ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ
ਲੁਧਿਆਣਾ, 12 ਮਈ (ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੋਵਾਂ ਨੇ ਪੰਜਾਬੀਆਂ ਨੂੰ ਫੇਲ੍ਹ ਕੀਤਾ ਹੈ ਤੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਮੁੜ ਤਰੱਕੀ ਤੇ ਖੁਸ਼ਹਾਲੀ ਦੇ ਰਾਹ ’ਤੇ ਲਿਜਾਣ ਵਾਸਤੇ ਅਕਾਲੀ ਦਲ ਨੂੰ ਵੋਟਾਂ ਪਾਉਣ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿਚ ਅੱਜ ਅਨੇਕਾਂ ਮੀਟਿੰਗਾਂ ਕੀਤੀਆਂ ਜਿਹਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ, ਨੇ ਕਿਹਾ ਕਿ ਤੁਸੀਂ 1 ਜੂਨ 1984 ਯਾਦ ਰੱਖਿਓ ਐਤਕੀਂ ਇਸੇ ਦਿਨ ਤੁਸੀਂ ਵੋਟਾਂ ਪਾਉਣੀਆਂ ਹਨ। ਉਹਨਾਂ ਕਿਹਾ ਕਿ ਇਸੇ ਦਿਨ ਇੰਦਰਾ ਗਾਂਧੀ ਨੇ ਤੋਪਾਂ ਤੇ ਟੈਂਕਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਸੀ। ਉਹਨਾਂ ਕਿਹਾ ਕਿ ਇਹ ਉਹ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਨੇ ਦੇਸ਼ ਭਰ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ। ਉਹਨਾਂ ਕਿਹਾ ਕਿ ਕੋਈ ਵੀ ਕਾਂਗਰਸ ਨੂੰ ਕਦੇ ਵੋਟ ਨਹੀਂ ਪਾ ਸਕਦਾ। ਉਹਨਾਂ ਕਿਹਾ ਕਿ ਜਦੋਂ ਇਸ ਪਾਰਟੀ ਦਾ ਸੂਬੇ ਵਿਚ ਰਾਜ ਸੀ ਤਾਂ ਇਸਨੇ ਤੁਹਾਨੂੰ ਫੇਲ੍ਹ ਕੀਤਾ। ਇਸਨੇ ਆਪਣੇ ਕਰਜ਼ਾ ਮੁਆਫੀ ਤੇ ਘਰ-ਘਰ ਨੌਕਰੀ ਦੇ ਵਾਅਦੇ ਮੁਤਾਬਕ ਨਾ ਕਰਜ਼ਾ ਮੁਆਫ ਕੀਤਾ ਤੇ ਨਾ ਨੌਕਰੀਆਂ ਦਿੱਤੀਆਂ।
ਆਪ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਪਾਰਟੀ ਨਾਲ ਤਜ਼ਰਬਾ ਕਰਨਾ ਪੰਜਾਬੀਆਂ ਨੂੰ ਬਹੁਤ ਮਹਿੰਗਾ ਪਿਆ ਹੈ। ਉਹਨਾਂ ਕਿਹਾ ਕਿ ਇਸ ਪਾਰਟੀ ਨੇ ਤੁਹਾਡਾ ਜੀਵਨ ਨਰਕ ਬਣਾ ਦਿੱਤਾ ਹੈ। ਇਸਨੇ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਪਰ ਇਸਦੇ ਪਸਾਰ ਦੀ ਪੁਸ਼ਤ ਪਨਾਹੀ ਕੀਤੀ। ਇਸਨੇ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਕੱਖ ਨਹੀਂ ਕੀਤਾ ਤੇ ਉਲਟਾ ਪੰਜਾਬੀ ਨੌਜਵਾਨਾਂ ਦੀ ਥਾਂ ਬਾਹਰਲਿਆਂ ਨੂੰ ਰੋਜ਼ਗਾਰ ਦੇ ਦਿੱਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਪੰਜਾਬ ਨੇ ਕਦੇ ਵੀ ਪਹਿਲਾਂ ਅਜਿਹਾ ਮੁੱਖ ਮੰਤਰੀ ਨਹੀਂ ਵੇਖਿਆ ਜਿਸਨੂੰ ਸ਼ਰਾਬ ਨਾਲ ਰੱਜੇ ਹੋਣ ਕਰ ਕੇ ਜਰਮਨੀ ਵਿਚ ਹਵਾਈ ਜਹਾਜ਼ ਤੋਂ ਹੇਠਾਂ ਲਾਹ ਦਿੱਤਾ ਗਿਆ ਜਿਸ ਨਾਲ ਸਮੁੱਚੇ ਪੰਜਾਬ ਦੀ ਬਦਨਾਮੀ ਹੋਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਉਹਨਾਂ ਦਾ ਪਰਿਵਾਰ ਸੂਬੇ ਦੇ ਸਰੋਤਾਂ ਦੀ ਦੁਰਵਰਤੋਂ ਕਰ ਰਹੇ ਹਨ। ਆਪ ਤਾਂ ਕਹਿੰਦੀ ਸੀ ਕਿ ਉਹ ਵੀ ਆਈ ਪੀ ਕਲਚਰ ਤੇ ਸਕਿਓਰਿਟੀ ਦੇ ਖਿਲਾਫ ਹੈ ਪਰ ਅੱਜ ਸਿਰਫ ਮੁੱਖ ਮੰਤਰੀ, ਉਹਨਾਂ ਦੀ ਪਤਨੀ, ਭੈਣ ਤੇ ਮਾਂ ਦੀ ਸੁਰੱਖਿਆ ਵਿਚ ਹੀ ਹਜ਼ਾਰਾਂ ਪੁਲਿਸ ਮੁਲਾਜ਼ਮ ਤਾਇਨਾਤ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸੂਬੇ ਦੇ ਚਾਰ ਮੁੱਖ ਮੰਤਰੀ ਹਨ।
ਉਹਨਾਂ ਨੇ ਲੁਧਿਆਣਾ ਨੂੰ ਅਣਡਿੱਠ ਕਰਨ ’ਤੇ ਵੀ ਮੁੱਖ ਮੰਤਰੀ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਭਗਵੰਤ ਮਾਨ ਨੇ ਤਾਂ ਪਿਛਲੇ ਢਾਈ ਸਾਲਾਂ ਵਿਚ ਆਪਣੇ ਹਲਕੇ ਧੂਰੀ ਨੂੰ ਹੀ ਅਣਡਿੱਠ ਕਰ ਦਿੱਤਾ ਹੈ ਤੇ ਸਿਰਫ ਦੋ ਵਾਰ ਉਥੇ ਗਏ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਅਕਾਲੀ ਦਲ ਦੀ ਸਰਕਾਰ ਵੱਲੋਂ ਕਰਵਾਏ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਚੌੜੀਆਂ ਸੜਕਾਂ, ਫਲਾਈਓ ਤੇ ਰੇਲਵੇ ਪੁੱਲਾਂ ਨਾਲ ਲੁਧਿਆਣਾ ਦਾ ਚੇਹਰਾ ਮੋਹਰਾ ਹੀ ਬਦਲ ਦਿੱਤਾ ਸੀ। ਅਸੀਂ ਨਾਗਰਿਕ ਸਹੂਲਤਾਂ ਵਿਚ ਸੁਧਾਰ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਦੇ ਸੱਤ ਸਾਲਾਂ ਦੇ ਰਾਜ ਵਿਚ ਸ਼ਹਿਰ ਵਿਚ ਇਕ ਵੀ ਨਵਾਂ ਪ੍ਰਾਜੈਕਟ ਨਹੀਂ ਆਇਆ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੀ ਹਮਾਇਤ ਕਰਨ ਤਾਂ ਜੋ ਵਿਕਾਸ ਦਾ ਦੌਰ ਮੁੜ ਵਾਪਸ ਲਿਆਂਦਾ ਜਾ ਸਕੇ ਤੇ ਸੰਸਦ ਵਿਚ ਪੰਜਾਬੀਆਂ ਦੀ ਆਵਾਜ਼ ਸੁਣੀ ਜਾ ਸਕੇ।
ਸਰਦਾਰ ਬਾਦਲ ਨੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਦਰਸ਼ਨ ਸਿੰਘ ਸ਼ਿਵਾਲਿਕ, ਰਣਜੀਤ ਸਿੰਘ ਢਿੱਲੋਂ, ਜਗਬੀਰ ਸਿੰਘ ਸੋਖੀ, ਸ਼ਰਨਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ ਅਤੇ ਸੁਰਜੀਤ ਸਿੰਘ ਵੱਲੋਂ ਆਯੋਜਿਤ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ ਅਤੇ ਦੰਗਾ ਪੀੜਤ ਐਸੋਸੀਏਸ਼ਨ ਦੇ ਬੀਬੀ ਗੁਰਦੀਪ ਕੌਰ ਦੀ ਰਿਹਾਇਸ਼ ’ਤੇ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ।