ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਲੋਕ ਸਭਾ ਗੁਰਦਾਸਪੁਰ ਦੇ ਛੇ ਹਲਕਿਆਂ ਦੇ ਇੰਚਾਰਜ ਨਿਯੁਕਤ
ਚੰਡੀਗੜ੍ਹ, 16 ਮਈ(ਵਿਸ਼ਵ ਵਾਰਤਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਚੋਣ ਮੁਹਿੰਮ ਨੂੰ ਵਿਉਂਤਬੰਦੀ ਢੰਗ ਨਾਲ ਚਲਾਉਣ ਲਈ ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂਆਂ ਨੂੰ ਛੇ ਹਲਕਿਆਂ ਵਿੱਚ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜੋ ਅਗਾਮੀ ਚੋਣਾਂ ਲਈ ਢੁਕਵੀਂ ਰੂਪ ਰੇਖਾ ਉਲੀਕਣਗੇ ਅਤੇ ਪਾਰਟੀ ਦੇ ਉਦੇਸ਼ਾਂ ਨੂੰ ਘਰ ਘਰ ਵਿੱਚ ਪਹੁੰਚਾਉਣਗੇ।
ਜਥੇਦਾਰ ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਟਾਲਾ ਹਲਕੇ ਵਿੱਚ ਜਥੇਦਾਰ ਗੁਰਮੇਜ ਸਿੰਘ ਦਾਬਾਂਵਾਲ, ਗਿਆਨੀ ਦਵਿੰਦਰ ਸਿੰਘ, ਬਾਬਾ ਬਲਬੀਰ ਸਿੰਘ ਕਾਲੀਆ ਅਤੇ ਜਗਤਾਰ ਸਿੰਘ ਲੱਖੋਰਾਹ, ਗੁਰਦਾਸਪੁਰ ਹਲਕੇ ਤੋਂ ਜਥੇਦਾਰ ਮੋਹਨ ਸਿੰਘ ਅੱਲੜਬਿੰਦੀ, ਸਤਨਾਮ ਸਿੰਘ, ਮਹਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਇੰਚਾਰਜ ਲਗਾਇਆ ਗਿਆ ਹੈ, ਜਦਕਿ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਜਥੇਦਾਰ ਕੁਲਵੰਤ ਸਿੰਘ ਮਝੈਲ, ਬਾਬਾ ਗੁਰਮੇਜ ਸਿੰਘ ਦਾਬਾਂਵਾਲ ਅਤੇ ਮਨਜੀਤ ਸਿੰਘ ਘਣੀਆਂ ਨੂੰ ਨਿਯੁਕਤ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਹਲਕਾ ਦੀਨਾਨਗਰ ਤੋਂ ਸੁਖਜਿੰਦਰ ਸਿੰਘ, ਮੋਹਨ ਸਿੰਘ ਅਤੇ ਸੁਖਦੇਵ ਸਿੰਘ ਐਨ ਆਰ ਆਈ ਨੂੰ ਨਿਯੁਕਤ ਕੀਤਾ ਗਿਆ ਹੈ ਜਦਕਿ ਡੇਰਾ ਬਾਬਾ ਨਾਨਕ ਤੋਂ ਹੀਰਾ ਸਿੰਘ ਅਤੇ ਦਰਸ਼ਨ ਸਿੰਘ ਹਰਚੋਵਾਲ ਨੂੰ ਇੰਚਾਰਜ ਦੀ ਜਿੰਮੇਵਾਰੀ ਦਿੱਤੀ ਗਈ ਹੈ। ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਹੁਣ ਲੋਕਾਂ ਦਾ ਦੂਸਰੀਆਂ ਰਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ।