ਲੋਕ ਸਭਾ ਚੋਣਾਂ 2024- ਨਾਗਾਲੈਂਡ ਦੇ 6 ਜ਼ਿਲ੍ਹਿਆਂ ਵਿੱਚ 4 ਲੱਖ ਵੋਟਰਾਂ ਵਿੱਚੋਂ ਇੱਕ ਨੇ ਵੀ ਨਹੀਂ ਪਾਈ ਵੋਟ
ਚੰਡੀਗੜ੍ਹ, 20ਅਪ੍ਰੈਲ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ ਵੋਟਿੰਗ 19 ਅਪ੍ਰੈਲ ਨੂੰ ਮੁਕੰਮਲ ਹੋਈ, ਜਿਸ ਵਿੱਚ ਦੇਸ਼ ਦੇ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋਈ। ਪਰ ਇਸ ਵੋਟਿੰਗ ਤੋਂ ਬਾਅਦ ਨਾਗਾਲੈਂਡ ਕਾਫੀ ਚਰਚਾ ਵਿੱਚ ਹੈ ਕਿਉਂਕਿ ਨਾਗਾਲੈਂਡ ਦੇ 6 ਜ਼ਿਲਿਆਂ ‘ਚ ਲੋਕਾਂ ਨੇ ਵੋਟਿੰਗ ਦਾ ਬਾਈਕਾਟ ਕੀਤਾ ਹੈ। ਈਸਟਰਨ ਨਾਗਾਲੈਂਡ ਪੀਪਲਜ਼ ਆਰਗੇਨਾਈਜੇਸ਼ਨ (ਈਐਨਪੀਓ) ਨੇ ਇਨ੍ਹਾਂ 6 ਜ਼ਿਲ੍ਹਿਆਂ ਦੇ ਲੋਕਾਂ ਨੂੰ ਚੋਣਾਂ ਦਾ ਬਾਈਕਾਟ ਕਰਨ ਲਈ ਕਿਹਾ ਸੀ। ਨਾਗਾਲੈਂਡ ਦੇ ਵਧੀਕ ਮੁੱਖ ਚੋਣ ਅਧਿਕਾਰੀ ਏਵਾ ਲੋਰਿੰਗ ਨੇ ਦੱਸਿਆ ਕਿ ਇਨ੍ਹਾਂ 6 ਜ਼ਿਲ੍ਹਿਆਂ ਦੇ 638 ਪੋਲਿੰਗ ਸਟੇਸ਼ਨਾਂ ‘ਤੇ ਚੋਣ ਅਧਿਕਾਰੀ ਤਾਇਨਾਤ ਕੀਤੇ ਗਏ। ਇਨ੍ਹਾਂ 6 ਜ਼ਿਲ੍ਹਿਆਂ ਵਿੱਚ 4 ਲੱਖ ਤੋਂ ਵੱਧ ਵੋਟਰ ਹਨ। ਇਨ੍ਹਾਂ ਵੋਟਰਾਂ ਨੇ ENPO ਨੂੰ ਆਪਣਾ ਸਮਰਥਨ ਦਿਖਾਇਆ ਅਤੇ ਚੋਣਾਂ ਦਾ ਬਾਈਕਾਟ ਕੀਤਾ। ਲੋਕ ਸਭਾ ਚੋਣਾਂ 2024 ਲਈ ਪੋਲਿੰਗ ਕਰਮਚਾਰੀਆਂ ਨੇ ਨਾਗਾਲੈਂਡ ਦੇ ਛੇ ਪੂਰਬੀ ਜ਼ਿਲ੍ਹਿਆਂ ਦੇ ਬੂਥਾਂ ‘ਤੇ 9 ਘੰਟੇ ਉਡੀਕ ਕੀਤੀ, ਪਰ ਕੋਈ ਵੀ ਵਿਅਕਤੀ ਵੋਟ ਪਾਉਣ ਨਹੀਂ ਆਇਆ ।