· ਫੌਜੀਆਂ ਤੇ ਉਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਲੋਕਾਂ ਨੂੰ ਉਦਾਰਤਾ ਨਾਲ ਦਾਨ ਕਰਨ ਦੀ ਅਪੀਲ
ਚੰਡੀਗੜ, 6 ਦਸੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਫੌਜ ਦੇ ਬਹਾਦਰ ਫੌਜੀਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦੇ ਹੋਏ ਲੋਕਾਂ ਫੌਜੀਆਂ ਦੀ ਭਲਾਈ ਲਈ ਉਦਾਰਤਾ ਨਾਲ ਦਾਨ ਦੇਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ 7 ਦਸੰਬਰ ਨੂੰ ਝੰਡਾ ਦਿਵਸ ਮੌਕੇ ਝੰਡਾ ਦਿਵਸ ਦੇ ਫੰਡ ਲਈ ਸਵੈ-ਇੱਛਤ ਦਾਨ ਦੇਣ ਲਈ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਪੈਸਾ ਜੰਗੀ ਵਿਧਵਾਵਾਂ, ਅਪੰਗ ਸੁਰੱਖਿਆ ਕਰਮੀਆਂ ਅਤੇ ਸਾਬਕਾ ਫੌਜੀਆਂ ਦੇ ਮੁੜ ਵਸੇਬੇ ਲਈ ਵਰਤਿਆ ਜਾਵੇਗਾ।
“ਅੱਜ ਝੰਡਾ ਦਿਵਸ ਮੌਕੇ- ਆਓ ਅਸੀਂ ਆਪਣੇ ਬਹਾਦਰ ਸਿਪਾਹੀਆਂ ਦੇ ਪਰਿਵਾਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ ਜਿਹੜੇ ਮਾਤ ਭੂਮੀ ਦੀ ਰੱਖਿਆ ਅਤੇ ਸਨਮਾਨ ਵਿੱਚ ਸ਼ਹਾਦਤ ਪ੍ਰਾਪਤ ਕਰਦੇ ਹਨ’’ ਦੀ ਅਪੀਲ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਭਾਰਤ ਦੇ ਲੋਕ ਹਮੇਸ਼ਾਂ ਹੀ ਆਪਣੇ ਬਹਾਦਰ ਫੌਜੀਆਂ ਦੇ ਕਰਜ਼ਦਾਰ ਬਣੇ ਰਹਿਣਗੇ ਜੋ ਬਾਹਰੀ ਅਤੇ ਅੰਦਰੂਨੀ ਹਮਲੇ ਤੋਂ ਦੇਸ਼ ਦੀ ਰਾਖੀ ਲਈ ਵਚਨਬੱਧ ਰਹੇ ਹਨ।
ਉਨਾਂ ਕਿਹਾ ਕਿ ਫੰਡ ਵਿਚ ਕੋਈ ਵੀ ਯੋਗਦਾਨ ਸਾਡੇ ਬਹਾਦਰ ਸਿਪਾਹੀਆਂ ਦੁਆਰਾ ਪੇਸ਼ ਕੀਤੀਆਂ ਸ਼ਾਨਦਾਰ ਸੇਵਾਵਾਂ ਪ੍ਰਤੀ ਸਤਿਕਾਰ ਦਾ ਸੰਕੇਤ ਹੋਵੇਗਾ ਜੋ ਕਿ 24 ਘੰਟੇ ਦੇਸ਼ ਦੀ ਸਰਹੱਦ ਦੀ ਸੁਰੱਖਿਆ ’ਚ ਲੱਗੇ ਰਹਿੰਦੇ ਹਨ।
ਝੰਡਾ ਦਿਵਸ ਹਰ ਸਾਲ 7 ਦਸੰਬਰ ਨੂੰ ਸ਼ਹੀਦਾਂ ਦੇ ਸਨਮਾਨ ਅਤੇ ਭਾਰਤੀ ਹਥਿਆਰਬੰਦ ਫੌਜ ਦੇ ਬਹਾਦਰ ਫੌਜੀਆਂ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ।