ਭਾਜਪਾ ਮੰਤਰੀ ਦੇ ਬੇਟੇ ਨੇ ਕਿਸਾਨਾਂ ਤੇ ਚੜ੍ਹਾਈ ਗੱਡੀ,ਤਿੰਨ ਕਿਸਾਨਾਂ ਦੀ ਮੌਤ
ਯੂ ਪੀ ‘ਚ ਸ਼ਾਂਤਮਈ ਵਿਰੋਧ ਮਗਰੋਂ ਵਾਪਸ ਜਾ ਰਹੇ ਸਨ ਕਿਸਾਨ
ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿੰਦਾ, ਕਿਸਾਨਾਂ ਦੇ ਪਰਿਵਾਰਾਂ ਨਾਲ ਜਤਾਈ ਡੂੰਘੀ ਹਮਦਰਦੀ
ਚੰਡੀਗੜ੍ਹ,3 ਅਕਤੂਬਰ (ਵਿਸ਼ਵ ਵਾਰਤਾ)-ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਲਗਾਤਾਰ ਜਿੱਤ ਵੱਲ ਵਧਦੇ ਕਦਮਾਂ ਤੋਂ ਬੁਖਲਾਹਟ ਵਿੱਚ ਆਈ ਯੂ ਪੀ ਦੀ ਭਾਜਪਾ ਸਰਕਾਰ ਦੇ ਮੰਤਰੀ ਦੇ ਗੁੰਡਾਗਰਦ ਮੁੰਡੇ ਵੱਲੋਂ ਸ਼ਾਂਤਮਈ ਜਾ ਰਹੇ 3 ਕਿਸਾਨਾਂ ਨੂੰ ਗੱਡੀ ਹੇਠ ਕੁਚਲ ਕੇ ਮਾਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ ਅਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਗਈ ਹੈ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਦੱਸਿਆ ਗਿਆ ਹੈ ਕਿ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ਸ਼ੀਲ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਭਾਰੀ ਗਿਣਤੀ ‘ਚ ਕਿਸਾਨ ਯੂ ਪੀ ਦੇ ਉੱਪ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਾਰਨ ਦਾ ਸ਼ਾਂਤਮਈ ਵਿਰੋਧ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੈਲੀਕਾਪਟਰ ਦਾ ਰਸਤਾ ਬਦਲਣ ਮਗਰੋਂ ਸ਼ਾਂਤਮਈ ਵਾਪਸ ਜਾ ਰਹੇ ਕਿਸਾਨਾਂ ਨੂੰ ਕੁਚਲਣ ਵਾਲਾ ਇਹ ਕਾਰਾ ਕੀਤਾ ਗਿਆ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਵਾਲੇ ਦੇਸ਼ ਵਿਆਪੀ ਸਾਂਝੇ ਸੰਘਰਸ਼ ਦੇ ਯੂ ਪੀ ਸਮੇਤ ਅਨੇਕਾਂ ਸੂਬਿਆਂ ਵਿੱਚ ਹੋ ਰਹੇ ਵਿਸ਼ਾਲ ਪਸਾਰੇ ਅਤੇ ਲੜਾਕੂ ਤੰਤ ਨੇ ਭਾਜਪਾ ਹਕੂਮਤਾਂ ਨੂੰ ਹੱਥਾਂ ਪੈਰਾਂ ਦੀ ਪਾ ਰੱਖੀ ਹੈ,ਜਿਸ ਕਾਰਨ ਉਹ ਭੜਕਾਹਟ ਪੈਦਾ ਕਰਨ ਵਾਲੇ ਅਜਿਹੇ ਜਾਨਲੇਵਾ ਹਮਲਿਆਂ ‘ਤੇ ਉੱਤਰ ਆਈਆਂ ਹਨ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਪਹਿਲਾਂ ਚੱਲੀਆਂ ਅਨੇਕਾਂ ਭੜਕਾਹਟ ਭਰੀਆਂ ਹਕੂਮਤੀ ਚਾਲਾਂ ਵਾਂਗ ਹੀ ਇਸ ਜਾਬਰ ਗੁੰਡਾਗਰਦ ਚਾਲ ਨੂੰ ਵੀ ਪੂਰੀ ਤਰ੍ਹਾਂ ਪਛਾੜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਮਹੂਰੀ ਲੋਕਾਂ ਨੂੰ ਇਸ ਕਾਤਲਾਨਾ ਹਮਲੇ ਵਿਰੁੱਧ ਕੱਲ੍ਹ ਨੂੰ ਪਿੰਡ ਪਿੰਡ ਵੀ ਅਤੇ ਪੱਕੇ ਧਰਨਿਆਂ ਵਿੱਚ ਵੀ ਭਾਜਪਾ ਸਰਕਾਰ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਹੈ।