਓ. ਹਰਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਰਾਣਾ ਇੰਸਪੈਕਟਰ ਖੁਰਾਕ ਤੇ ਸਿਵਲ ਸਪਲਾਈ ਵਲੋਂ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿਖੇ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਸਨ।
ਝੋਨੇ ਦੀ ਛੜਾਈ ਵਿਚ ਹੋਏ ਘੁਟਾਲੇ ਦਾ ਵੇਰਵਾ ਦਿੰਦਿਆਂ ਆਪਣੇ ਬਿਆਨਾਂ ਵਿੱਚ ਡੀ.ਐਫ.ਐਸ.ਓ. ਕਮਲਦੀਪ ਸਿੰਘ ਗਿੱਲ ਨੇ ਕਿਹਾ ਕਿ 8 ਅਕਤੂਬਰ, 2016 ਨੂੰ ਸਰਦਾਰ ਚੌਲ ਮਿੱਲ ਦੇ ਮਾਲਕ ਦਰਸ਼ਨ ਸਿੰਘ ਅਤੇ ਹੋਰਨਾਂ ਵੱਲੋਂ ਇਕ ਡੀਡ ਰਾਹੀਂ ਸ਼ੈਲਰ ਦੀ ਮਲਕੀਅਤ ਖੰਨਾ ਵਾਸੀ ਹਰਜੀਤ ਸਿੰਘ ਦੇ ਨਾਂ ‘ਤੇ ਤਬਦੀਲ ਕੀਤੀ ਗਈ ਅਤੇ ਉਪਰੋਕਤ ਪਨਸਪ ਦੇ ਉਚ ਅਫਸਰਾਂ ਵਲੋਂ ਹੀ ਸਿਫਾਰਸ਼ ਕੀਤੀ ਗਈ ਕਿ ਝੋਨੇ ਦੇ ਸੀਜ਼ਨ ਦੌਰਾਨ ਇਸ ਮਿੱਲ ਵਿਚ 2.0 ਮੀਟਰਕ ਟਨ ਝੋਨਾ ਅਲਾਟ ਕੀਤਾ ਜਾਵੇ ਜਦਕਿ ਇਸ ਦੀ ਮਿੱਲ ਦੀ ਸਮਰੱਥਾ ਸਿਰਫ 1.5 ਮੀਟਰਕ ਟਨ ਹੀ ਸੀ।
ਬੁਲਾਰੇ ਨੇ ਕਿਹਾ ਕਿ ਝੋਨੇ ਦੇ ਗਬਨ ਦੀ ਚੱਲ ਰਹੀ ਇਸ ਜਾਂਚ ਦੌਰਾਨ ਡੀ.ਐਫ.ਐਸ.ਓ. ਗਿੱਲ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਚਾਰ ਵਿਅਕਤੀਆਂ ਹਰਜੀਤ ਸਿੰਘ, ਹੈਪੀ ਸ਼ਰਮਾ, ਮਨਜੀਤ ਸਿੰਘ ਅਤੇ ਸੁਰਿੰਦਰਪਾਲ ਨੂੰ ਹੀ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਡੀ.ਐਫ.ਐਸ.ਓ. ਗਿੱਲ ਨੇ ਇਸ ਨੋਟ ਇਹ ਵੀ ਜ਼ਿਕਰ ਕੀਤਾ ਹੈ ਕਿ ਉਸ ਨੇ ਇਸ ਘੁਟਾਲੇ ਲਈ ਵਿਜੀਲੈਂਸ ਬਿਓਰੋ ਦੁਆਰਾ ਜਾਂਚ ਕਰਵਾਉਣ ‘ਤੇ ਬੁਰਾ ਮਹਿਸੂਸ ਕੀਤਾ ਹੈ ਪਰ ਉਸ ਨੇ ਡੀ.ਐਫ.ਐਸ.ਸੀ ਮਨਜੀਤ ਸਿੰਘ ਦੇ ਸੁਝਾਅ ‘ਤੇ ਕੀਤੀ ਗਲਤੀ ਲਈ ਉਕਤ ਚਾਰੇ ਵਿਅਕਤੀਆਂ ਨੂੰ ਵੀ ਜਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਗਿੱਲ ਨੇ ਆਪਣੇ ਸਾਥੀਆਂ ਦੇ ਨਾਲ ਬਿਓਰੋ ਨੂੰ ਆਪਣੇ ਰਿਕਾਰਡ ਕਰਵਾਏ ਬਿਆਨ ਵਿੱਚ ਡੀ.ਐਫ.ਐਸ.ਸੀ. ਅਤੇ ਸ਼ੈਲਰ ਮਾਲਕ ਹਰਜੀਤ ਸਿੰਘ ਦੇ ਦਬਾਅ ਦਾ ਵੀ ਜ਼ਿਕਰ ਕੀਤਾ ਹੈ ਅਤੇ ਕਿਹਾ ਹੈ ਕਿ ਡੀ.ਐਫ.ਐਸ.ਸੀ. ਵਲੋਂ ਚੰਡੀਗੜ੍ਹ ਡਾਇਰੈਕਟੋਰੇਟ ਨੂੰ ਝੋਨੇ ਦੀ ਅਲਾਟਮੈਂਟ ਲਈ ਗਲਤ ਤਰੀਕੇ ਨਾਲ ਸਿਫਾਰਸ਼ ਕੀਤੀ ਸੀ।
ਬੁਲਾਰੇ ਨੇ ਵਿਜੀਲੈਂਸ ਵੱਲੋਂ ਡੀ.ਐਫ.ਐਸ.ਓ. ਗਿੱਲ ਦੇ ਵਿਛੋੜੇ ਵਿੱਚ ਸ਼ੋਕਗ੍ਰਸਤ ਪਰਿਵਾਰ ਨਾਲ ਇਸ ਨਾ ਪੂਰੇ ਜਾਣ ਵਾਲੇ ਘਾਟੇ ਲਈ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਿਓਰੋ ਵੱਲੋਂ ਇਸ ਘਪਲੇ ਦੀ ਮੁਕੰਮਲ ਜਾਂਚ ਪੂਰੀ ਤਰਾਂ ਨਿਰਪੱਖ ਅਤੇ ਅਜ਼ਾਦਾਨਾ ਤੌਰ ‘ਤੇ ਕੀਤੀ ਜਾਵੇਗੀ।