ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਦੇ ਕੁੱਲ 695 ਉਮੀਦਵਾਰਾਂ ਵਿੱਚੋਂ ਸਿਰਫ਼ 82 ਔਰਤਾਂ
ਚੰਡੀਗੜ੍ਹ, 13ਮਈ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਵਿੱਚ 12 ਫੀਸਦੀ ਤੋਂ ਵੀ ਘੱਟ ਮਹਿਲਾ ਉਮੀਦਵਾਰ ਹਨ। ਇਹ ਜਾਣਕਾਰੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਜਾਂ ਏਡੀਆਰ ਨੇ ਵਿਸ਼ਲੇਸ਼ਣ ਦੇ ਆਧਾਰ ‘ਤੇ ਦਿੱਤੀ ਹੈ। ਏਡੀਆਰ ਨੇ ਕਿਹਾ ਕਿ 20 ਮਈ ਨੂੰ ਪੰਜਵੇਂ ਪੜਾਅ ਦੀ ਵੋਟਿੰਗ ਲਈ ਮੈਦਾਨ ਵਿੱਚ ਕੁੱਲ 695 ਉਮੀਦਵਾਰਾਂ ਵਿੱਚੋਂ ਸਿਰਫ਼ 82 ਔਰਤਾਂ ਹਨ।
695 ਉਮੀਦਵਾਰਾਂ ਵਿੱਚੋਂ ਲਗਭਗ 18 ਫੀਸਦੀ (122 ਉਮੀਦਵਾਰਾਂ) ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਪੈਂਡਿੰਗ ਹਨ। ਇਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਔਰਤਾਂ ਖ਼ਿਲਾਫ਼ ਅਪਰਾਧ ਅਤੇ ਨਫ਼ਰਤ ਭਰੇ ਭਾਸ਼ਣ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਏਡੀਆਰ ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ ਪੰਜਵੇਂ ਪੜਾਅ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਦਾਇਰ ਕੀਤੇ ਗਏ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ।
ਭਾਜਪਾ ਦੇ 40 ਉਮੀਦਵਾਰਾਂ ਵਿੱਚੋਂ 12, ਕਾਂਗਰਸ ਦੇ 18 ਵਿੱਚੋਂ ਸੱਤ, ਏਆਈਐਮਆਈਐਮ ਦੇ ਚਾਰ ਵਿੱਚੋਂ ਦੋ, ਸਪਾ ਦੇ 10 ਵਿੱਚੋਂ ਚਾਰ, ਤ੍ਰਿਣਮੂਲ ਦੇ ਸੱਤ ਵਿੱਚੋਂ ਦੋ ਨੇ ਆਪਣੇ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਦਰਜ ਕੀਤੇ ਹਨ। 33 ਫੀਸਦੀ ਉਮੀਦਵਾਰ ਕਰੋੜਪਤੀ ਹਨ। ਪ੍ਰਤੀ ਉਮੀਦਵਾਰ ਦੀ ਔਸਤ ਜਾਇਦਾਦ 3.56 ਕਰੋੜ ਰੁਪਏ ਹੈ। ਪੰਜਵੇਂ ਪੜਾਅ ਦੇ ਸਿਰਫ਼ 50 ਪ੍ਰਤੀਸ਼ਤ ਉਮੀਦਵਾਰਾਂ ਕੋਲ ਗ੍ਰੈਜੂਏਸ਼ਨ ਜਾਂ ਇਸ ਤੋਂ ਵੱਧ ਦੀ ਯੋਗਤਾ ਹੈ। ਪੰਜ ਉਮੀਦਵਾਰ ਅਨਪੜ੍ਹ ਹਨ।