ਨਵੀਂ ਦਿੱਲੀ, 1 ਸਤੰਬਰ – ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਈਦ-ਉਲ-ਜ਼ੁਹਾ ਦੀ ਪੂਰਵ ਸੰਧਿਆ ‘ਤੇ ਸਾਥੀ ਨਾਗਰਿਕਾਂ ਨੂੰ ਮੁਬਾਰਕਾਂ ਦਿੱਤੀਆਂ ਹਨ।
ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਈਦ-ਉਲ-ਜ਼ੁਹਾ ਦੇ ਮੌਕੇ ‘ਤੇ ਮੈਂ ਆਪਣੇ ਸਾਥੀ ਨਾਗਰਿਕਾਂ ਖ਼ਾਸ ਕਰਕੇ ਭਾਰਤ ਅਤੇ ਵਿਦੇਸ਼ ਵਿੱਚ ਰਹਿ ਰਹੇ ਆਪਣੇ ਮੁਸਲਮਾਨ ਭੈਣਾਂ ਤੇ ਭਰਾਵਾਂ ਨੂੰ ਵਧਾਈ ਦਿੰਦਾਂ ਹਾਂ।
ਇਸ ਦਿਨ, ਆਓ ਅਸੀਂ ਸਾਰੇ ਆਪਣੇ ਆਪ ਨੂੰ ਵਿਸ਼ਵਾਸ, ਤਿਆਗ ਅਤੇ ਸੇਵਾ ਲਈ ਮੁਡ਼ ਸਮਰਪਿਤ ਕਰ ਦੇਈਏ ਜੋ ਕਿ ਇਸ ਤਿਉਹਾਰ ਦੀ ਖ਼ਾਸੀਅਤ ਹੈ। ਅਸੀਂ ਆਪਣੀ ਖ਼ੁਸ਼ੀ ਅਜਿਹੇ ਲੋਕਾਂ ਨਾਲ ਸਾਂਝੀ ਕਰੀਏ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ। ਇਹ ਵਿਲੱਖਣ ਤਿਉਹਾਰ ਸਾਡੇ ਸਾਂਝੇ ਵਿਰਸੇ ਨੂੰ ਅਮੀਰੀ ਬਖਸ਼ੇ, ਸਾਡੀ ਏਕਤਾ ਅਤੇ ਇਕਸੁਰਤਾ ਨੂੰ ਮਜ਼ਬੂਤ ਕਰੇ ਅਤੇ ਮਾਨਵਤਾ ਦੀ ਭਲਾਈ ਵਾਸਤੇ ਕੰਮ ਕਰਨ ਲਈ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਰਹੇ।”
ਉਪ ਰਾਸ਼ਟਰਪਤੀ ਨੇ ਈਦ-ਉਲ-ਜ਼ੁਹਾ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ
ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਈਦ-ਉਲ-ਜ਼ੁਹਾ ਦੇ ਸ਼ੁਭ ਮੌਕੇ ‘ਤੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ ਹਨ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਈਦ-ਉਲ-ਜ਼ੁਹਾ ਸਾਡੇ ਜੀਵਨ ਵਿੱਚ ਤਿਆਗ ਅਤੇ ਦਇਆ ਭਾਵ ਦੀ ਪ੍ਰਤੀਕ ਹੈ ਅਤੇ ਇਹ ਸਚਾਈ ਤੇ ਰਹਿਮ ਜਿਹੀਆਂ ਕਦਰਾਂ-ਕੀਮਤਾਂ ਨੂੰ ਸ਼ਰਧਾ ਪੂਰਵਕ ਸੰਭਾਲਣ ਲਈ ਸਮੁੱਚੀ ਮਾਨਵਤਾ ਨੂੰ ਪ੍ਰੇਰਿਤ ਕਰਦੀ ਹੈ।
ਉਪ ਰਾਸ਼ਟਰਪਤੀ ਦੇ ਸੰਦੇਸ਼ ਦਾ ਮੂਲ-ਪਾਠ ਹੇਠ ਲਿਖੇ ਅਨੁਸਾਰ ਹੈ:
ਈਦ-ਉਲ-ਜ਼ੁਹਾ ਦੇ ਸ਼ੁਭ ਮੌਕੇ ‘ਤੇ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਨਿੱਘੀਆਂ ਮੁਬਾਰਕਾਂ ਅਤੇ ਸ਼ੁਭ ਕਾਮਨਾਵਾਂ ਦਿੰਦਾ ਹਾਂ।
ਈਦ-ਉਲ-ਜ਼ੁਹਾ ਸਾਡੇ ਜੀਵਨ ਵਿੱਚ ਤਿਆਗ ਅਤੇ ਦਇਆ ਭਾਵ ਦਾ ਪ੍ਰਤੀਕ ਹੈ। ਇਹ ਤਿਉਹਾਰ ਸਚਾਈ ਅਤੇ ਰਹਿਮ ਜਿਹੀਆਂ ਕਦਰਾਂ-ਕੀਮਤਾਂ ਨੂੰ ਰੋਜ਼ਮੱਰਾ ਦੇ ਕਾਰ-ਵਿਹਾਰ ਵਿੱਚ ਸ਼ਰਧਾ ਪੂਰਵਕ ਬਰਕਰਾਰ ਰੱਖਣ ਲਈ ਸਮੁੱਚੀ ਮਾਨਵਤਾ ਨੂੰ ਪ੍ਰੇਰਿਤ ਕਰਦਾ ਹੈ।
ਇਹ ਤਿਉਹਾਰ ਸਾਡੇ ਦੇਸ਼ ਵਿੱਚ ਸ਼ਾਂਤੀ, ਇਕਸੁਰਤਾ ਅਤੇ ਖੁਸ਼ਹਾਲੀ ਲੈ ਕੇ ਆਵੇ।