ਰਾਜ ਸਭਾ ਵਿੱਚ ਪੰਜਾਬੀ ਦਸਤਾਵੇਜ਼ ਹਾਸਲ ਕਰਨਾ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਇਤਿਹਾਸਕ ਪ੍ਰਾਪਤੀ -ਗੁਰਭਜਨ ਗਿੱਲ
ਲੁਧਿਆਣਾਃ 8 ਦਸੰਬਰ(ਵਿਸ਼ਵ ਵਾਰਤਾ)-ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਪੰਜਾਬ ਤੋਂ ਰਾਜਸਭਾ ਮੈਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਇਸ ਮਹੱਤਵਪੂਰਨ ਪਹਿਲਕਦਮੀ ਤੇ ਮੁਬਾਰਕ ਦਿੱਤੀ ਹੈ ਕਿ ਉਨ੍ਹਾਂ ਨੇ ਰਾਜਸਭਾ ਵਿੱਚ ਕੰਮ ਕਾਜ ਨਾਲ ਸਾਰੇ ਕਾਗ਼ਜ਼ ਪੱਤਰ ਪੰਜਾਬੀ ਵਿੱਚ ਹਾਸਲ ਕਰਨ ਲਈ ਪਿਛਲੇ ਸੈਸ਼ਨ ਵਿੱਚ ਸਭਾਪਤੀ ਵੈਂਕੱਈਆ ਨਯਡੂ ਪਾਸੋਂ ਮੰਗ ਕੀਤੀ ਤੇ ਕੱਲ਼੍ਹ ਨਵੇਂ ਸਭਾਪਤੀ ਸ਼੍ਰੀ ਜਗਦੀਪ ਧਨਖੜ ਜੀ ਪਾਸੋਂ ਪੂਰੀ ਕਰਵਾ ਲਈ ਹੈ।
ਪੰਜਾਬੀ ਭਾਸ਼ਾ ਦੇ ਵਿਕਾਸ ਲਈ ਦੇਸ਼ ਦੀ ਸਭ ਤੋਂ ਮਹੱਤਵਪੂਰਨ ਸੰਸਥਾ ਵਿੱਚ ਪੰਜਾਬੀ ਦਸਤਾਵੇਜ਼ ਤਿਆਰ ਹੋਣ ਨਾਲ ਨਵੀਂ ਸ਼ਬਦਾਵਲੀ ਵੀ ਵਿਕਸਤ ਹੋਵੇਗੀ ਜਿਸ ਨਾਲ ਜ਼ਬਾਨ ਦਾ ਸ਼ਬਦ ਭੰਡਾਰ ਵਧੇਗਾ।
ਪ੍ਰੋਃ ਗਿੱਲ ਨੇ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਪੂਰਨ ਕਰਵਾਏ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਸ ਅੰਦਾਜ਼ ਨਾਲ ਪੰਜਾਬੀ ਭਾਸ਼ਾ, ਸਾਹਿੱਤ ਤੇ ਸਭਿਆਚਾਰ ਨਾਲ ਸਬੰਧਿਤ ਹੋਰ ਵੀ ਕਈ ਮੁੱਦੇ ਹਨ ਜਿੰਨ੍ਹਾਂ ਦੇ ਹੱਲ ਲਈ ਪੰਜਾਬ ਵਿੱਚ ਕੰਮ ਕਰਦੀਆਂ ਅਕਾਦਮੀਆਂ ਤੇ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਨਾਲ ਤਾਲਮੇਲ ਕਰਕੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਰਾਹ ਖੋਲ੍ਹਣ ਦੀ ਲੋੜ ਹੈ।