ਰੁਜ਼ਗਾਰ ਮੇਲੇ ਦੌਰਾਨ 3000 ਸਰਕਾਰੀ ਨੌਕਰੀਆਂ ਸਮੇਤ 27, 000 ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

886
Advertisement

ਮੋਹਾਲੀ, 5 ਸਤੰਬਰ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰੀ ਦੀ ‘ਘਰ-ਘਰ ਰੁਜ਼ਗਾਰ’ ਸਕੀਮ ਨੂੰ ਅੱਜ ਅਮਲੀਜਾਮਾ ਪਹਿਨਾਉਂਦਿਆਂ ਵਿਸ਼ਾਲ ਰੁਜ਼ਗਾਰ ਮੇਲੇ ਦੌਰਾਨ 25 ਨੌਜਵਾਨਾਂ ਨੂੰ ਨਿੱਜੀ ਤੌਰ ’ਤੇ ਨਿਯੁਕਤੀ ਪੱਤਰ ਸੌਂਪੇ ਜਦਕਿ ਇਸ ਸਮਾਰੋਹ ਦੌਰਾਨ 3000 ਸਰਕਾਰੀ ਨੌਕਰੀਆਂ ਸਮੇਤ ਕੁੱਲ 27,000 ਨਿਯੁਕਤੀ ਪੱਤਰ ਦਿੱਤੇ ਗਏ।  ਇਸ ਮੌਕੇ ਮੁੱਖ ਮੰਤਰੀ ਨੇ 2.8 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ 34 ਸਹਿਮਤੀ ਪੱਤਰਾਂ ’ਤੇ ਸਹੀ ਪਾਉਣ ਤੋਂ ਇਲਾਵਾ ਸੂਬੇ ਵਿੱਚ ਸਰਕਾਰੀ ਵਿਭਾਗਾਂ ਤੇ ਅਦਾਰਿਆਂ ਵਿੱਚ ਵੱਖ-ਵੱਖ ਸ਼੍ਰੇਣੀਆਂ ਦੀਆਂ ਹੋਰ 50 ਹਜ਼ਾਰ ਨੌਜਵਾਨਾਂ ਦੀ ਭਰਤੀ ਤੁਰੰਤ ਕਰਨ ਦਾ ਐਲਾਨ ਵੀ ਕੀਤਾ।‘ਘਰ-ਘਰ ਰੁਜ਼ਗਾਰ’ ਸਕੀਮ ਤਹਿਤ ਅੱਜ ਇੱਥੇ ਨਿਯੁਕਤੀ ਪੱਤਰ ਵੰਡਣ ਲਈ ਕਰਵਾਏ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਨਿਯੁਕਤੀ ਪੱਤਰ ਵਿੱਚ ਦਿੱਤਾ ਗਿਆ ਸਾਲਾਨਾ ਤਨਖਾਹ ਪੈਕੇਜ 1.25 ਲੱਖ ਰੁਪਏ ਤੋਂ ਲੈ ਕੇ 21 ਲੱਖ ਰੁਪਏ ਹੈ। ਉਨਾਂ ਨੇ ਆਪਣਾ ਫੌਜ ਦਾ ਕਰੀਅਰ 350 ਰੁਪਏ ਦੀ ਮਾਮੂਲੀ ਰਾਸ਼ੀ ’ਤੇ ਸ਼ੁਰੂ ਕਰਨ ਦੇ ਪਲਾਂ ਨੂੰ ਚੇਤੇ ਕੀਤਾ ਜੋ ਸਮੇਂ ਦੇ ਬੀਤਣ ਨਾਲ ਵਧਦਾ ਗਿਆ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਉਹ ਸਖ਼ਤ ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਆਪਣੇ ਕਰੀਅਰ ਵਿੱਚ ਬਹੁਤ ਉੱਚੀਆਂ ਮੰਜ਼ਲਾਂ ਛੂਹ ਸਕਦੇ ਹਨ। ਉਨਾਂ ਨੇ ਨੌਜਵਾਨਾਂ ਦੇ ਸਫਲ ਭਵਿੱਖ ਲਈ ਕਾਮਨਾ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਸਾਡੇ ਨੌਜਵਾਨਾਂ ਪੰਜਾਬ ਦਾ ਮਾਣ ਹੋਰ ਵਧਾਉਣਗੇ  ਮੁੱਖ ਮੰਤਰੀ ਨੇ ਵਿਸ਼ਾਲ ਰੁਜ਼ਗਾਰ ਮੇਲੇ ਦੀ ਲੜੀ ਵਜੋਂ ਜ਼ਿਲਾ ਪੱਧਰ ’ਤੇ 21 ਰੁਜ਼ਗਾਰ ਮੇਲੇ ਲਾਉਣ ਲਈ ਪ੍ਰਾਈਵੇਟ ਸੰਸਥਾਵਾਂ ਅਤੇ ਸਰਕਾਰੀ ਵਿਭਾਗਾਂ ਦੀ ਸ਼ਲਾਘਾ ਕਰਦਿਆਂ ਅਗਲਾ ਰੁਜ਼ਗਾਰ ਮੇਲਾ ਫਰਵਰੀ, 2018 ਵਿੱਚ ਲਾਉਣ ਦਾ ਐਲਾਨ ਕੀਤਾ  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਔਖੇ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਸੂਬੇ ਨੂੰ ਵੱਖ-ਵੱਖ ਜੰਗਾਂ ਦਾ ਸੇਕ ਝੱਲਣਾ ਪਿਆ ਅਤੇ ਕੌਮਾਂਤਰੀ ਸਰਹੱਦ ਨਾਲ ਲਗਦਾ ਹੋਣ ਕਾਰਨ ਲਗਾਤਾਰ ਕਈ ਤਰਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਇਨਾਂ ਸਮੱਸਿਆਵਾਂ ਦੇ ਬਾਵਜੂਦ ਉਨਾਂ ਦੀ ਸਰਕਾਰ ਸੂਬੇ ਵਿੱਚ ਸੁਖਾਵਾਂ ਮਾਹੌਲ ਕਾਇਮ ਕਰਨ ’ਤੇ ਪਹਿਰਾ ਦੇ ਰਹੀ ਹੈ ਜੋ ਨਿਵੇਸ਼ ਨੂੰ ਹੁਲਾਰਾ ਦੇਣ ਵਿੱਚ ਸਹਾਈ ਹੋਵੇਗਾ ਅਤੇ ਇਸ ਨਾਲ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣਗੇ। ਸੂਬੇ ਵਿੱਚ ‘ਘਰ-ਘਰ ਰੋਜ਼ਗਾਰ’ ਅਤੇ ‘ਕਾਰੋਬਾਰ’ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਪਹਿਲਾਂ ਹੀ 34 ਸਹਿਮਤੀ ਪੱਤਰਾਂ ’ਤੇ ਸਹੀ ਪਾ ਦਿੱਤੀ ਹੈ ਜਿਸ ਦੇ ਨਾਲ 2.8 ਲੱਖ ਨੌਕਰੀਆਂ ਪੈਦਾ ਹੋਣਗੀਆਂ ਅਤੇ ਸਨਅਤ ਪਖੀ ਪਹਿਲਕਦਮੀ ਨੂੰ ਲਾਗੂ ਕਰਨ ਦੇ ਨਾਲ ਹੋਰ ਅਨੇਕਾਂ ਨੌਕਰੀਆਂ ਪੈਦਾ ਹੋਣਗੀਆਂ। ਇਸ ਸਹਿਮਤੀ ਪੱਤਰ ’ਤੇ ਪੰਜਾਬ ਦੇ ਸਨਅਤੀ ਅਤੇ ਕਾਮਰਸ ਵਿਭਾਗ ਵੱਲੋਂ ਵੱਖ-ਵੱਖ ਉਦਯੋਗਾਂ ਅਤੇ ਉਦਯੋਗਿਕ ਸੰਸਥਾਵਾਂ ਦਾ ਹਸਤਾਖ਼ਰ ਕੀਤੇ ਗਏ ਹਨ ਜਿਨਾਂ ਵਿੱਚ ਸੀ.ਆਈ.ਆਈ, ਮੋਹਾਲੀ ਇੰਡਸਟਰੀ ਐਸੋਸ਼ੀਏਸ਼ਨ, ਐਸੋਚੈਮ, ਪੀ.ਐਚ.ਡੀ ਚੈਂਬਰ ਆਫ ਕਮਰਸ ਆਦਿ ਸ਼ਾਮਲ ਹਨ। ਰੁਜ਼ਗਾਰ ਪੈਦਾ ਕਰਨ ਅਤੇ ਸਿਖਲਾਈ ਵਿਭਾਗ ਨੇ ਅੋਲਾ ਅਤੇ ਉਬਰ ਨਾਲ ਸਮਝੌਤੇ ਕੀਤੇ ਹਨ। ਇਸੇ ਦੌਰਾਨ ਹੀ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਤੁਰੰਤ ਭਰਤੀ ਦੇ ਵਾਸਤੇ 50,000 ਨੌਕਰੀਆਂ ਦੀ ਸ਼ਨਾਖਤ ਕੀਤੀ ਹੈ ਜੋ ਕਿ ਸੂਬੇ ਦੇ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਵੱਡੀ ਪਧਰ ’ਤੇ ਭਰਤੀ ਦੀ ਸ਼ੁਰੂਆਤ ਹੋਵੇਗੀ। ਉਨਾਂ ਨੇ ‘ਘਰ-ਘਰ ਰੋਜ਼ਗਾਰ’ ਅਤੇ ‘ਕਾਰੋਬਾਰ’ ਨੂੰ ਲਾਗੂ ਕਰਨ ਦੀ ਰੂਪ ਰੇਖਾ ਤੋਂ ਪਰਦਾ ਉਠਾਇਆ ਜੋ ਕਿ ਹੁਨਰ, ਰੁਜ਼ਗਾਰ ਅਤੇ ਉਦਯੋਗ ਨਾਲ ਸਬੰਧਤ ਹੈ।  ਮੁੱਖ ਮੰਤਰੀ ਨੇ ਉਨਾਂ ਦੀ ਸਰਕਾਰ ਵੱਲੋਂ ਪ੍ਰਦਾਨ ਕੀਤੇ ਜਾ ਰਹੇ ਮੌਕਿਆਂ ਨੂੰ ਭਨਾਉਣ ਵਾਸਤੇ ਰੁਜ਼ਗਾਰ ਦਾਤਿਆਂ ਨੂੰ ਸੱਦਾ ਦਿੱਤਾ ਅਤੇ ਉਨਾਂ ਨੂੰ ਸੂਬੇ ਦੇ ਸੰਗਠਿਤ ਵਿਕਾਸ ਦੇ ਹਿੱਤਾਂ ਲਈ ਪੰਜਾਬ ਦੇ ਮਾਨਵੀ ਵਸੀਲਿਆਂ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ।    ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਤੇ ਰੁਜ਼ਗਾਰ ਉਤਪਾਦਨ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਉਚੇਰੀ ਸਿੱਖਿਆ ਮੰਤਰੀ ਅਰੁਨਾ ਚੌਧਰੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਜੀ.ਪੀ. ਤੇ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ। ਉਦਯੋਗ ਨਾਲ ਸਬੰਧਤ ਵੱਡੀ ਗਿਣਤੀ ਪ੍ਰਮੁੱਖ ਹਸਤੀਆਂ, ਯੂਨੀਵਰਸਟੀਆਂ ਤੇ ਹੁਨਰ ਸਿਖਲਾਈ ਏਜੰਸੀਆਂ ਨਾਲ ਸਬੰਧਤ ਨੁਮਾਇੰਦੇ ਹਾਜ਼ਰ ਸਨ .ਚਰਨਜੀਤ ਸਿੰਘ ਚੰਨੀ ਨੇ ਆਪਣੇ ਸ਼ੁਰੂਆਤੀ ਭਾਸ਼ਨ ਦੌਰਾਨ ਮੁੱਖ ਮੰਤਰੀ ਵੱਲੋਂ ਸਭਨਾਂ ਲਈ ਰੁਜ਼ਗਾਰ ਦਾ ਵਾਅਦਾ ਪੂਰਾ ਕਰਨ ਲਈ ਵੱਖ-ਵੱਖ ਸਿੱਖਿਆ ਸੰਸਥਾਵਾਂ ਅਤੇ ਕੰਪਨੀਆਂ ਨੂੰ ਇਕ ਮੰਚ ’ਤੇ ਲਿਆਉਣ ਦੀ ਸ਼ਲਾਘਾ ਕੀਤੀ। ਇਸ ਉੱਚ ਦਰਜੇ ਦੀ ਪਹਿਲਕਦਮੀ ਵਾਸਤੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਸ੍ਰੀ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਹਰੇਕ ਨੌਜਵਾਨ ਦਾ ਮੁਹਾਂਦਰਾ ਬਦਲਣ ਲਈ ਉਸ ਨੂੰ ਆਪਣੇ ਪੈਰਾਂ ’ਤੇ ਖੜਾ ਕਰਨ ਵਾਸਤੇ ਦਿ੍ਰੜ ਹਨ। ਉਨਾਂ ਨੇ ਸੂਬੇ ਨੌਜਵਾਨਾਂ ਦੀ ਭਲਾਈ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀਆਂ ਨਾਕਾਮੀਆਂ ਦੀ ਤਿੱਖੀ ਆਲੋਚਨਾ ਕੀਤੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸੰਖੇਪ ਭਾਸ਼ਨ ਵਿੱਚ ਸੂਬੇ ’ਚ ਹਰ ਸਾਲ ਪੰਜ ਲੱਖ ਨੌਕਰੀਆਂ ਮੁਹੱਈਆ ਕਰਾਉਣ ਦੇ ਕਾਂਗਰਸ ਦੇ ਚੋਣ ਵਾਅਦੇ ਨੂੰ ਅਮਲ ਵਿੱਚ ਲਿਆਉਣ ਲਈ ਇਸ ਸਮਾਰੋਹ ਨੂੰ ਬਹੁਤ ਮਹੱਤਵਪੂਰਨ ਦੱਸਿਆ। ਉਨਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਉਨਾ ਚਿਰ ਕੋਈ ਮਤਲਬ ਨਹੀਂ ਹੋਵੇਗਾ ਜਿਨਾਂ ਚਿਰ ਨੌਜਵਾਨਾਂ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਆਪਣੇ ਬਰਾਬਰ ਦੇ ਨੌਜਵਾਨਾਂ ਦੇ ਮੁਕਾਬਲੇ ਵਿੱਚ ਨਹੀਂ ਲਿਆਂਦਾ ਜਾਂਦਾ। ਉਨਾਂ ਕਿਹਾ ਕਿ ਇਹ ਸਿਰਫ ਮਿਆਰੀ ਸਿੱਖਿਆ ਰਾਹੀਂ ਹੀ ਸੰਭਵ ਹੈ। ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਦਾ ਸਨਮਾਨ ਕਰਨ ਲਈ ਸਰਾਹਨਾ ਕੀਤੀ ਅਤੇ ਭਰੋਸਾ ਦਵਾਇਆ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਆਪਣੀ ਸ਼ਾਨਦਾਰ ਵਿਰਾਸਤ ਨੂੰ ਮੁੜ ਬਹਾਲ ਕਰ ਲਵੇਗਾ। ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਦਯੋਗ ਲਈ ਢੁਕਵਾਂ ਮਾਹੌਲ ਬਣਾ ਕੇ ਸੂਬੇ ਦੇ ਮਾਹੌਲ ਨੂੰ ਪੂਰੀ ਤਰਾਂ ਬਦਲ ਦਿੱਤਾ ਹੈ ਅਤੇ ਇਹ ਕੋਸ਼ਿਸ਼ਾਂ ਹੇਠਲੇ ਪੱਧਰ ’ਤੇ ਅਸਰਦਾਇਕ ਨਤੀਜੇ ਕੱਢ ਰਹੀਆਂ ਹਨ। ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਨੇ ਆਪਣੇ ਭਾਸ਼ਨ ਵਿੱਚ ਨੌਕਰੀਆਂ ਪੈਦਾ ਕਰਨ ਲਈ ਸ਼ੁਰੂ ਕੀਤੀਆਂ ਪਹਿਲਕਦਮੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। ਉਨਾਂ ਨੇ ਸੂਬੇ ਵਿੱਚ ਉਦਯੋਗ ਅਤੇ ਹੁਨਰ ਵਿਕਾਸ ਨੂੰ ਹੁਲਾਰਾ ਦੇਣ ਲਈ ਬਣਾਏ ਢੁਕਵੇਂ ਮਾਹੌਲ ਬਾਰੇ ਵੀ ਦੱਸਿਆ। ਸਰਕਾਰ ਨੇ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਉਦਯੋਗਿਕ ਵਿਭਾਗ ਹੇਠ ਲਿਆਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਦਯੋਗ ਦੀਆਂ ਸਮੱਸਿਆਵਾਂ ਨੂੰ ਪ੍ਰਭਾਵੀ ਢੰਗ ਨਾਲ ਹੱਲ ਕੀਤਾ ਜਾ ਸਕੇ। ਇਸੇ ਦੌਰਾਨ ਹੀ ਵਾਤਾਵਰਨ ਅਤੇ ਉਦਯੋਗਿਕ ਵਿਕਾਸ ਦੀਆਂ ਚਿੰਤਾਵਾਂ ਵਿਚਕਾਰ ਸੰਤੁਲਨ ਬਣਾਉਣ ਵੱਲ ਕੋਸ਼ਿਸ਼ ਕੀਤੀ ਗਈ ਹੈ। ਨੌਜਵਾਨਾਂ ਨੂੰ ਆਪਣੇ ਉੱਦਮ ਸ਼ੁਰੂ ਕਰਨ ਲਈ ਉਤਸ਼ਾਹਤ ਕਰਨ ਵਾਸਤੇ ਅਗਲੇ ਮਹੀਨੇ ਤੋਂ ‘ਸਟਾਰਟਅੱਪ ਪੰਜਾਬ ਮਿਸ਼ਨ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।   ‘ਬਿਜ਼ਨਸ ਫਸਟ-ਇਨਵੈਸਟ ਪੰਜਾਬ’ ਫਿਲਾਸਫੀ ਦੇ ਹਿੱਸੇ ਵਜੋਂ ਸੂਬਾ ਸਰਕਾਰ ਜਿਸ ਵਿੱਚ ਵਾਤਾਵਰਨ ਨਿਯੰਤਰਣ ਦਾ ਸੁਧਾਰਨੀਕਰਨ ਕੀਤਾ ਗਿਆ ਹੈ। ਨਿਵੇਸ਼ਕਾਂ ਨੂੰ ਪਹਿਲੇ ਦਿਨ ਹੀ ਸਵੈ-ਤਸਦੀਕ ਸਰਟੀਫਿਕੇਟ ਦੇਣ ਨਾਲ ਹੀ ਵਪਾਰ ਸ਼ੁਰੂ ਕਰਨ ਨੂੰ ਸੂਬਾ ਪੱਧਰੀ ਜ਼ਰੂਰੀ ਪ੍ਰਵਾਨਗੀਆਂ ਦਿੱਤੀਆਂ ਜਾਣਗੀਆਂ। ਇਸ ਨਾਲ ਨਾ ਕੇਵਲ ਨਿਵੇਸ਼ ਦੇ ਪ੍ਰਸਤਾਵਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਂਦੀ ਜਾ ਸਕੇਗੀ ਸਗੋਂ ਸੂਬੇ ਵਿੱਚ ਬਿਨਾ ਕਿਸੇ ਅੜਚਣ ਤੋਂ ਬਿਜ਼ਨਸ ਨੂੰ ਵੀ ਯਕੀਨੀ ਬਣਾਇਆ ਜਾ ਸਕੇਗਾ।   ਸੂਬੇ ਵਿੱਚ ਉਦਯੋਗ ਪੱਖੀ ਮਾਹੌਲ ਪੈਦਾ ਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਹੋਰਨਾਂ ਕਦਮਾਂ ਵਿੱਚ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਾਉਣ, ਟਰੱਕ ਯੂਨੀਅਨਾਂ ਖਤਮ ਕਰਨਾ ਸ਼ਾਮਲ ਹਨ। ਇਸ ਤੋਂ ਇਲਾਵਾ ਨਵੀਂ ਸਨਅਤੀ ਨੀਤੀ ਵੀ ਛੇਤੀ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।    ਜ਼ਿਲਾ ਪੱਧਰ ’ਤੇ ਰੋਜ਼ਗਾਰ ਅਤੇ ਉੱਦਮ ਬਿੳੂਰੋ ਛੇਤੀ ਹੀ ਸਥਾਪਤ ਕੀਤਾ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਲੱਭਣ ਅਤੇ ਆਪਣੀ ਉੱਦਮ ਸ਼ੁਰੂ ਕਰਨ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਸਰਕਾਰ ਵੱਲੋਂ ਮੋਹਾਲੀ, ਲੁਧਿਆਣਾ ਅਤੇ ਜਲੰਧਰ ਵਿਖੇ ਸੀ.ਆਈ.ਆਈ. ਦੀ ਭਾਈਵਾਲੀ ਨਾਲ ਮਾਡਲ ਕੈਰੀਅਰ ਸੈਂਟਰ ਸਥਾਪਤ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨੌਕਰੀਆਂ ਲਈ ਸਹੂਲਤ ਮੁਹੱਈਆ ਕਰਾਉਣ ਵਾਸਤੇ ਘਰ-ਘਰ ਰੋਜ਼ਗਾਰ ਪੋਰਟਲ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ। ਕਿੱਤਾ ਸਿਖਲਾਈ ਬਾਰੇ ਇਕ ਯੂਨੀਵਰਸਿਟੀ ਸਥਾਪਤ ਕੀਤੇ ਜਾਣ ਦੀ ਵੀ ਯੋਜਨਾ ਹੈ ਤਾਂ ਜੋ ਅਕਾਦਮਿਕ ਯੋਗਤਾ ਅਤੇ ਕਿੱਤਾ ਸਿੱਖਿਆ ਵਿਚਲੇ ਪਾੜੇ ਨੂੰ ਪੂਰਿਆ ਜਾ ਸਕੇ। ਤਕਨੀਕੀ ਅਤੇ ਰੋਜ਼ਗਾਰ ਪੈਦਾ ਕਰਨ ਵਿਭਾਗ ਵੱਲੋਂ ਸਾਲ ਵਿੱਚ ਦੋ ਵਾਰ ਨੌਕਰੀਆਂ ਮੁਹੱਈਆ ਕਰਾਉਣ ਲਈ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੋਰ ਬਲ ਬਖਸ਼ਿਆ ਜਾ ਸਕੇ। ਇਸ ਰੋਜ਼ਗਾਰ ਮੇਲੇ ਵਿੱਚ ਉਦਯੋਗਿਕ ਮਾਹਿਰਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਇੰਡੀਅਨ ਕੌਂਸਲ ਫਾਰ ਰਿਸਰਚ ਆਨ ਇੰਟਰ-ਨੈਸ਼ਨਲ ਇਕਨਾਮਿਕਸ ਦੇ ਚੇਅਰਮੈਨ ਈਸ਼ਰ ਜੱਜ ਆਹਲੂਵਾਲੀਆ, ਵਾਲਮਾਰਟ ਦੇ ਇੰਡੀਆ ਸੀ.ਈ.ਓ. ਿਸ਼ ਆਇਰ, ਵਰਧਮਾਨ ਟੈਕਸਟਾਇਲ ਲਿਮਟਿਡ ਦੇ ਚੇਅਰਮੈਨ ਪਾਲ ਓਸਵਾਲ, ਇੰਟਰਨੈਸ਼ਨਲ ਟਰੈਕਟਰ ਲਿਮਟਿਡ ਸੋਨਾਲਿਕਾ ਗਰੁੱਪ ਦੇ ਵਾਈਸ ਚੇਅਰਮੈਨ ਏ.ਐਸ. ਮਿੱਤਲ, ਟਰਾਈਡੈਂਟ ਦੇ ਚੇਅਰਮੈਨ ਰਜਿੰਦਰ ਗੁਪਤਾ, ਕੈਪੀਟਲ ਸਮਾਲ ਫਾਇਨਾਂਸ ਬੈਂਕ ਦੇ ਬਾਨੀ ਅਤੇ ਪ੍ਰਬੰਧਕੀ ਡਾਇਰੈਕਟਰ ਸਰਵਜੀਤ ਸਮਰਾ ਸ਼ਾਮਲ ਸਨ।ਸੂਬਾ ਭਰ ਦੇ ਉੱਦਮੀਆਂ ਅਤੇ ਸਨਅਤਕਾਰਾਂ ਤੋਂ ਇਲਾਵਾ ਆਈ.ਟੀ.ਸੀ. ਲਿਮਟਡ, ਹਿੰਦੁਸਤਾਨ ਲੀਵਰ ਲਿਮਟਡ (ਐਚ.ਯੂ.ਐਲ), ਆਈ.ਬੀ.ਐਮ. ਇੰਡੀਆ,ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਮੈਕਸ ਇੰਡੀਆ ਲਿਮਟਡ, ਅਪੋਲੋ ਹਸਪਤਾਲ, ਸਟਾਰਟਅੱਪ ਐਕਸੀਲੇਟਰ ਚੈਂਬਰ ਆਫ਼ ਕਾਮਰਸ ਵਰਗੀਆਂ ਨਾਮਵਰ ਕੰਪਨੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ। ਇਸ ਸਮਾਗਮ ਵਿੱਚ ਹੁਨਰ ਸਿਖਲਾਈ ਕੌਂਸਲਾਂ, ਹੁਨਰ ਸਿਖਲਾਈ ਏਜੰਸੀਆਂ ਅਤੇ ਯੂਨੀਵਰਸਿਟੀਆਂ ਤੋਂ ਚੋਣਵੇਂ ਪਤਵੰਤੇ ਹਾਜ਼ਰ ਸਨ। ਕਾਰੋਬਾਰੀਆਂ ਅਤੇ ਉੱਦਮੀਆਂ ਨਾਲ ਮੰਚ ਸਾਂਝਾ ਕਰਨ ਦਾ ਮੁੱਖ ਉਦੇਸ਼ ਉਦਯੋਗਾਂ ਵਿੱਚ ਹੁਨਰਮੰਦ ਕਿਰਤੀਆਂ ਦੀ ਘਾਟ ਤੇ ਸਰੋਕਾਰ ਨੂੰ ਸਮਝਣ ਤੋਂ ਇਲਾਵਾ ਉਦਯੋਗਿਕ ਲੋੜਾਂ ਮੁਤਾਬਕ ਹੁਨਰਮੰਦ ਅਤੇ ਤਕਨੀਕੀ ਮੁਹਾਰਤ ਵਾਲੇ ਕਾਮਿਆਂ ਨੂੰ ਤਿਆਰ ਕਰਨਾ ਹੈ। ਇਸ ਸਮਾਗਮ ਵਿੱਚ ਰੁਜ਼ਗਾਰ ਉਤਪਾਦਨ ਦੇ ਮੁੱਖ ਪਹਿਲੂਆਂ ਨੂੰ ਛੋਹਿਆ ਗਿਆ ਜਿਨਾਂ ਵਿੱਚ ਮੈਨੂਫੈਕਚਰਿੰਗ, ਉਸਾਰੀ, ਪ੍ਰਚੂਨ, ਫੂਡ ਪ੍ਰੋਸੈਸਿੰਗ, ਪ੍ਰਾਹੁਣਚਾਰੀ, ਸੂਚਨਾ ਤਕਨਾਲੋਜੀ ਅਤੇ ਸੂਖਮ, ਲਘੂ ਤੇ ਦਰਮਿਆਨਾ ਉੱਦਮ ਸ਼ਾਮਲ ਹੈ।

Advertisement

LEAVE A REPLY

Please enter your comment!
Please enter your name here