– ਸਾਰੀ ਪਾਰਟੀ ਰਾਹੁਲ ਦੀ ਪਿੱਠ ‘ਤੇ ਖੜੀ
– ਰਾਹੁਲ ਗਾਂਧੀ ਨੂੰ 2019 ‘ਚ ਕਾਂਗਰਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਵੀ ਹਮਾਇਤ ਕਰਾਂਗੇ
ਨਵੀਂ ਦਿੱਲੀ, 4 ਦਸੰਬਰ () : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਬਣਨ ‘ਤੇ ਲੱਗ ਰਹੇ ਪਰਿਵਾਰਵਾਦ ਦੇ ਦੋਸ਼ਾਂ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਬੀਤੇ ਸਮੇਂ ਵਿੱਚ ਗੁਜਰਾਤ ਚੋਣ ਪ੍ਰਚਾਰ ਆਦਿ ਦੌਰਾਨ ਮਿਲਿਆ ਭਰਵਾਂ ਅਤੇ ਜ਼ਬਰਦਸਤ ਹੁੰਗਾਰਾ ਉਨ੍ਹਾਂ ਦੀ ਦੇਸ਼ ਦੇ ਲੋਕਾਂ ਵਿੱਚ ਵੱਡੇ ਪੱਧਰ ‘ਤੇ ਹਰਮਨਪਿਆਰਤਾ ਅਤੇ ਲੋਕਾਂ ਦੀ ਹਮਾਇਤ ਦਾ ਮੁੱਢ ਬੰਨਦਾ ਹੈ।
ਸ੍ਰੀ ਰਾਹੁਲ ਗਾਂਧੀ ਦੀ ਕੁੱਲ ਹਿੰਦ ਕਾਂਗਰਸ ਦੇ ਸਿਖਰਲੇ ਅਹੁਦੇ ਲਈ ਨਾਮਜ਼ਦਗੀ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਮੀਤ ਪ੍ਰਧਾਨ ਨੂੰ ਲੋਕਾਂ ਦੀ ਪੂਰੀ ਹਮਾਇਤ ਹੈ ਅਤੇ ਪਾਰਟੀ ਦਾ ਮੁਕੰਮਲ ਕਾਡਰ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਦੇ ਪੂਰੀ ਤਰ੍ਹਾਂ ਪੱਖ ਵਿੱਚ ਹੈ। ਕੁੱਲ ਹਿੰਦ ਕਾਂਗਰਸ ਕਮੇਟੀ ਦੀਆਂ ਚੋਣਾਂ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਥੋਂ ਤੱਕ ਕਿ ਹਮਖਿਆਲੀ ਪਾਰਟੀਆਂ ਨੂੰ ਵੀ ਰਾਹੁਲ ਗਾਂਧੀ ਦੇ ਕਾਂਗਰਸ ਦੀ ਕਮਾਂਡ ਸੰਭਾਲਣ ‘ਤੇ ਕੋਈ ਸਮੱਸਿਆ ਨਹੀਂ ਹੈ।
ਸ਼ਹਿਜਾਦ ਪੂਨਾਵਾਲਾ ਵੱਲੋਂ ਪਾਰਟੀ ਪ੍ਰਧਾਨ ਦੀ ਹੋਣ ‘ਤੇ ਕੀਤੀ ਤਿੱਖੀ ਟਿੱਪਣੀ ਸਬੰਧੀ ਸਵਾਲਾਂ ਦੇ ਜਵਾਬ ਵਿੱਚ ਕੈਪਟਨ ਨੇ ਉਸਦੀ ਮਨਸ਼ਾ ‘ਤੇ ਸਵਾਲ ਕਰਦਿਆਂ ਕਿਹਾ ਕਿ ਪੂਨਾਵਾਲਾ ਜੋ ਵੀ ਕਹਿੰਦਾ ਹੈ ਕੋਈ ਵੀ ਉਸ ਦੀ ਪ੍ਰਵਾਹ ਨਹੀਂ ਕਰਦਾ।
2019 ਦੀਆਂ ਲੋਕਾ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਉਭਾਰਨ ਦਾ ਸੱਦਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਰਾਹੁਲ ਗਾਂਧੀ ਨੇ ਆਪਣੀ ਸਮਰਥਾ ਨਾਲ ਨੌਜਵਾਨਾਂ ਨੂੰ ਪਾਰਟੀ ਨਾਲ ਹੀ ਨਹੀਂ ਜੋੜਿਆ ਸਗੋਂ ਪਾਰਟੀ ਅੰਦਰ ਇਕ ਨਵਾਂ ਜੋਸ਼ ਵੀ ਪੈਦਾ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਸੁਭਾਅ ਵਿੱਚ ਸਿੱਖਣ ਦੀ ਜਗਿਆਸਾ ਹੈ ਜੋ ਅਜੋਕੇ ਦੌਰ ਵਿੱਚ ਪੂਰੇ ਖਰੇ ਉਤਰਦੇ ਹਨ ਅਤੇ ਜੇਕਰ ਪਾਰਟੀ ਰਾਹੁਲ ਨੂੰ ਅਗਲੀਆਂ ਸੰਸਦੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕਰਦੀ ਹੈ ਤਾਂ ਉਨ੍ਹਾਂ ਦੀਆਂ ਇਹ ਖੂਬੀਆਂ ਪਾਰਟੀ ਲਈ ਵਰਦਾਨ ਸਾਬਤ ਹੋਣਗੀਆਂ।
ਗੁਜਰਾਤ ਚੋਣਾਂ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਉਸ ਸੂਬੇ ਵਿੱਚ ਕਾਂਗਰਸ ਪੱਖੀ ਹਵਾ ਪੂਰੇ ਜੋਬਨ ‘ਤੇ ਹੈ ਅਤੇ ਪ੍ਰਧਾਨ ਮੰਤਰੀ ਦੀ ਚੋਣ ਮੁਹਿੰਮ ਦੇ ਮੁਕਾਬਲੇ ਰਾਹੁਲ ਗਾਂਧੀ ਦੀਆਂ ਰੈਲੀਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਇਸ ਉਪਰੰਤ ਇਕ ਟੀ.ਵੀ. ਚੈਨਲ ਨਾਲ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਅਗਾਮੀ ਨਗਰ ਨਿਗਮ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਚੋਣ ਇੱਕ ਚੁਣੌਤੀ ਹੁੰਦੀ ਹੈ ਅਤੇ ਇਸ ਸਬੰਧ ਵਿੱਚ ਲੋਕਾਂ ਦੀਆਂ ਖਾਹਿਸ਼ਾ ਬਹੁਤ ਵੱਡੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੜਾਅਵਾਰ ਲਾਗੂ ਕਰ ਰਹੀ ਹੈ ਅਤੇ ਕਿਸਾਨਾਂ ਦੀ ਕਰਜ਼ਾ ਮੁਆਫੀ ਵੀ ਇਸੇ ਮਹੀਨੇ ਸ਼ੁਰੂ ਹੋ ਜਾਵੇਗੀ।
ਆਮ ਆਦਮੀ ਪਾਰਟੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਰਟੀ ਲਗਾਤਾਰ ਹਾਸ਼ੀਏ ‘ਤੇ ਜਾ ਰਹੀ ਹੈ ਜਦਕਿ ਅਕਾਲੀਆਂ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਅਜੇ ਵੀ ਨਫਰਤ ਘਰ ਕਰੀ ਬੈਠੀ ਹੈ ਅਤੇ ਜੇਕਰ ਅੱਜ ਚੋਣਾਂ ਹੋ ਜਾਣ ਤਾਂ ਇਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਅਕਾਲੀਆਂ ਨੇ ਸਰਕਾਰੀ ਢਾਂਚੇ ਨੂੰ ਤਹਿਸ-ਨਹਿਸ ਕਰ ਦਿੱਤਾ ਜਿਸ ਨੂੰ ਕਾਂਗਰਸ ਸਰਕਾਰ ਮੁੜ ਪੈਰੀਂ ਕਰਨ ਵਿੱਚ ਲੱਗੀ ਹੋਈ ਹੈ। ਮੁੱਖ ਮੰਤਰੀ ਨੇ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਪਿੱਛੋਂ ਅਜਿਹੇ ਮਾਮਲੇ ਬਹੁਤ ਘਟ ਗਏ ਹਨ। ਇਸੇ ਤਰ੍ਹਾਂ ਨਸ਼ਿਆਂ ਦੇ ਸੌਦਾਗਰਾਂ ਦਾ ਲੱਕ ਵੀ ਤੋੜ ਦਿੱਤਾ ਗਿਆ ਹੈ ਅਤੇ ਹੁਣ ਸੂਬੇ ਵਿੱਚ ਨਸ਼ੇ ਸੁਖਾਲੇ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਡਰੱਗ ਮਾਫੀਏ ਦੇ ਸਰਗਣੇ ਸੂਬਾ ਛੱਡ ਕੇ ਭੱਜ ਗਏ ਹਨ ਜਿਨ੍ਹਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟਾਸਕ ਫੋਰਸ ਲੱਗੀ ਹੋਈ ਹੈ।
‘ਆਪ’ ਲੀਡਰ ਸੁਖਪਾਲ ਸਿੰਘ ਖਹਿਰਾ ਖਿਲਾਫ ਨਸ਼ਿਆਂ ਦੇ ਮਾਮਲੇ ਵਿੱਚ ਦਰਜ ਕੇਸ ਸਬੰਧੀ ਮੁੱਖ ਮੰਤਰੀ ਨੇ ਸ੍ਰੀ ਖਹਿਰਾ ਨੂੰ ਲੋੜੋਂ ਵੱਧ ਖਾਹਿਸ਼ਾਂ ਪਾਲਣ ਵਾਲਾ ਸਿਆਸਤਦਾਨ ਅਤੇ ਡਾਵਾਂਡੋਲ ਵਿਅਕਤੀ ਦੱਸਿਆ ਜਿਸ ਬਾਰੇ ਟਿੱਪਣੀ ਕਰਨੀ ਵੀ ਫਜ਼ੂਲ ਹੈ। ਉਨ੍ਹਾਂ ਕਿਹਾ ਕਿ ਖਹਿਰਾ ਵਿਰੁੱਧ ਕੇਸ 2015 ਵਿੱਚ ਦਰਜ ਹੋਇਆ ਸੀ ਜਿਸ ਵਿੱਚ ਕਾਂਗਰਸ ਦੀ ਕੋਈ ਭੂਮਿਕਾ ਨਹੀਂ ਅਤੇ ਹੁਣ ਇਹ ਮਾਮਲਾ ਅਦਾਲਤ ਵਿੱਚ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਮਿੱਥ ਕੇ ਕੀਤੇ ਕਤਲਾਂ ਦੇ ਮਾਮਲੇ ਕੌਮੀ ਜਾਂਚ ਏਜੰਸੀ ਨੂੰ ਸੌਂਪਣ ਦੇ ਫੈਸਲੇ ਦਾ ਜ਼ਿਕਰ ਕਰਦਿਆਂ ਆਖਿਆ ਕਿ ਕੇਂਦਰੀ ਏਜੰਸੀ ਅਜਿਹੇ ਕੇਸਾਂ ਨੂੰ ਬੇਹਤਰ ਢੰਗ ਨਾਲ ਨਜਿੱਠਣ ਦੇ ਸਮਰਥ ਹੈ ਕਿਉਂਕਿ ਇਨ੍ਹਾਂ ਮਾਮਲਿਆਂ ਦਾ ਸਬੰਧ ਕੌਮਾਂਤਰੀ ਪੱਧਰ ‘ਤੇ ਹੈ।
ਪਿਛਲੀ ਅਕਾਲੀ ਸਰਕਾਰ ਦੌਰਾਨ ਦਰਜ ਕੀਤੇ ਗਏ ਝੂਠੇ ਕੇਸਾਂ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹ ਆਪਣੇ ਵਿਰੋਧੀਆਂ ਨੂੰ ਫਸਾਉਣ ਲਈ ਝੂਠੇ ਮਾਮਲੇ ਦਰਜ ਨਹੀਂ ਕਰਵਾ ਸਕਦੇ ਅਤੇ ਉਨ੍ਹਾਂ ਦੀ ਸਰਕਾਰ ਅਜਿਹਾ ਹੋਣ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ।
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ...