ਨੌਂ ਫਲਾਇੰਗ ਸਕੁਐਡਜ਼ ਅਤੇ ਨੌ ਸਟੈਟਿਕ ਸਰਵੇਲੈਂਸ ਟੀਮਾਂ ਦੁਆਰਾ ਚੌਵੀ ਘੰਟੇ ਚੌਕਸੀ ਰੱਖੀ ਜਾ ਰਹੀ
ਐਨਡੀਪੀਐਸ ਐਕਟ ਤਹਿਤ 72, ਆਰਮਜ਼ ਐਕਟ ਤਹਿਤ 20 ਅਤੇ ਆਬਕਾਰੀ ਐਕਟ ਤਹਿਤ 54 ਮੁਲਜ਼ਮ ਗ੍ਰਿਫ਼ਤਾਰ -ਐਸਐਸਪੀ ਡਾ: ਸੰਦੀਪ ਗਰਗ
ਨਾਮਜ਼ਦਗੀ ਅੱਜ ਸ਼ੁਰੂ, 14 ਮਈ ਕਾਗਜ਼ ਦਾਖਲ ਕਰਨ ਦੀ ਆਖਰੀ ਮਿਤੀ ਹੈ
ਐਸ.ਏ.ਐਸ.ਨਗਰ, 7 ਮਈ, 2024( ਵਿਸ਼ਵ ਵਾਰਤਾ)-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਨੌਂ ਫਲਾਇੰਗ ਸਕੁਐਡ ਟੀਮਾਂ ਅਤੇ ਨੌਂ ਸਟੈਟਿਕ ਸਰਵੀਲੈਂਸ ਟੀਮਾਂ ਵੱਲੋਂ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਦੇਣ ਲਈ ਐਸ ਐਸ ਪੀ ਡਾ: ਸੰਦੀਪ ਗਰਗ, ਏ.ਡੀ.ਸੀਜ਼ ਵਿਰਾਜ ਐਸ ਤਿੜਕੇ ਅਤੇ ਦਮਨਜੀਤ ਸਿੰਘ ਮਾਨ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕਣ ਲਈ ਇੱਕ ਸਮਰਪਿਤ ਕੰਟਰੋਲ ਰੂਮ ਚਲਾਇਆ ਜਾ ਰਿਹਾ ਹੈ। ਜ਼ਿਲ੍ਹੇ ਚ ਜਿੱਥੇ ਸੀ ਵਿਜਿਲ ਐਪ ਰਾਹੀਂ 53 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਇੱਕ ਅਜਿਹਾ ਵੋਟਰਾਂ ਦੇ ਹੱਥਾਂ ਵਿੱਚ ਇੱਕ ਮਜ਼ਬੂਤ ਸਾਧਨ ਹੈ ਜਿੱਥੇ ਕੋਈ ਵੀ ਇਸ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਕੋਡ ਦੀ ਉਲੰਘਣਾ ਦੀ ਸ਼ਿਕਾਇਤ ਨੂੰ ਚੋਣ ਕਮਿਸ਼ਨ ਤੱਕ ਭੇਜ ਸਕਦਾ ਹੈ। ਇਨ੍ਹਾਂ ਵਿੱਚੋਂ 35 ਸ਼ਿਕਾਇਤਾਂ ਸਹੀ ਪਾਈਆਂ ਗਈਆਂ, ਜਿਨ੍ਹਾਂ ਦੀ ਕਾਰਵਾਈ ਦੀ ਰਿਪੋਰਟ ਸੀ.ਈ.ਓ. ਪੰਜਾਬ ਨੂੰ ਸੌਂਪ ਦਿੱਤੀ ਗਈ ਹੈ, ਜਦਕਿ 18 ਸ਼ਿਕਾਇਤਾਂ ਏ.ਆਰ.ਓ ਪੱਧਰ ‘ਤੇ ਹੋਰ ਕਾਰਨਾਂ ਕਰਕੇ ਜਾਂਚ ਬਾਅਦ ਦਾਖਲ ਦਫ਼ਤਰ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ 24×7 ਕੰਟਰੋਲ ਸੈੱਲ, ਟੋਲ-ਫ੍ਰੀ ਨੰਬਰ 1950 ਤੇ 43 ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 33 ਮਾਮਲਿਆਂ ਵਿੱਚ ਕਾਰਵਾਈ ਦੀ ਰਿਪੋਰਟ ਸੀ.ਈ.ਓ. ਪੰਜਾਬ ਨੂੰ ਸੌਂਪੀ ਗਈ ਹੈ, ਜਦਕਿ 05 ਨੂੰ ਏ.ਆਰ.ਓ. ਪੱਧਰ ‘ਤੇ ਜਾਂਚ ਬਾਅਦ ਡਰੋਪ ਕਰ ਦਿੱਤਾ ਗਿਆ ਹੈ ਅਤੇ 05 ‘ਤੇ ਕਾਰਵਾਈ ਜਾਰੀ ਹੈ।
ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ 9 ਅੰਤਰਰਾਜੀ ਨਾਕੇ ਸੰਵੇਦਨਸ਼ੀਲ ਥਾਵਾਂ ‘ਤੇ ਲਗਾਏ ਜਾ ਰਹੇ ਹਨ। ਲੋਕਾਂ ਚ ਕਾਨੂੰਨ ਦੇ ਰਾਜ ਦਾ ਭਰੋਸਾ ਬਣਾਈ ਰੱਖਣ ਦੇ ਮੰਤਵ ਨਾਲ, ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀ ਇੱਕ ਕੰਪਨੀ ਦੀ ਮਦਦ ਨਾਲ ਜ਼ਿਲ੍ਹੇ ਵਿੱਚ ਗਸ਼ਤ ਜਾਰੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ 52 ਐਫਆਈਆਰ ਦਰਜ ਕਰਕੇ 72 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਭੁੱਕੀ, ਅਫੀਮ ਆਦਿ ਸਮੇਤ ਨਸ਼ੀਲੇ ਪਦਾਰਥਾਂ ਦੀ ਬਾਜ਼ਾਰੀ ਕੀਮਤ ਅਨੁਸਾਰ 2.31 ਕਰੋੜ ਰੁਪਏ ਦੀ ਬਰਾਮਦਗੀ ਕੀਤੀ ਹੈ। ਆਰਮਜ਼ ਐਕਟ ਤਹਿਤ ਦਰਜ 13 ਐਫ.ਆਈ.ਆਰ. ਵਿੱਚ 16 ਪਿਸਤੌਲ, 01 ਰਾਈਫਲ, 04 ਦੇਸੀ ਕੱਟਾ ਆਦਿ ਬਰਾਮਦ ਕਰਕੇ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਆਬਕਾਰੀ ਐਕਟ ਤਹਿਤ 2376 ਲੀਟਰ ਲਾਹਣ ਬਰਾਮਦ ਕਰਕੇ 54 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 50 ਕੇਸ ਦਰਜ ਕੀਤੇ ਗਏ ਹਨ। ਸ਼ਰਾਬ ਬ੍ਰਾਮਦਗੀ ਦਾ ਵਿੱਤੀ ਮੁੱਲ 14.52 ਲੱਖ ਰੁਪਏ ਹੈ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਗਿਣਤੀ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 119 ਬੂਥਾਂ ਵਾਲੇ ਕੁੱਲ 37 ਸਥਾਨਾਂ ਦੀ ਸ਼ਨਾਖਤ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਬਜ਼ਰਵਰਾਂ ਨਾਲ ਹੋਣ ਵਾਲੀ ਮੀਟਿੰਗ ਦੇ ਅਨੁਸਾਰ ਗਿਣਤੀ ਵਧ ਜਾਂ ਘਟ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮਿਤੀ 27.10.2023 ਤੋਂ ਹੁਣ ਤੱਕ 37498 ਵੋਟਰਾਂ ਦਾ ਵਾਧਾ ਹੋਇਆ ਹੈ (ਜਿਸ ਮਿਤੀ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੁਧਾਈ ਸ਼ੁਰੂ ਕੀਤੀ ਗਈ ਸੀ)। ਇਸੇ ਤਰ੍ਹਾਂ 22.01.2024 ਤੋਂ ਹੁਣ ਤੱਕ ਕੁੱਲ 24861 ਵੋਟਰ ਰਜਿਸਟਰਡ ਹੋਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹੇ ਵਿੱਚ ਕਈ ਸਵੀਪ ਗਤੀਵਿਧੀਆਂ ਕੀਤੀਆਂ ਗਈਆਂ ਹਨ। ਆਉਣ ਵਾਲੇ ਦਿਨਾਂ ਵਿੱਚ, ਸਿਸਟਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ ਪ੍ਰੋਗਰਾਮ ਤਹਿਤ ਪੀਸੀਏ ਸਟੇਡੀਅਮ ਵਿੱਚ ਇੱਕ ਮੈਗਾ ਸਪੋਰਟਸ ਈਵੈਂਟ ਕਰਵਾਇਆ ਜਾ ਰਿਹਾ ਹੈ।
ਵੋਟਾਂ ਵਾਲੇ ਦਿਨ ਗਰਮ ਮੌਸਮ ਦਾ ਸਾਹਮਣਾ ਕਰਨ ਲਈ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਏ.ਸੀ./ਕੂਲਰ/ਪੱਖੇ, ਛਾਂ/ਸ਼ਾਮਿਆਨਾ, ਬੈਠਣ ਦਾ ਪ੍ਰਬੰਧ, ਮਿੱਠੇ ਪਾਣੀ ਦੀ ਛਬੀਲ/ਪੀਣ ਵਾਲੇ ਪਾਣੀ, ਓ.ਆਰ.ਐੱਸ., ਮੈਡੀਕਲ ਕੈਂਪ/ਐਮਰਜੈਂਸੀ ਸੇਵਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 8,06, 500 ਵੋਟਰ ਹਨ, ਜਿਨ੍ਹਾਂ ਵਿੱਚ 4,22,576 ਪੁਰਸ਼ ਵੋਟਰ, 3,83,886 ਮਹਿਲਾ ਵੋਟਰ ਅਤੇ 38 ਤੀਜੇ ਲਿੰਗ ਦੇ ਵੋਟਰ ਹਨ। ਇਨ੍ਹਾਂ ਵਿੱਚੋਂ 85 ਸਾਲ ਤੋਂ ਵੱਧ ਉਮਰ ਦੇ 6218 ਵੋਟਰਾਂ ਅਤੇ 6808 ਪੀ ਡਬਲਯੂ ਡੀ (ਦਿਵਿਆਂਗ) ਵੋਟਰਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਨੂੰ ਪੋਸਟਲ ਬੈਲਟ ਸੇਵਾਵਾਂ/ ਬੂਥ ਤੇ ਜਾਣ ਲਈ ਮੁਫ਼ਤ ਆਵਾਜਾਈ ਪ੍ਰਦਾਨ ਕੀਤੀ ਜਾਣੀ ਹੈ। ਦਿਲਚਸਪ ਪਹਿਲੂ ਇਹ ਹੈ ਕਿ ਜ਼ਿਲ੍ਹੇ ਵਿੱਚ ਇਸ ਵਾਰ (18-19 ਸਾਲ ਦੀ ਉਮਰ ਵਿੱਚ) 19193 ਪਹਿਲੀ ਵਾਰ ਬਣੇ ਵੋਟਰ ਹਨ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਹਰੇਕ ਹਲਕੇ ਵਿੱਚ 10 ਮਾਡਲ ਪੋਲਿੰਗ ਬੂਥ, ਇੱਕ-ਇੱਕ ਪਿੰਕ ਪੋਲਿੰਗ ਬੂਥ (ਮਹਿਲਾ ਸਟਾਫ਼), ਦਿਵਿਆਂਗ ਸਟਾਫ਼ ਅਤੇ ਯੂਥ ਸਟਾਫ਼ ਵੱਲੋਂ ਪ੍ਰਬੰਧਨ ਕੀਤਾ ਜਾਣਾ ਹੈ।
ਉਨ੍ਹਾਂ ਕਿਹਾ ਕਿ ਪੋਲਿੰਗ ਡਿਊਟੀਆਂ ‘ਤੇ ਲੱਗੇ ਸਟਾਫ਼ ਦੀਆਂ ਡਿਊਟੀ ਤੋਂ ਛੋਟ ਦੀਆਂ ਬੇਨਤੀਆਂ ‘ਤੇ ਵਿਚਾਰ ਕਰਨ ਲਈ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ਦੀਆਂ ਸਮੱਸਿਆਵਾਂ ਜਾਇਜ਼ ਹਨ ਜਾਂ ਨਹੀਂ। ਮੈਡੀਕਲ ਬੋਰਡ ਵਿੱਚ ਇੱਕ ਗਾਇਨੀਕੋਲੋਜਿਸਟ, ਇੱਕ ਆਰਥੋਪੀਡਿਕ, ਬੱਚਿਆਂ ਦਾ ਮਾਹਿਰ ਅਤੇ ਇੱਕ ਮੈਡੀਸਨ ਸਪੈਸ਼ਲਿਸਟ ਸ਼ਾਮਲ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਨੋਟੀਫਾਈ ਕੀਤੀ ਚੋਣ ਸ਼ਡਿਊਲ ਦੀਆਂ ਅਹਿਮ ਤਰੀਕਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 06-ਅਨੰਦਪੁਰ ਸਾਹਿਬ ਸੰਸਦੀ ਹਲਕੇ (ਵਿਧਾਨ ਸਭਾ ਹਲਕਾ 52-ਖਰੜ ਅਤੇ 53-ਐਸ.ਏ.ਐਸ. ਨਗਰ ਦੇ ਖੇਤਰ ਵਾਲੇ ਖੇਤਰ) ਤੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਰੂਪਨਗਰ ਕੋਲ ਜਮ੍ਹਾਂ ਕਰਵਾ ਸਕਦੇ ਹਨ ਜਦਕਿ ਜੋ ਲੋਕ 13-ਪਟਿਆਲਾ ਸੰਸਦੀ ਹਲਕੇ (ਵਿਧਾਨ ਸਭਾ ਹਲਕਾ 112-ਡੇਰਾਬੱਸੀ ਦਾ ਖੇਤਰ ਹੈ) ਤੋਂ ਚੋਣ ਲੜਨਾ ਚਾਹੁੰਦੇ ਹਨ, ਉਹ ਆਪਣੀਆਂ ਨਾਮਜ਼ਦਗੀਆਂ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਪਟਿਆਲਾ ਕੋਲ ਜਮ੍ਹਾਂ ਕਰਵਾ ਸਕਦੇ ਹਨ।
ਚੋਣ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ:
1. ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ: 07.05.2024
2. ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ: 14.05.2024
3. ਨਾਮਜ਼ਦਗੀਆਂ ਦੀ ਪੜਤਾਲ: 15.05.2024
4. ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ: 17.05.2024
5. ਮਤਦਾਨ ਦੀ ਮਿਤੀ: 01.06.2024
6. ਵੋਟਾਂ ਦੀ ਗਿਣਤੀ: 04.06.2024