ਪੜ੍ਹੋ ਕਿਹੜੇ ਆਗੂ ਨੇ ਕਿਸ ਸੀਟ ਤੋਂ ਠੋਕਿਆ ਦਾਅਵਾ ਅਤੇ ਕਿਸਦੀ ਕੱਟੀ ਜਾਣੀ ਹੈ ਟਿਕਟ
ਚੰਡੀਗੜ੍ਹ, 13 ਅਪ੍ਰੈਲ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਹੈ। ਮੀਡੀਆ ਵਿੱਚ ਚੱਲ ਰਹੀਆਂ ਖਬਰਾਂ ਮੁਤਾਬਕ ਕਾਂਗਰਸ ਅੱਜ ਸ਼ਾਮ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 7 ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਪਟਿਆਲਾ ਤੋਂ ਐਮਪੀ ਪਰਨੀਤ ਕੌਰ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਆਮ ਆਦਮੀ ਦੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ ਤੋਂ ਟਿਕਟ ਮਿਲਣੀ ਲਗਭਗ ਤੈਅ ਹੈ। ਇਸ ਤਰ੍ਹਾਂ ਹੀ ਲੁਧਿਆਣਾ ਸੀਟ ‘ਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਪਰ ਕਾਂਗਰਸ ਪਹਿਲਾਂ ਇੱਥੋਂ ‘ਆਪ’ ਉਮੀਦਵਾਰ ਦੇ ਨਾਂ ਦਾ ਐਲਾਨ ਹੋਣ ਦਾ ਇੰਤਜ਼ਾਰ ਕਰਨਾ ਚਾਹੁੰਦੀ ਹੈ।
ਪਟਿਆਲਾ ਅਤੇ ਲੁਧਿਆਣਾ ਦੇ ਸੰਸਦ ਮੈਂਬਰਾਂ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਦੇ ਇਸ ਸਮੇਂ ਪੰਜਾਬ ਵਿੱਚ 5 ਵਿਧਾਇਕ ਹਨ। ਇਨ੍ਹਾਂ ਵਿੱਚੋਂ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ, ਖਡੂਰ ਸਾਹਿਬ ਤੋਂ ਜਸਬੀਰ ਡਿੰਪਾ, ਫਰੀਦਕੋਟ ਤੋਂ ਮੁਹੰਮਦ ਸਦੀਕ, ਫਤਹਿਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਅਤੇ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਇਹਨਾਂ ਪੰਜਾਂ ਵਿੱਚੋਂ ਕਿਸੇ ਇੱਕ ਦੀ ਟਿਕਟ ਕੱਟੀ ਜਾਣੀ ਹੈ ਅਤੇ 1 ਨੂੰ ਸ਼ਿਫਟ ਕੀਤਾ ਜਾ ਰਿਹਾ ਹੈ। 3 ਟਿਕਟਾਂ ‘ਤੇ ਸਹਿਮਤੀ ਬਣ ਗਈ ਹੈ। ਜਦਕਿ ਕਿਸੇ ਦੀ ਟਿਕਟ ਕੈਂਸਲ ਹੋਣੀ ਤੈਅ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਿਛਲੇ ਕੁਝ ਸਮੇਂ ਤੋਂ ਜਲੰਧਰ ਸੀਟ ‘ਤੇ ਸਰਗਰਮ ਹਨ। ਉਹ ਉੱਥੇ ਲਗਾਤਾਰ ਧਾਰਮਿਕ ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰ ਰਹੇ ਹਨ। ਇਸ ਵਿਚਾਲੇ ਉਹਨਾਂ ਨੂੰ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪਿਆ ਹੈ। ਉਹਨਾਂ ਦਾ ਇਸ ਸੀਟ ਤੋਂ ਚੋਣ ਲੜਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।