ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਦੇ ਚੇਨਈ ਅਤੇ ਹੈਦਰਾਬਾਦ ਦੌਰੇ ‘ਤੇ
ਸਨਅਤੀ ਵਿਕਾਸ ਨੂੰ ਹੋਰ ਤੇਜ਼ ਕਰਨ ਅਤੇ ਸੂਬੇ ’ਚ ਨਿਵੇਸ਼ ਲਈ ਵੱਡੇ ਸਨਅਤਕਾਰਾਂ ਨੂੰ ਕਰਨਗੇ ਤਿਆਰ
ਚੰਡੀਗੜ੍ਹ 19 ਦਸੰਬਰ(ਵਿਸ਼ਵ ਵਾਰਤਾ) – ਸੂਬੇ ’ਚ ਸਨਅਤੀ ਵਿਕਾਸ ਨੂੰ ਹੋਰ ਤੇਜੀ ਨਾਲ ਅੱਗੇ ਵਧਾਉਣ ਦੇ ਉਦੇਸ਼ ਨੇਲ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੇਨਈ ਤੇ ਕੱਲ੍ਹ ਨੂੰ ਹੈਦਰਾਬਾਦ ਦਾ ਦੌਰਾ ਕਰਨਗੇ। ਜਿਸ ਨਾਲ ਸੂਬੇ ’ਚ ਨਿਵੇਸ਼ ਲਈ ਵੱਡੇ ਸਨਅਤਕਾਰਾਂ ਨੂੰ ਤਿਆਰ ਕੀਤਾ ਜਾ ਸਕੇ। ਮੁੱਖ ਮੰਤਰੀ ਬੀਤੀ ਸ਼ਾਮ ਨੂੰ ਚੇਨਈ ਪਹੁੰਚ ਗਏ ਹਨ ਤੇ ਉਹ ਅੱਜ ਪ੍ਰਮੁੱਖ ਖੇਤਰਾਂ ’ਚ ਨਿਵੇਸ਼ ਤੇ ਰਣਨੀਤਕ ਗਠਜੋੜ ਲਈ ਵਪਾਰਕ ਵਫ਼ਦਾਂ ਤੇ ਪ੍ਰਮੁੱਖ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਮਾਨ ਕੱਲ੍ਹ ਹੈਦਰਾਬਾਦ ’ਚ ਸਨਅਤਕਾਰਾਂ ਨਾਲ ਗੱਲਬਾਤ ਕਰਨਗੇ। ਮੁੱਖ ਮੰਤਰੀ ਦੇ ਇਸ ਦੋ ਦਿਨਾ ਅਹਿਮ ਦੌਰੇ ਨਾਲ ਸੂਬੇ ਨੂੰ ਵੱਡੇ ਨਿਵੇਸ਼, ਤਕਨੀਕੀ ਜਾਣਕਾਰੀ ਤੇ ਵੱਡੀਆਂ ਕੰਪਨੀਆਂ ਤੋਂ ਮੁਹਾਰਤ ਹਾਸਲ ਕਰਨ ਸਬੰਧੀ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਸੂਬਾ ਸਰਕਾਰ ਵੱਲੋਂ 23 ਤੇ 24 ਫਰਵਰੀ ਨੂੰ ਮੁਹਾਲੀ ’ਚ ਕਰਵਾਏ ਜਾ ਰਹੇ ਨਿਵੇਸ਼ ਸੰਮੇਲਨ ਲਈ ਸਨਅਤਕਾਰਾਂ ਨੂੰ ਸੱਦਾ ਦੇਣਗੇ। ਭਗਵੰਤ ਮਾਨ ਨੇ ਸੂਬੇ ਨੂੰ ਸਨਅਤੀ ਹੱਬ ਦੇ ਤੌਰ ’ਤੇ ਉਭਾਰਨ ਲਈ ਆਪਣੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਇਸਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।