ਰਾਹੁਲ ਗਾਂਧੀ ਦਾ ਬਿਆਨ ਤੋੜ-ਮਰੋੜ ਕੇ ਪੇਸ਼ ਕਰਨ ’ਤੇ ਕੈਪਟਨ ਵੱਲੋਂ ਭਾਜਪਾ ਦੀ ਸਖਤ ਆਲੋਚਨਾ

256
Advertisement

ਲੰਡਨ, 14 ਸਤੰਬਰ(ਵਿਸ਼ਵ ਵਾਰਤਾ): ਦਿੱਲੀ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (ਐਨ.ਐਸ.ਯੂ.ਆਈ.) ਦੀ ਜਿੱਤ ਦਾ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਵੰਸ਼ਵਾਦ ਸਬੰਧੀ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ’ਤੇ ਉਨਾਂ ਦੇ ਸਿਆਸੀ ਵਿਰੋਧੀਆਂ ਦੀ ਤਿੱਖੀ ਆਲੋਚਨਾ ਕੀਤੀ।

ਅੱਜ ਇੱਥੇ ਕੁਝ ਟੀ.ਵੀ. ਚੈਨਲਾਂ ਨੂੰ ਦਿੱਤੀ ਇੰਟਰਵਿਊ ਦੌਰਾਨ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕਰਨ ਲਈ ਸਿਆਸਤਦਾਨਾਂ (ਭਾਜਪਾ) ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਉਹ ਜਾਣ-ਬੁੱਝ ਕੇ ਅਜਿਹਾ ਕਰ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸੀ ਮੀਤ ਪ੍ਰਧਾਨ ਦਾ ਬਿਆਨ ਇਸ ਸੰਦਰਭ ਵਿੱਚ ਸੀ ਕਿ ਉਨਾਂ ਦੇ ਪੜਦਾਦੇ, ਦਾਦੇ ਅਤੇ ਪਿਤਾ ਨੇ ਕਾਂਗਰਸ ਦੀ ਅਗਵਾਈ ਕਰਦਿਆਂ ਭਾਰਤ ਦਾ ਰਾਜਭਾਗ ਚਲਾਇਆ। ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ, ਜਿਵੇਂ ਕਿ ਭਾਰਤ ਦਾ ਹੈ, ਵਿਚ ਹਰ ਇਕ ਨੂੰ ਉਸਦੀ ਪਸੰਦ ਅਤੇ ਨਾ-ਪਸੰਦ ਦੀ ਚੋਣ ਕਰਨ ਦੀ ਆਜ਼ਾਦੀ ਦੇ ਨਾਲ-ਨਾਲ ਸਾਡੇ ਮੁਲਕ ਵਿਚ ਕਿਸੇ ਵਿਅਕਤੀ ਨੂੰ ਵੋਟ ਪਾਉਣਾ ਇਕ ਨਿੱਜੀ ਫੈਸਲਾ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵੋਟਰਾਂ ਦੀਆਂ ਬਾਹਾਂ ਨਹੀਂ ਮਰੋੜ ਰਹੀ, ਉਹ ਜਿਸ ਨੂੰ ਚਾਹੁਣ ਵੋਟ ਪਾਉਣ ਲਈ ਆਜ਼ਾਦ ਹਨ। ਉਨਾਂ ਕਿਹਾ ਜੇਕਰ ਲੋਕ ਸਾਨੂੰ ਵੋਟ ਦੇ ਰਹੇ ਹਨ ਤਾਂ ਫਿਰ ਵੰਸ਼ਵਾਦ ਰਾਜ ਕਿੱਥੇ ਹੈ?

ਉਨਾਂ ਕਿਹਾ ਕਿ ਵੋਟਰਾਂ ਨੂੰ ਆਪਣੀ ਸੋਚ ਤਬਦੀਲ ਕਰਨ ਦੀ ਪੂਰੀ ਖੁੱਲ ਹੈ ਜਿਹੜਾ ਕਿ ਉਹ ਅਕਸਰ ਕਰਦੇ ਰਹਿੰਦੇ ਹਨ ਅਤੇ ਆਸ ਹੈ ਕਿ ਇਹ ਪ੍ਰਕਿਰਿਆ ਇੰਝ ਹੀ ਜਾਰੀ ਰਹੇਗੀ।

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਐਨ.ਐਸ.ਯੂ.ਆਈ. ਦੀ ਜਿੱਤ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਇਕ ਉਤਸ਼ਾਹ ਭਰਪੂਰ ਚਿੰਨ ਹੈ। ਉਨਾਂ ਕਿਹਾ ਕਿ ਕਾਂਗਰਸ ਦੀਆਂ ਤਾਜ਼ੀਆਂ ਜਿੱਤਾਂ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ, ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ ਦੀਆਂ ਵਿਦਿਆਰਥੀ ਚੋਣਾਂ ਅਤੇ ਹੁਣ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਦੌਰਾਨ ਮੁੜ ਕਾਂਗਰਸੀ ਪੱਖੀ ਸਿਆਸੀ ਹਵਾ ਦੀ ਨਿਸ਼ਾਨੀ ਹੈ। ਉਨਾਂ ਕਿਹਾ ਕਿ ਇਨਾਂ ਜਿੱਤਾਂ ਨੇ ਉਨਾਂ ਦੇ ਵਿਸ਼ਵਾਸ ਨੂੰ ਸਹੀ ਸਾਬਤ ਕਰ ਦਿੱਤਾ ਕਿ ਅਜਿਹੀਆਂ ਤਬਦੀਲੀਆਂ ਲੋਕਤੰਤਰੀ ਪ੍ਰਕਿਰਿਆ ਦਾ ਹਿੱਸਾ ਹੈ। ਉਨਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਲੋਕਾਂ ਨੂੰ ਹੱਦੋਂ-ਵੱਧ ਪ੍ਰਤੀਕਿਰਿਆ ਜ਼ਾਹਰ ਨਹੀਂ ਕਰਨੀ ਚਾਹੀਦੀ ਕਿਉਂਕਿ ਚੋਣਾਂ ਵਿੱਚ ਉਤਰਾਅ-ਚੜਾਅ ਸੁਭਾਵਿਕ ਹਨ।

ਆਮ ਆਦਮੀ ਪਾਰਟੀ ਵਲੋਂ ਉਨਾਂ ਦੇ ਬਰਤਾਨੀਆ ਦੌਰੇ ਦੀ ਨਿੰਦਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਕੋਲ ਨਾਂਹ ਪੱਖੀ ਸੋਚਣੀ ਤੋਂ ਇਲਾਵਾ ਕੱਖ ਵੀ ਨਹੀਂ। ਉਨਾਂ ਕਿਹਾ ਕਿ ਪੰਜਾਬ ’ਚੋਂ ਉਨਾਂ ਦੀ ਗੈਰ-ਮੌਜੂਦਗੀ ਨਾਲ ਸੂਬੇ ਵਿੱਚ ਕਿਸੇ ਨੂੰ ਕੋਈ ਸਮੱਸਿਆ ਨਹੀਂ ਅਤੇ ਰਾਜ ਅੰਦਰ ਆਮ ਆਦਮੀ ਪਾਰਟੀ ਤੋਂ ਬਿਨਾਂ ਸਭ ਕੁਝ ਠੀਕ ਹੈ। ਉਨਾਂ ਕਿਹਾ ਕਿ ‘ਆਪ’ ਨੂੰ ਬਿਨਾਂ ਕਿਸੇ ਕਾਰਨ ਅਤੇ ਤਰਕ ਤੋਂ ਰਾਜ ਅੰਦਰ ਖਲਲ ਪਾਉਣ ਦੀ ਆਦਤ ਹੈ। ਉਨਾਂ ਕਿਹਾ ਕਿ ਉਹ ਲੰਡਨ ਵਿੱਚ ਆਪਣੀ ਕਿਤਾਬ ‘ਸਾਰਾਗੜੀ ਦੀ ਜੰਗ’ ਅਤੇ ‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ ਆਲਮੀ ਆਗਾਜ਼ ਲਈ ਆਏ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸੂਬੇ ਵਿੱਚ ਨਿਵੇਸ਼ ਦੇ ਪਾਸਾਰ ਅਤੇ ਰਾਜ ਵਿੱਚ ਕਾਰੋਬਾਰ ਨੂੰ ਹੋਰ ਉਤਸ਼ਾਹਤ ਕਰਨ ਲਈ ਨਿਵੇਸ਼ਕਾਂ ਨਾਲ ਅਹਿਮ ਮੀਟਿੰਗਾਂ ਕੀਤੀਆਂ।

‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ, ਜੋ ਅੱਜ ਇੱਥੇ ਸ਼ਾਮ ਸਮੇਂ ਲਾਂਚ ਕੀਤਾ ਗਿਆ, ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੰਤਵ ਤੀਜੀ ਅਤੇ ਚੌਥੀ ਪੀੜੀ ਦੇ ਨੌਜਵਾਨ ਜਿਹੜੇ ਬਾਹਰਲੇ ਮੁਲਕਾਂ ’ਚ ਜੰਮੇਂ-ਪਲ਼ੇ ਹਨ, ਨੂੰ ਪੰਜਾਬ ਦਾ ਦੌਰਾ ਕਰਾਉਣਾ ਹੈ ਤਾਂ ਜੋ ਉਹ ਅਸਲ ਪੰਜਾਬ ਨੂੰ ਦੇਖ ਅਤੇ ਇਸ ਤੋਂ ਜਾਣੂੰ ਹੋ ਸਕਣ। ਇਨਾਂ ਨੌਜਵਾਨਾਂ ਨੂੰ ਖਾਲਿਸਤਾਨ ਦੀ ਪ੍ਰੋੜਤਾ ਵਾਲੇ ਪ੍ਰਚਾਰ ਰਾਹੀਂ ਗੁੰਮਰਾਹ ਅਤੇ ਉਸ ਦੇ ਪ੍ਰਭਾਵ ਹੇਠ ਲਿਆਂਦਾ ਜਾ ਰਿਹਾ ਹੈ ਜਦਕਿ ‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ ਪੰਜਾਬ ਦੇ ਜ਼ਮੀਨੀ ਹਾਲਾਤ ਬਾਰੇ ਇਨਾਂ ਨੌਜਵਾਨਾਂ ਨੂੰ ਜਾਗਰੂਕ ਕਰਨ ਵਿੱਚ ਸਫਲ ਹੋਵੇਗਾ।

 

Advertisement

LEAVE A REPLY

Please enter your comment!
Please enter your name here