ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀ “ਪੋਰਸ ਦਾ ਪੰਜਾਬ” ਦੇ ਮੁੱਖੀ ਨਾਲ ਮੁਲਾਕਾਤ
ਚੰਡੀਗੜ੍ਹ, 21 ਅਪ੍ਰੈਲ : ਪੰਜਾਬ ਦੇ ਮੁੱਦਿਆ ਨੂੰ ਲੈਕੇ ਅੱਜ “ਪੋਰਸ ਦਾ ਪੰਜਾਬ” ਦੇ ਮੁੱਖੀ ਮਹੰਤ ਰਵੀ ਕਾੰਤ ਮੁਨੀ ਉਦਾਸੀ ਅਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀ ਅਹਿਮ ਮੁਲਾਕਾਤ ਹੋਈ। ਇਸ ਮੁਲਾਕਾਤ ਵਿੱਚ ਪੰਜਾਬ ਦੇ ਅਮਨ ਸ਼ਾਂਤੀ ਅਤੇ ਭਾਈਚਾਰਕ ਮਾਹੌਲ ਬਾਰੇ ਦੋਹਾਂ ਮਹਾਂਪੁਰਖਾਂ ਵਿਚਕਾਰ ਖੁੱਲ ਕੇ ਚਰਚਾ ਹੋਈ। ਪੋਰਸ ਦਾ ਪੰਜਾਬ ਦੇ ਮੁੱਖੀ ਮਹੰਤ ਰਵੀ ਕਾੰਤ ਮੁਨੀ ਉਦਾਸੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ ਰਾਜਨੀਤਕ ਦਲਾਂ ਨੂੰ ਬਾਹਰੋਂ ਚਲਾਇਆ ਜਾ ਰਿਹਾ ਹੈ। ਪੰਜਾਬ ਵਿੱਚ ਹਿੰਦੂ ਅਤੇ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਰਾਜਨੀਤੀ ਕੀਤੀ ਜਾ ਰਹੀ ਹੈ। ਹਰ ਸੂਬੇ ਦਾ ਆਪਣਾ ਇੱਕ ਆਦਰਸ਼ ਮਹਾਂਪੁਰਖ ਹੁੰਦਾ ਹੈ ਜਿਸ ਤਰਾਂ ਮਹਾਰਾਸ਼ਟਰ ਵਿੱਚ ਸ਼ਿਵਾ ਜੀ ਮਰਾਠਾ ਅਤੇ ਰਾਜਸਥਾਨ ਵਿੱਚ ਮਹਾਰਾਣਾ ਪ੍ਰਤਾਪ ਉਹਨਾਂ ਦੇ ਆਦਰਸ਼ ਮਹਾਂਪੁਰਸ਼ ਹਨ। ਉਸੇ ਤਰਾਂ ਹੀ ਅੱਜ ਤੋਂ ਲਗਭਗ 2300 ਸਾਲ ਪਹਿਲਾਂ ਦੁਨੀਆਂ ਜਿੱਤਣ ਵਾਲੇ ਸਿਕੰਦਰ ਨੂੰ ਜੇਹਲਮ ਨਦੀ ਦੇ ਕੰਢੇ ਪੰਜਾਬ ਦੀ ਧਰਤੀ ਤੋਂ ਵਾਪਸ ਮੋੜਨ ਵਾਲਾ ਪੰਜਾਬ ਦਾ ਮਹਾਨ ਬਹਾਦਰ ਰਾਜਾ ਪੋਰਸ ਸਾਡੇ ਪੰਜਾਬ ਦੇ ਆਦਰਸ਼ ਪੂਰਵਜ ਹਨ ਜਿਹਨਾਂ ਤੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ। ਜਿਸਤੋਂ ਸੇਧ ਲੈ ਕੇ 13 ਅਪ੍ਰੈਲ 2024 ਵਿਸਾਖੀ ਵਾਲੇ ਦਿਨ ਪੋਰਸ ਦਾ ਪੰਜਾਬ ਨਾਮ ਦੇ ਪੰਜਾਬ ਦੇ ਆਪਣੇ ਰਾਜਨੀਤਕ ਦਲ ਦਾ ਗਠਨ ਕੀਤਾ ਗਿਆ ਹੈ। ਜਿਸ ਲਈ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੇ ਮੁੱਦਿਆ ਤੇ ਕੰਮ ਕਰਨਾ, ਕਾਨੂੰਨ ਬਣਾਉਣਾ ਅਤੇ ਉਹਨਾਂ ਨੂੰ ਲਾਗੂ ਕਰਨਾ ਸਾਡਾ ਮੁੱਖ ਟਿੱਚਾ ਹੈ। ਜਿਸ ਲਈ ਇੱਕ ਚੋਣ ਘੋਸ਼ਨਾਪੱਤਰ ਵੀ ਜਾਰੀ ਕੀਤਾ ਗਿਆ ਹੈ। ਜਿਸਦੀ ਕਾਪੀ ਮਹੰਤ ਜੀ ਨੇ ਭਾਈ ਸਾਹਿਬ ਜੀ ਨੂੰ ਭੇਂਟ ਕੀਤੀ। ਭਾਈ ਸਾਹਿਬ ਜੀ ਨੇ ਪੋਰਸ ਦਾ ਪੰਜਾਬ ਵਲੋਂ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਪੰਜਾਬ ਦੇ ਆਪਣੇ ਵਜੂਦ ਲਈ ਸ਼ੁਰੂ ਕੀਤੀ ਪਹਿਲਕਦਮੀ ਦਾ ਸਵਾਗਤ ਕਰਦੇ ਹੋਏ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕੁੱਝ ਮੁੱਦਿਆਂ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਉਹਨਾਂ ਕਿਹਾ ਕਿ ਅੱਜ ਉਹ ਵਿਦੇਸ਼ ਕੀਰਤਨ ਸਮਾਗਮ ਵਿੱਚ ਜਾ ਰਹੇ ਹਨ ਜੋਕਿ ਇਸ ਬਾਰੇ ਜਰੂਰ ਗੱਲ ਕਰਨਗੇ ਅਤੇ ਵਾਪਸ ਪਰਤਣ ਉਪਰੰਤ ਫੇਰ ਤੋਂ ਚਰਚਾ ਕਰਕੇ ਪੰਜਾਬ ਦੇ ਹੱਕ ਵਿੱਚ ਸਹਿਯੋਗ ਕਰਨਗੇ। ਇਸ ਮੌਕੇ ਪੋਰਸ ਦਾ ਪੰਜਾਬ ਦੇ ਲਖਵਿੰਦਰ ਸਰੀਨ, ਚੇਤਨ ਵੀ ਮੌਜੂਦ ਸਨ।