ਲੋਕ ਕਲਾਵਾਂ ਅਤੇ ਲੋਕ ਨਾਚਾਂ ਬਾਰੇ ਵਿਚਾਰ ਗੋਸ਼ਟੀ
ਚੰਡੀਗੜ੍ਹ, 30 ਅਪ੍ਰੈਲ(ਵਿਸ਼ਵ ਵਾਰਤਾ)- ਲੋਕਧਾਰਾ ਭਾਈਚਾਰਾ ਸੰਗਠਨ ਪੰਜਾਬ ਅਤੇ ਡਾਰ ਸੰਸਥਾ ਮੋਹਾਲੀ ਵੱਲੋਂ ਬੀਤੇ ਦਿਨੀਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਲੋਕ ਕਲਾਵਾਂ ਅਤੇ ਲੋਕ ਨਾਚਾਂ ਬਾਰੇ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਲੋਕ ਨਾਚ ਗਿੱਧਾ ਦੇ ਮੁੱਢ ਤੋਂ ਮੌਜੂਦਾ ਸਮੇਂ ਵਿੱਚ ਪਹੁੰਚਣ ਤੱਕ ਆਏ ਨਿਗਾਰ, ਉਸਾਰ ਅਤੇ ਬਦਲਾਅ ਬਾਰੇ ਵਿਚਾਰ ਚਰਚਾ ਹੋਈ।
ਸੰਗਠਨ ਦੇ ਪ੍ਰਧਾਨ ਸ. ਦਵਿੰਦਰ ਸਿੰਘ ਜੁਗਨੀ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਸੰਗਠਨ ਦੀ ਕਾਰਗੁਜ਼ਾਰੀ ਉੱਤੇ ਚਾਨਣਾ ਪਾਇਆ। ਲੋਕ ਕਲਾਵਾਂ ਅਤੇ ਲੋਕ ਨਾਚਾਂ ਦੇ ਸਾਂਭ ਸੰਭਾਲ ਤੇ ਪ੍ਰਗਤੀ ਲਈ ਯਤਨਸ਼ੀਲ ਕਈ ਹਸਤੀਆਂ ਨੇ ਸ਼ਮੂਲੀਅਤ ਕੀਤੀ ਅਤੇ ਮੁੱਖ ਬੁਲਾਰੇ ਵਜੋਂ ਸ਼੍ਰੀਮਤੀ ਹਰਭਜਨ ਕੌਰ ਢਿੱਲੋਂ, ਡਾ. ਜਸਵੀਰ ਕੌਰ ਬੈਂਸ, ਸ. ਜ਼ੋਰਾਵਰ ਸਿੰਘ, ਡਾ.ਗੁਰਦੀਪ ਕੌਰ ਅਤੇ ਸ. ਪਾਲ ਸਿੰਘ ਸਮਾਓ ਨੇ ਆਪਣੇ ਅਣਮੁੱਲੇ ਵਿਚਾਰ ਅਤੇ ਤਜ਼ਰਬੇ ਸਾਂਝੇ ਕੀਤੇ।
ਡਾਰ ਸੰਸਥਾ ਦੇ ਚੇਅਰਮੈਨ ਪਰਵੇਸ਼ ਕੁਮਾਰ ਨੇ ਸਫਲਤਾਪੂਰਵਕ ਮੰਚ ਸੰਚਾਲਨ ਕੀਤਾ ਅਤੇ ਸਮੂਹ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀ ਵਿਚਾਰ ਗੋਸ਼ਟੀਆਂ ਨੌਜਵਾਨ ਪੀੜ੍ਹੀ ਦਾ ਰਾਹ ਰੁਸ਼ਨਾਉਂਦੀਆਂ ਰਹਿਣਗੀਆਂ। ਡਾਰ ਸੰਸਥਾ ਦੇ ਮੈਂਬਰਾਂ ਵਲੋਂ ਸੰਗੀਤਕ ਰੰਗ ਵੀ ਬੰਨ੍ਹਿਆ ਗਿਆ।
ਇਸ ਮੌਕੇ ਪ੍ਰੀਤਮ ਸਿੰਘ ਰੁਪਾਲ, ਆਤਮਜੀਤ ਸਿੰਘ, ਬਲਕਾਰ ਸਿੱਧੂ, ਸਵਰਨਜੀਤ ਸਿੰਘ ਚੰਨੀ, ਹਰਜੀਤ ਮਸੂਤਾ, ਬਰਖਾ ਬਾਲੀ, ਅਜੀਤ ਸਿੰਘ, ਲਖਵੀਰ ਲੱਖੀ, ਸੁਖਬੀਰਪਾਲ ਕੌਰ, ਜਤਿੰਦਰ ਸੈਣੀ, ਸੁਖਦੇਵ ਸੁੱਖਾ, ਸੁਖਵਿੰਦਰ ਸੁੱਖੀ, ਸੁਰਮੁੱਖ ਸਿੰਘ, ਪੁਸ਼ਪਾ ਜੀ, ਗੁਰਮੀਤ ਕੁਲਾਰ, ਨਰੇਸ਼ ਕੁਮਾਰ ਉਚੇਚੇ ਤੌਰ ਤੇ ਪਹੁੰਚੇ।
———