ਚੰਡੀਗੜ੍ਹ, 23 ਅਸਗਤ (ਵਿਸ਼ਵ ਵਾਰਤਾ) : ਮੁਲਕ ਭਰ ਵਿਚ ਵਿੱਢੀ ਗਈ ‘ਮਿਸ਼ਨ ਸਵੱਛ ਤੇ ਸਵੱਸਥ’ ਦੀ ਲਗਾਤਾਰ ਜ਼ਿਲੇਵਾਰ ਕੀਤੀ ਜਾਂਦੀ ਨਜ਼ਰਸਾਨੀ ਦੇ ਕੱਲ ਐਲਾਨੇ ਗਏ ਨਤੀਜਿਆਂ ਅਨੁਸਾਰ ਪੰਜਾਬ ਦਾ ਫਤਹਿਗੜ੍ਹ ਸਾਹਿਬ ਜ਼ਿਲਾ ਪਹਿਲੇ ਅਤੇ ਬਰਨਾਲਾ ਜ਼ਿਲਾ ਨੌਵੇਂ ਸਥਾਨ ਉੱਤੇ ਆਇਆ ਹੈ।
ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੱਕ ਬੁਲਾਰੇ ਨੇ ਅੱਜ ਇਥੇ ਦਸਿਆ ਹੈ ਕਿ ਮੁਲਕ ਨੂੰ ੨੦੧੯ ਤੱਕ ਪੂਰੀ ਤਰਾਂ ‘ਸਵੱਛ ਅਤੇ ਸਵੱਸਥ’ ਬਣਾਉਣ ਲਈ ਸਾਰੇ ਸੂਬਿਆਂ ਵਿਚ ਚਲਾਈਆਂ ਜਾ ਰਹੀਆਂ ‘ਮਿਸ਼ਨ ਸਵੱਛ ਤੇ ਸਵੱਸਥ’ ਮੁਹਿੰਮਾਂ ਵਿਚ ਸਿਹਤਮੰਦ ਮੁਕਾਬਲਾ ਕਰਾਉਣ ਲਈ ਕੇਂਦਰ ਸਰਕਾਰ ਦੇ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ ਵਲੋਂ ਲਗਾਤਾਰ ਤੇ ਜ਼ਿਲੇਵਾਰ ਨਜ਼ਰਸਾਨੀ ਕੀਤੀ ਜਾਂਦੀ ਹੈ। ਹਰ ਰੋਜ਼ ਕੀਤੀ ਜਾਣ ਵਾਲੀ ਇਸ ਨਜ਼ਰਸਾਨੀ ਦੇ ਨਤੀਜਿਆਂ ਦੇ ਅਧਾਰ ਉੱਤੇ ਮੋਹਰੀ ਰਹਿਣ ਵਾਲੇ ਜ਼ਿਲਿਆਂ ਨੂੰ ਆਉਂਦੀ ੨ ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੁਰਸਕਾਰ ਦਿੱਤੇ ਜਾਣਗੇ। ਵਿਭਾਗ ਦੇ ਬੁਲਾਰੇ ਅਨੁਸਾਰ ਫਤਹਿਗੜ੍ਹ ਅਤੇ ਬਰਨਾਲਾ ਜ਼ਿਲੇ ਇਸ ਮੁਕਾਬਲੇ ਵਿਚ ਲਗਾਤਾਰ ਚੰਗੀ ਕਾਰਗੁਜ਼ਾਰੀ ਵਿਖਾ ਰਹੇ ਹਨ ਅਤੇ ਵਿਭਾਗ ਦੀ ਕੋਸ਼ਿਸ਼ ਹੈ ਕਿ ਇਹਨਾਂ ਜ਼ਿਲਿਆਂ ਦਾ ਸਥਾਨ ਬਰਕਰਾਰ ਰੱਖਣ ਦੇ ਨਾਲ ਨਾਲ ਹੋਰ ਜ਼ਿਲੇ ਵੀ ਮੁਕਾਬਲੇ ਵਿਚ ਆ ਸਕਣ।
ਇਸੇ ਦੌਰਾਨ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਕਿ ਇਸ ਮੁਹਿੰਮ ਵਿਚ ਪਛੜੇ ਹੋਏ ਜ਼ਿਲਿਆਂ ਗੁਰਦਾਸਪੁਰ, ਫਿਰੋਜ਼ਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ। ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਇਹਨਾਂ ਜ਼ਿਲਿਆਂ ਵਿਚ ਬੰਦ ਪਾਈਆਂ ਜਲ ਸਪਲਾਈ ਸਕੀਮਾਂ ਨੂੰ ਚਾਲੂ ਕਰਨ, ਇਹਨਾਂ ਨੂੰ ੧੦ ਅਤੇ੨੪ ਘੰਟੇ ਸਪਲਾਈ ਸਕੀਮ ਤਹਿਤ ਲਿਆਉਣ, ਪਿੰਡਾਂ ਵਿਚ ਲੈਟਰੀਨਾਂ ਬਣਾਉਣ ਅਤੇ ਪਿੰਡਾਂ ਨੂੰ ਖੁੱਲੇਆਮ ਪਖਾਨੇ ਤੋਂ ਮੁਕਤ ਕਰਨ ਦੇ ਚੱਲ ਰਹੇ ਕੰਮਾਂ ਦੀ ਲਗਾਤਾਰ ਨਜ਼ਰਸਾਨੀ ਕੀਤੀ ਜਾਵੇ ਅਤੇ ਇਸ ਸਬੰਧੀ ਹਰ ਹਫਤੇ ਉਹਨਾਂ ਨੂੰ ਰਿਪੋਰਟ ਪੇਸ਼ ਕੀਤੀ ਜਾਵੇ।
ਦਿਹਾਤੀ ਪੰਜਾਬ ਨੂੰ ਖੁੱਲੇ ਵਿਚ ਪਖਾਨੇ ਦੀ ਆਦਤ ਤੋਂ ਮੁਕਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਸਬੰਧੀ ਦਸਦਿਆਂ ਸ਼੍ਰੀ ਬਾਜਵਾ ਨੇ ਕਿਹਾ ਕਿ ਇਸ ਵੇਲੇ ਸੂਬੇ ਦੇ ੧੦ ਜ਼ਿਲੇ ਖੁੱਲੇ ਵਿਚ ਪਖਾਨਾ ਜਾਣ ਤੋਂ ਪੂਰੀ ਤਰਾਂ ਮੁਕਤ ਕਰ ਦਿੱਤੇ ਗਏ ਹਨ ਜਦੋਂ ਕਿ ਪਟਿਆਲਾ ਅਤੇ ਮਾਨਸਾ ਜ਼ਿਲਿਆਂ ਦੇ ਅੱਧੇ ਤੋਂ ਵੱਧ ਪਿੰਡ ਇਸ ਸਮਾਜਿਕ ਲਾਹਨਤ ਤੋਂ ਮੁਕਤ ਹੋ ਗਏ ਹਨ। ਉਹਨਾਂ ਦਸਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਨੂੰ ਇਸ ਵਰ੍ਹੇ ਦੇ ਅੰਤ ਤੱਕ ਪੂਰੇ ਪੰਜਾਬ ਦੇ ਪਿੰਡਾਂ ਨੂੰ ਖੁੱਲੇ ਵਿਚ ਪਖਾਨਾ ਜਾਣ ਤੋਂ ਮੁਕਤ ਕਰਨ ਦਾ ਟੀਚਾ ਦਿੱਤਾ ਗਿਆ ਹੈ, ਪਰ ਵਿਭਾਗ ਦੀ ਕੋਸ਼ਿਸ਼ ਹੈ ਕਿ ਇਹ ਟੀਚਾ ਨਵੰਬਰ ਦੇ ਅੰਤ ਤੱਕ ਹਾਸਲ ਕਰ ਲਿਆ ਜਾਵੇ।
ਮੰਤਰੀ ਨੇ ਸੂਬੇ ਦੇ ਸਾਰੇ ਵਸਨੀਕਾਂ ਨੁੰ ‘ਮਿਸ਼ਨ ਸਵੱਛ ਤੇ ਸਵੱਸਥ ਪੰਜਾਬ’ ਤਹਿਤ ਮਿੱਥੇ ਗਏ ਨਤੀਜਿਆਂ ਨੂੰ ਹਾਸਲ ਕਰਨ ਲਈ ਮਹਿਕਮੇ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਘਰਾਂ ਵਿਚ ਲੈਟਰੀਨਾਂ ਨਹੀਂ ਹਨ ਉਹਨਾਂ ਨੂੰ ਵਿਭਾਗ ਦੇ ਸਹਿਯੋਗ ਨਾਲ ਲੈਟਰੀਨਾਂ ਬਣਵਾ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਨਵੇਂ ਵਰ੍ਹੇ ਦੇ ਚੜਣ ਤੋਂ ਪਹਿਲਾਂ ਪਹਿਲਾਂ ਪੰਜਾਬ ਨੂੰ ਖੁਲ੍ਹੇਆਮ ਪਖਾਨਾ ਜਾਣ ਦੀ ਲਾਹਨਤ ਤੋਂ ਮੁਕਤ ਕੀਤਾ ਜਾ ਸਕੇ। ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਜਲ ਸਪਲਾਈ ਸਕੀਮਾਂ ਨੂੰ ਖੁਦ ਸੰਭਾਲਣ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹਨਾਂ ਨੂੰ ਚੌਵੀ ਘੰਟੇ ਸਪਲਾਈ ਵਾਲੀਆਂ ਸਕੀਮਾਂ ਬਣਾਉਣ।
ਮਿਸ਼ਨ ਸਵੱਛ ਤੇ ਸਵੱਸਥ ਮੁਹਿੰਮ ’ਚ ਫਤਿਹਗੜ੍ਹ ਸਾਹਿਬ ਪਹਿਲੇ ਸਥਾਨ ‘ਤੇ
Advertisement
Advertisement