ਭਾਜਪਾ ਵੱਲੋਂ ਪੰਜਾਬ ’ਚ ਹਲਕਾ ਇੰਚਾਰਜ ਨਿਯੁਕਤ
ਚੰਡੀਗੜ੍ਹ, 3ਮਈ(ਵਿਸ਼ਵ ਵਾਰਤਾ) ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੇ 13 ਸਰਕਲਾਂ ਦੇ ਇੰਚਾਰਜਾਂ ਅਤੇ ਕਨਵੀਨਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਸਭ ਤੋਂ ਮਹੱਤਵਪੂਰਨ ਨਾਮ ਵਿਜੇ ਸਾਂਪਲਾ ਹੈ। ਵਿਜੇ ਸਾਂਪਲਾ ਨੂੰ ਭਾਜਪਾ ਨੇ ਲੁਧਿਆਣਾ ਦੀ ਕਮਾਨ ਸੌਂਪੀ ਹੈ। ਸਾਂਪਲਾ ਲੰਬੇ ਸਮੇਂ ਤੋਂ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਸਨ ਪਰ ਪਿਛਲੇ ਦਿਨੀਂ ਜਦੋਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਸਾਂਪਲਾ ਦੇ ਘਰ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਉਹ ਕਿਸੇ ਵੀ ਪਾਰਟੀ ‘ਚ ਸ਼ਾਮਲ ਨਹੀਂ ਹੋ ਰਹੇ ਹਨ। ਹੁਣ ਉਨ੍ਹਾਂ ਨੂੰ ਲੁਧਿਆਣਾ ਦੀ ਕਮਾਨ ਸੌਂਪੀ ਗਈ ਹੈ। ਇਸੇ ਤਰ੍ਹਾਂ ਬਠਿੰਡਾ ‘ਚ ਭਾਜਪਾ ਦੇ ਦੋ ਇੰਚਾਰਜ/ ਸਹਿ-ਇੰਚਾਰਜ ਨਿਯੁਕਤ ਕੀਤੇ ਹਨ, ਜਿਸ ਵਿਚ ਦਿਆਲ ਸੋਢੀ ਅਤੇ ਸ਼ਿਵਰਾਜ ਚੌਧਰੀ ਦੇ ਨਾਮ ਸ਼ਾਮਲ ਹਨ। ਸਾਬਕਾ ਵਿਧਾਇਕ ਕੇਡੀ ਭੰਡਾਰੀ ਨੂੰ ਜਲੰਧਰ, ਅਵਿਨਾਸ਼ ਖੰਨਾ ਨੂੰ ਅੰਮ੍ਰਿਤਸਰ ਅਤੇ ਸੁੰਦਰ ਸ਼ਿਆਮ ਅਰੋੜਾ ਨੂੰ ਫਿਰੋਜ਼ਪੁਰ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ।