ਮਾਝੇ ‘ਚ ਗਰਜੇ ਮਾਨ! ਸ਼ੈਰੀ ਕਲਸੀ ਲਈ ਗੁਰਦਾਸਪੁਰ ‘ਚ ‘ਆਪ’ ਦੀ ਚੋਣ ਮੁਹਿੰਮ ਕੀਤੀ ਸ਼ੁਰੂ
….ਜੇ ਤੁਸੀਂ ਫਿਰ ਤੋਂ ਨਫ਼ਰਤ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਵੋਟਾਂ ਦਿੱਤੀਆਂ ਤਾਂ ਇਹ ਦੇਸ਼ ਵਿਚ ਆਖ਼ਰੀ ਚੋਣਾਂ ਹੋਣਗੀਆਂ ਉਹ ਭਾਰਤ ਨੂੰ ਤਾਨਾਸ਼ਾਹੀ ਬਣਾ ਦੇਣਗੇ: ਮਾਨ
ਭਗਵੰਤ ਮਾਨ ਦਾ ਪ੍ਰਤਾਪ ਬਾਜਵਾ ‘ਤੇ ਹਮਲਾ: ਪੀਡਬਲਊਡੀ ਮੰਤਰੀ ਰਹਿੰਦਿਆਂ ਬਣਵਾਏ ਟੋਲ, ਮੈਂ ਉਨ੍ਹਾਂ ਨੂੰ ਬੰਦ ਕਰਵਾਇਆ
…ਪਹਿਲਾਂ ਐਮਪੀ ਵੋਟਾਂ ਲੈ ਕੇ ਗੁਰਦਾਸਪੁਰ ਨਹੀਂ ਆਏ, ਜਦੋਂ ਤੱਕ ਅਸੀਂ ਤੁਹਾਡੇ ਵਿਚਕਾਰ ਨਹੀਂ ਜਾਂਦੇ, ਉਦੋਂ ਤੱਕ ਸਾਨੂੰ ਨੀਂਦ ਨਹੀਂ ਆਉਂਦੀ: ਭਗਵੰਤ ਮਾਨ
..ਮਾਨ ਨੇ ਗੁਰਦਾਸਪੁਰ ਦੇ ਲੋਕਾਂ ਨੂੰ ਕਿਹਾ-ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਆਪਣਾ ਸੰਸਦ ਚੁਣੋ, ਉਨ੍ਹਾਂ ਕੋਲ ਤਜ਼ਰਬਾ ਹੈ, ਬਾਕੀ ਪਾਸਵਰਡ ਮੈਂ ਦੇ ਦੇਵਾਂਗਾ, ਉਹ ਤੁਹਾਡੇ ਵਰਗਾ ਹੈ, ਉਹ ਸੰਸਦ ਵਿੱਚ ਤੁਹਾਡੀ ਮਜ਼ਬੂਤ ਆਵਾਜ਼ ਬਣੇਗਾ
…..ਭਗਵੰਤ ਮਾਨ ਨੇ ਮਾਝੇ ‘ਚ ਚੋਣ ਪ੍ਰਚਾਰ ਦਾ ਬਿਗਲ ਵਜਾਉਣ ਤੋਂ ਪਹਿਲਾਂ ਇਤਿਹਾਸਕ ਹਨੂੰਮਾਨ ਮੰਦਰ ‘ਚ ਵੀ ਟੇਕਿਆ ਮੱਥਾ
ਚੰਡੀਗੜ੍ਹ, 25 ਅਪ੍ਰੈਲ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਗੁਰਦਾਸਪੁਰ ‘ਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼ੈਰੀ ਕਲਸੀ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਮਾਨ ਨੇ ਅਕਾਲੀ ਅਤੇ ਕਾਂਗਰਸੀ ਆਗੂਆਂ ‘ਤੇ ਨਿਸ਼ਾਨਾ ਸਾਧਿਆ ਅਤੇ ਗੁਰਦਾਸਪੁਰ ਦੇ ਪਿਛਲੇ ਸੰਸਦ ਮੈਂਬਰਾਂ ਵੱਲੋਂ ਇਸ ਸੀਟ ਨੂੰ ਜਿੱਤਣ ਤੋਂ ਬਾਅਦ ਨਜ਼ਰਅੰਦਾਜ਼ ਕਰਨ ‘ਤੇ ਵੀ ਅਫ਼ਸੋਸ ਜਤਾਇਆ। ਰੈਲੀ ਗਰਾਊਂਡ ਵਿੱਚ ਪਹੁੰਚਣ ਤੋਂ ਪਹਿਲਾਂ ਮਾਨ ਨੇ ਗੁਰਦਾਸਪੁਰ ਦੇ ਇਤਿਹਾਸਕ ਹਨੂੰਮਾਨ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਤੇ ਪੰਜਾਬੀਆਂ ਦੀ ਖੁਸ਼ਹਾਲੀ ਤੇ ਤਰੱਕੀ ਲਈ ਪ੍ਰਾਰਥਨਾ ਕੀਤੀ।
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਇਹ ਚੋਣ ਜਿੱਤਣ ਜਾਂ ਕਿਸੇ ਨੂੰ ਹਰਾਉਣ ਦੀ ਨਹੀਂ ਹੈ। ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਇਹ ਚੋਣ ਸਾਡੇ ਲਈ ਆਖ਼ਰੀ ਮੌਕਾ ਹੈ। ਇਹ ਚੋਣ ਸਾਡੇ ਲੋਕਤੰਤਰ ਨੂੰ ਬਚਾਉਣ ਦਾ ਇੱਕ ਮੌਕਾ ਹੈ, ਜੇਕਰ ਨਫ਼ਰਤ ਫੈਲਾਉਣ ਵਾਲੇ ਦੁਬਾਰਾ ਸੱਤਾ ਵਿੱਚ ਆਏ ਤਾਂ ਉਹ ਸਾਡੇ ਲੋਕਤੰਤਰ ਨੂੰ ਖ਼ਤਮ ਕਰ ਦੇਣਗੇ ਅਤੇ ਭਾਰਤ ਨੂੰ ਤਾਨਾਸ਼ਾਹੀ ਦੇਸ਼ ਬਣਾ ਦੇਣਗੇ, ਸਾਡੇ ਦੇਸ਼ ਵਿੱਚ ਮੁੜ ਚੋਣਾਂ ਨਹੀਂ ਹੋਣਗੀਆਂ। ਮਾਨ ਨੇ ਵੋਟਰਾਂ ਨੂੰ ਕਿਹਾ ਕਿ ਉਹ ਆਪਣੇ ਵੋਟਰ ਕਾਰਡਾਂ ਨੂੰ ਧਿਆਨ ਨਾਲ ਦੇਖਣ। ਤੁਹਾਡੇ ਵੋਟਰ ਕਾਰਡਾਂ ਵਿੱਚ ਸਾਡੇ ਸ਼ਹੀਦਾਂ ਦੀ ਖੂਨ ਦੀ ਖੁਸ਼ਬੂ ਹੈ। ਉਨ੍ਹਾਂ ਵੋਟਰ ਕਾਰਡਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਅਤੇ ਲਾਲਾ ਲਾਜਪਤ ਰਾਏ ਦੇ ਖ਼ੂਨ ਦੀ ਮਹਿਕ ਤੁਹਾਨੂੰ ਮਹਿਸੂਸ ਹੋਵੇਗੀ, ਕਿਉਂਕਿ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਲੋਕ ਸਾਂਹ ਲੈਂਦੇ ਸਨ, ਕੰਮ ਕਰਦੇ ਸਨ, ਵਿਆਹ ਕਰਦੇ ਸਨ ਪਰ ਉਦੋਂ ਸਾਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਸਾਡੇ ਸ਼ਹੀਦਾਂ ਨੇ ਇਸ ਹੱਕ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਸ ਲਈ ਆਪਣੇ ਵੋਟ ਦੇ ਅਧਿਕਾਰਾਂ ਦੀ ਵਰਤੋਂ ਜ਼ੁੰਮੇਵਾਰੀ ਨਾਲ ਕਰੋ, ਕਿਸੇ ਲਾਲਚ ਵਿੱਚ ਆ ਕੇ ਆਪਣੀ ਵੋਟ ਨੂੰ ਬਰਬਾਦ ਨਾ ਕਰੋ, ਆਪਣੀ ਵੋਟ ਸ਼ਰਾਬ, ਨਸ਼ੇ ਜਾਂ ਨਕਦੀ ਲਈ ਨਾ ਵੇਚੋ। ਤੁਸੀਂ ਆਪ ਫ਼ੈਸਲਾ ਕਰੋ, ਅਸੀਂ ਆਪਣੇ ਸ਼ਹੀਦਾਂ ਦੇ ਰਿਣੀ ਹੈ।
ਮਾਨ ਨੇ ਗੁਰਦਾਸਪੁਰ ਦੇ ਪਿਛਲੇ ਸੰਸਦ ਮੈਂਬਰਾਂ ‘ਤੇ ਵੀ ਦੁੱਖ ਜਤਾਉਂਦੇ ਹੋਏ ਕਿਹਾ ਕਿ ‘ਢਾਈ ਕਿੱਲੋ ਕਾ ਹਾਥ’ ਸਰਹੱਦ ਦੇ ਦੂਜੇ ਪਾਸੇ ਹੈਂਡ ਪੰਪ ਪੁੱਟ ਰਿਹਾ ਹੈ, ਪਰ ਉਸ ਨੂੰ ਸੰਸਦ ‘ਚ ਭੇਜਣ ਵਾਲੇ ਲੋਕਾਂ ਦੀ ਕਦੇ ਯਾਦ ਨਹੀਂ ਆਈ। ਇਸ ਤੋਂ ਪਹਿਲਾਂ ਤੁਸੀਂ ਇੱਕ ਹੋਰ ਅਭਿਨੇਤਾ ਨੂੰ ਚੁਣਿਆ, ਜੋ ਸੰਸਦ ਵਿੱਚ ਮੈਨੂੰ ਪੁੱਛਦਾ ਸੀ ਕਿ ਮੈਂ ਲੋਕਾਂ ਵਿੱਚ ਕਿਉਂ ਜਾਂਦਾ ਹਾਂ। ਉਹ ਬੰਬਈ ਦੇ ਹਨ, ਪੰਜਾਬ ਦਾ ਸੂਰਜ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ, ਪਰ ਅਸੀਂ ਤੁਹਾਡੇ ਵਰਗੇ ਆਮ ਲੋਕ ਹਾਂ, ਮੈਨੂੰ ਨੀਂਦ ਵੀ ਨਹੀਂ ਆਉਂਦੀ ਜੇ ਮੈਂ ਆਪਣੇ ਲੋਕਾਂ ਵਿੱਚ ਨਾ ਜਾਵਾਂ। ਸ਼ੈਰੀ ਕਲਸੀ ਤੁਹਾਡੇ ਵਰਗਾ ਹੈ, ਉਸ ਨੂੰ ਚੁਣੋ, ਉਸ ਨੂੰ ਪਾਰਲੀਮੈਂਟ ਵਿੱਚ ਭੇਜੋ, ਉਸ ਕੋਲ ਤਜ਼ਰਬਾ ਹੈ, ਬਾਕੀ ਪਾਸਵਰਡ ਮੈਂ ਦੇ ਦੇਵਾਂਗਾ, ਉਹ ਸੰਸਦ ਵਿੱਚ ਤੁਹਾਡੀ ਆਵਾਜ਼ ਬਣੇਗਾ, ਉਹ ਤੁਹਾਡੇ ਕੰਮ ਕਰਨ ਲਈ ਤੁਹਾਡੇ ਵਿਚਕਾਰ ਰਹੇਗਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਨੂੰ ਪਿਛਲੇ 10 ਸਾਲਾਂ ਵਿੱਚ ਅਣਗਹਿਲੀ ਕਾਰਨ ਜੋ ਨੁਕਸਾਨ ਝੱਲਣਾ ਪਿਆ ਹੈ, ਉਸ ਦਾ ਵੀ ‘ਆਪ’ ਉਮੀਦਵਾਰ ਹੀ ਨਿਪਟਾਰਾ ਕਰੇਗਾ।
ਭਗਵੰਤ ਮਾਨ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੇ ਸੁਪਨਿਆਂ ਦਾ ਕਤਲ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਇਹ ਉਹੀ ਵਿਅਕਤੀ ਹਨ ਜੋ ਆਮ ਪਰਿਵਾਰਾਂ ਦੇ ਧੀਆਂ-ਪੁੱਤਾਂ ਨੂੰ ਮਟੀਰੀਅਲ ਕਹਿੰਦੇ ਸਨ। ਉਨ੍ਹਾਂ ਨੇ ਲੋਕ ਨਿਰਮਾਣ ਮੰਤਰੀ ਹੁੰਦਿਆਂ ਚੰਡੀਗੜ੍ਹ ਤੋਂ ਗੁਰਦਾਸਪੁਰ ਹਾਈਵੇ ਤੱਕ ਸਭ ਤੋਂ ਵੱਧ ਟੋਲ ਪਲਾਜ਼ੇ ਬਣਾਏ। ਉਨ੍ਹਾਂ ਆਪਣੇ ਹਲਕੇ ਦੇ ਆਮ ਲੋਕਾਂ ਲਈ ਕੁਝ ਕਰਨ ਦੀ ਬਜਾਏ ਲੁਟੇਰਿਆਂ ਦਾ ਸਾਥ ਦਿੱਤਾ, ਮੈਂ ਸੱਤਾ ‘ਚ ਆ ਕੇ ਉਹ ਟੋਲ ਪਲਾਜ਼ੇ ਬੰਦ ਕਰਵਾਏ। ਉਹ (ਕਾਂਗਰਸੀ ਅਤੇ ਅਕਾਲੀ ਸਰਕਾਰਾਂ) ਇਨ੍ਹਾਂ ਟੋਲ ਪਲਾਜ਼ਿਆਂ ਦੀ ਸਮਾਂ ਸੀਮਾ ਵਧਾ ਕੇ ਆਮ ਲੋਕਾਂ ਨੂੰ ਲੁੱਟਣ ਦਾ ਲਾਇਸੈਂਸ ਦਿੰਦੇ ਸਨ। ਉਨ੍ਹਾਂ ਕਿਹਾ ਕਿ ਬਾਜਵਾ ਦਾ ਆਪਣਾ ਭਰਾ ਭਾਜਪਾ ‘ਚ ਹੈ। ਲੋਕਾਂ ਨੇ ਉਨ੍ਹਾਂ ‘ਤੇ ਵਾਰ-ਵਾਰ ਭਰੋਸਾ ਕੀਤਾ, ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ‘ਚ ਭੇਜਿਆ ਪਰ ਉਨ੍ਹਾਂ ਨੇ ਲੋਕਾਂ ਲਈ ਕੁਝ ਨਹੀਂ ਕੀਤਾ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਲੋਕਾਂ ਦੀਆਂ ਵੋਟਾਂ ਹੀ ਮਾਨ ਸਰਕਾਰ ਦੇ ਕੰਮਾਂ ਦਾ ਇਨਾਮ ਹੋਵੇਗਾ। ਤੁਹਾਡੀਆਂ ਵੋਟਾਂ ਸਾਡੇ ਫ਼ੈਸਲਿਆਂ ਅਤੇ ਕੰਮਾਂ ਉੱਤੇ ਮੋਹਰ ਲਗਾਉਣਗੇ। ਉਨ੍ਹਾਂ ਕਿਹਾ ਕਿ ਸ਼ੈਰੀ ਕਲਸੀ ਨੂੰ ਆਪਣਾ ਸੰਸਦ ਮੈਂਬਰ ਚੁਣੋ, ਇਸ ਨਾਲ ਮੇਰਾ ਵੀ ਆਤਮਵਿਸ਼ਵਾਸ ਵਧੇਗਾ, ਮੈਂ ਗੁਰਦਾਸਪੁਰ ਦੇ ਵਿਕਾਸ ਲਈ ਹੋਰ ਵੀ ਮਿਹਨਤ ਕਰਾਂਗਾ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਮੈਨੂੰ 13 ਹੋਰ ਹੱਥ ਅਤੇ ਆਵਾਜਾਂ ਦੇਣ ਤਾਂ ਕਿ ਮੈਂ ਪੰਜਾਬ ਅਤੇ ਲੋਕਾਂ ਲਈ ਮਜਬੂਤੀ ਨਾਲ ਕੰਮ ਕਰ ਸਕਾਂ।
ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਸੀ, ਉਸ ਵਿਚ ਵੀ ਜ਼ਿਆਦਾ ਸਮਾਂ ਬਿਜਲੀ ਕੱਟ ਲੱਗਦੇ ਸੀ, ਕਿਉਂਕਿ ਸਾਡੇ ਸਿਆਸਤਦਾਨਾਂ ਨੂੰ ਖੇਤੀ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਸੀ। ਜਦੋਂ ਸਾਡੀ ਸਰਕਾਰ ਬਣੀ ਤਾਂ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਕਿਸਾਨਾਂ ਨੂੰ 11 ਘੰਟੇ ਨਿਰਵਿਘਨ ਬਿਜਲੀ ਦੇਣ ਦੀ ਹਿਦਾਇਤ ਕੀਤੀ ਅਤੇ ਉਹ ਵੀ ਦਿਨ ਦੇ ਸਮੇਂ ਤਾਂ ਜੋ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀਆਂ ਫ਼ਸਲਾਂ ਨੂੰ ਪਾਣੀ ਦੇ ਸਕਣ। ਭਗਵੰਤ ਮਾਨ ਨੇ ਕਿਹਾ ਕਿ ਦਿਨ ਦੇ ਸਮੇਂ ਅਸੀਂ ਖੇਤੀਬਾੜੀ ਲਈ ਬਿਜਲੀ ਦਿੰਦੇ ਹਾਂ ਅਤੇ ਰਾਤ ਨੂੰ ਵਾਧੂ ਬਿਜਲੀ ਮੁੰਬਈ ਵਰਗੇ ਵੱਡੇ ਸ਼ਹਿਰਾਂ ਨੂੰ ਵੇਚਦੇ ਹਾਂ। ਮਾਨ ਨੇ ਕਿਹਾ ਕਿ ਪੀਐਸਪੀਸੀਐਲ ਨੇ ਬਿਜਲੀ ਵੇਚ ਕੇ 90 ਕਰੋੜ ਰੁਪਏ ਕਮਾਏ ਹਨ। ਇਹ ਸਿਰਫ਼ ਇਸ ਲਈ ਸੰਭਵ ਹੋਇਆ ਕਿਉਂਕਿ ਸਾਡੇ ਕੋਲ ਹੁਣ ਤਿੰਨ ਥਰਮਲ ਪਲਾਂਟ ਹਨ ਅਤੇ ਝਾਰਖੰਡ ਵਿੱਚ ਕੋਲੇ ਦੀ ਖਾਣ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਅੱਗ ਲੱਗਣ ਦੀਆਂ ਕੁਝ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ, ਪਰੰਤੂ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਸਰਕਾਰ ਤੁਹਾਡੇ ਹੋਏ ਹਰ ਇਕ ਨੁਕਸਾਨ ਦੀ ਭਰਪਾਈ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਤੁਹਾਡੇ ਘਰਾਂ ਦੇ ਚੁੱਲ੍ਹੇ ਦੀ ਅੱਗ ਜਗਾਉਣ ਅਤੇ ਤੁਹਾਡੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਹੀ ਬਣੀ ਹਨ।
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਇਕ ਬੇਨਤੀ ‘ਤੇ ਕਿਸਾਨਾਂ ਨੇ ਪੂਸਾ-44 ਦੀ ਬਜਾਏ ਪੀ.ਆਈ.ਆਰ.-126, ਪੀ.ਆਈ.ਆਰ.-127, ਪੀ.ਆਈ.ਆਰ.-128 ਆਦਿ ਦੀ ਖੇਤੀ ਕੀਤੀ, ਜਿਸ ਨਾਲ 477 ਕਰੋੜ ਰੁਪਏ ਦੀ ਬਿਜਲੀ ਅਤੇ 500 ਅਰਬ ਕਿਊ ਬਿੱਕ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਈ। ਟਾਈਮਜ਼ ਆਫ਼ ਇੰਡੀਆ ਨੇ ਇਸ ‘ਤੇ ਵਿਸਤ੍ਰਿਤ ਖ਼ਬਰ ਪ੍ਰਕਾਸ਼ਿਤ ਕੀਤੀ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕਾਨੂੰਨ ਬਣਾਉਣ ਦੀ ਵੀ ਲੋੜ ਨਹੀਂ ਹੈ, ਕਿਉਂਕਿ ਲੋਕ ਉਨ੍ਹਾਂ ਦੀ ਗੱਲ ਸੁਣਦੇ ਹਨ ਅਤੇ ਸਾਡੇ ਸੂਬੇ ਦੇ ਸਰੋਤਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਨਾਲ ਇੱਕਜੁੱਟ ਹੋ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਹ ਲੋਕਾਂ ਤੋਂ ਪੁੱਛ ਕੇ ਕੰਮ ਕੰਮ ਕਰਦੇ ਹਨ, ਉਹ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਮੰਗਾਂ ਸੁਣਦੇ ਹਨ।
ਮਾਨ ਨੇ ਅਕਾਲੀ ਦਲ ‘ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਹਰਸਿਮਰਤ ਬਾਦਲ ਨੂੰ ਤਾਂ ਲਾਲ ਮਿਰਚ ਅਤੇ ਹਰੀ ਮਿਰਚ ਦਾ ਨਹੀਂ ਪਤਾ ਅਤੇ ਸੁਖਬੀਰ ਬਾਦਲ ਨੂੰ ਇਹ ਨਹੀਂ ਪਤਾ ਕਿ ਗੰਨਾ ਕਿਵੇਂ ਬੀਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਬਾਦਲ ਦੀ ਟਿਕਟ ‘ਤੇ ਚੋਣ ਲੜਨ ਲਈ ਵੀ ਕੋਈ ਤਿਆਰ ਨਹੀਂ, ਉਹ 13 ਉਮੀਦਵਾਰ ਵੀ ਨਹੀਂ ਲੱਭ ਸਕੇ, ਉਹ ਪੰਜਾਬ ‘ਚ ਖ਼ਤਮ ਹੋ ਚੁੱਕੇ ਹਨ। ਸੁਖਬੀਰ ਬਾਦਲ ‘ਪੰਜਾਬ ਬਚਾਓ ਯਾਤਰਾ’ ਕੱਢ ਰਿਹਾ ਹੈ, ਇਸ ਯਾਤਰਾ ਵਿਚ ਉਹ ਪੰਜਾਬ ਬਚਾਉਣ ਦੀਆਂ ਗੱਲਾਂ ਕਰ ਰਿਹਾ ਹੈ, ਜਦਕਿ ਅਸੀਂ ਹੁਣੇ ਪੰਜਾਬ ਨੂੰ ਮਸਾਂ ਬਾਦਲਾਂ ਤੋਂ ਬਚਾਇਆ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਹਨਾਂ ਦੀ ਧਰਮਰਾਜ ਨਾਲ ਕੋਈ ਗੱਲ ਹੋ ਗਈ ਹੋਵੇ, ਕਿਉਂਕਿ ਬਾਕੀ ਲੋਕ ਜਾਣਦੇ ਹਨ ਕਿ ਮਰਨ ਤੋਂ ਬਾਅਦ ਕੁੱਝ ਸਾਡੇ ਨਾਲ ਨਹੀਂ ਜਾਂਦਾ, ਪਰ ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਲੁੱਟਦੇ ਰਹੇ ਹਨ ਕਿ ਉਹ ਪਰਲੋਕ ਵਿੱਚ ਵੀ ਇਹ ਸਭ ਆਪਣੇ ਨਾਲ ਲੈ ਜਾਣਗੇ। ਉਨ੍ਹਾਂ ਕਿਹਾ ਕਿ ਉਹ ਹੁਣ ਜੋ ਮਰਜ਼ੀ ਕਰ ਲੈਣ ਪਰ ਪੰਜਾਬ ਦੇ ਲੋਕ ਇਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ,ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਲਈ ਇਹ ਜ਼ਿੰਮੇਵਾਰ ਹਨ, ਇਨ੍ਹਾਂ ਨੇ ਸਾਡੀ ਨੌਜਵਾਨੀ ਅਤੇ ਉਨ੍ਹਾਂ ਦਾ ਭਵਿੱਖ ਬਰਬਾਦ ਕੀਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਸਾਡੇ ਦੇਸ਼ ‘ਚ ਭ੍ਰਿਸ਼ਟਾਚਾਰ ਦਾ ਕਿੰਨਾ ਨੁਕਸਾਨ ਹੋਇਆ ਹੈ, ਮੈਂ ਉਨ੍ਹਾਂ ਨੂੰ ਕਿਹਾ ਕਿ ਨੁਕਸਾਨ ਰੁੱਕ ਤਾਂ ਲੈਣ ਦਿਓ ਤਾਂ ਹੀ ਇਸ ਦਾ ਅਸੀ ਹਿਸਾਬ ਲਾਵਾਂਗੇ, ਕਿਉਂਕਿ ਨੁਕਸਾਨ ਅਤੇ ਭ੍ਰਿਸ਼ਟਾਚਾਰ ਅਜੇ ਵੀ ਜਾਰੀ ਹੈ। ਕੇਂਦਰ ‘ਤ ਬੈਠੇ ਲੁਟੇਰੇ ਦੇਸ਼ ਦਾ ਸਰਮਾਇਆ ਪੂੰਜੀਪਤੀਆਂ ਨੂੰ ਵੇਚ ਰਹੇ ਹਨ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਹੋਣ ਵਾਲਾ ਨੁਕਸਾਨ ਉਸ ਦਿਨ ਰੁੱਕੇਗਾ ਜਿਸ ਦਿਨ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਬਣਨਗੇ, ਜਿਸ ਦਿਨ ਕੇਂਦਰ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ।