ਬੁਢਾਪੇ ਵਿੱਚ ਘਰ ਛੱਡਣ ਦੀ ਥਾਂ ਗ੍ਰਹਿਸਥੀ ਵਿੱਚ ਦਖ਼ਲਅੰਦਾਜ਼ੀ ਕਰਨਾ ਛੱਡੋ; ਨਿਯਮ-ਸੰਜਮ ਦਾ ਜੀਵਨ ਬਤੀਤ ਕਰਦੇ ਹੋਏ ਆਪਣੇ ਘਰ ਨੂੰ ਹੀ ਤੀਰਥ ਬਣਾਓ – ਵਿਜੇ ਕੌਸ਼ਲ ਮਹਾਰਾਜ
ਝਾਰਖੰਡ ਦੇ ਰਾਜਪਾਲ ਨੇ ਦੀਪ ਜਗਾਇਆ; ਸੂਬੇ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਆਸ਼ੀਰਵਾਦ ਮੰਗਿਆ
ਚੰਡੀਗੜ੍ਹ, 27.04.2022ਪੰਜਾਬ ਰਾਜ ਭਵਨ ਵਿਖੇ ਚੱਲ ਰਹੀ ਸ਼੍ਰੀ ਰਾਮ ਕਥਾ ਦੇ ਚੌਥੇ ਦਿਨ ਅੱਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਝਾਰਖੰਡ ਦੇ ਰਾਜਪਾਲ ਰਮੇਸ਼ ਬੈਸ ਵੱਲੋਂ ਸ਼ਮ੍ਹਾਂ ਰੌਸ਼ਨ ਕੀਤੀ ਗਈ। ਉਨ੍ਹਾਂ ਨੇ ਕਥਾਵਿਆਸ ਸੰਤ ਸ਼੍ਰੀ ਵਿਜੇ ਕੌਸ਼ਲ ਜੀ ਮਹਾਰਾਜ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਅਤੇ ਝਾਰਖੰਡ ਵਾਸੀਆਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਆਸ਼ੀਰਵਾਦ ਮੰਗਿਆ।
ਅੱਜ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦਾ ਸਵਾਗਤ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਕੀਤਾ ਗਿਆ। ਸ਼੍ਰੀ ਰਾਮ ਕਥਾ ਵਿੱਚ ਰਾਜਪਾਲ ਬਨਵਾਰੀਲਾਲ ਪੁਰੋਹਿਤ ਪੂਰਨ ਸਾਧਕ ਦੇ ਰੂਪ ਵਿੱਚ ਦਿਖਾਈ ਦਿੱਤੇ। ਉਨ੍ਹਾਂ ਨੇ ਵਿਆਸਪੀਠ ਨੂੰ ਮੱਥਾ ਟੇਕਿਆ, ਰਾਮਚਰਿਤ ਮਾਨਸ `ਤੇ ਫੁੱਲ ਚੜ੍ਹਾਏ ਅਤੇ ਕਥਾਵਾਚਕ ਸ਼੍ਰੀ ਵਿਜੇ ਕੌਸ਼ਲ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ।
ਝਾਰਖੰਡ ਦੇ ਰਾਜਪਾਲ ਰਮੇਸ਼ ਬੈਸ ਨੇ ਪ੍ਰਭੂ ਸ਼੍ਰੀ ਰਾਮ ਦੇ ਆਯੋਜਨ ਦੀ ਸ਼ਲਾਘਾ ਕਰਦੇ ਹੋਏ ਰਾਜਪਾਲ ਪੰਜਾਬ ਸਮੇਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਮ ਕਥਾ ਦੇ ਪਵਿੱਤਰ ਆਯੋਜਨ ਲਈ ਵਧਾਈ ਦਿੱਤੀ ਅਤੇ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਹ ਰਾਮ ਕਥਾ ਸੁਣਨ ਦਾ ਮੌਕਾ ਮਿਲਿਆ।
ਉਨ੍ਹਾਂ ਕਿਹਾ ਕਿ ਮੈਂ ਇੱਥੇ ਭਾਸ਼ਣ ਦੇਣ ਨਹੀਂ ਸਗੋਂ ਸ਼੍ਰੀ ਰਾਮ ਕਥਾ ਸੁਣਨ ਆਇਆ ਹਾਂ। ਕਣ ਕਣ ਵਿੱਚ ਭਗਵਾਨ ਰਾਮ ਦਾ ਵਾਸ ਹੈ। ਉਨ੍ਹਾਂ ਦੇ ਜੀਵਨ ਦੀਆਂ ਅਨੁਪਮ ਕਥਾਵਾਂ ਜੋ ਅਸੀਂ ਸੁਣਦੇ ਹਾਂ ਉਸ ਅਨੁਸਾਰ ਸਾਨੂੰ ਆਪਣਾ ਜੀਵਨ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਭਗਵਾਨ ਰਾਮ ਇੱਕ ਆਦਰਸ਼ ਪੁੱਤਰ, ਆਦਰਸ਼ ਪਤੀ, ਆਦਰਸ਼ ਭਰਾ, ਆਦਰਸ਼ ਮਿੱਤਰ, ਆਦਰਸ਼ ਚੇਲਾ ਅਤੇ ਆਦਰਸ਼ ਰਾਜਾ ਸਨ। ਉਨ੍ਹਾਂ ਸ਼ਬਰੀ ਦੀ ਸ਼ਰਧਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਬਰੀ ਦੇ ਸੱਚ ਅਤੇ ਪਿਆਰ ਅੱਗੇ ਪ੍ਰਮਾਤਮਾ ਨੂੰ ਝੁਕਣਾ ਪਿਆ। ਉਨ੍ਹਾਂ ਕਿਹਾ ਕਿ ਰਾਮਾਇਣ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਬਿਹਤਰ ਜੀਵਨ ਜਿਊਣਾ ਹੈ। ਇਸ ਲਈ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਧਾਰਨ ਕਰੋ। ਰਾਮਾਇਣ / ਸ਼੍ਰੀ ਰਾਮਚਰਿਤ ਮਾਨਸ `ਚੋਂ ਭਾਰਤ ਦੀ ਆਤਮਾ ਦੀ ਝਲਕ ਮਿਲਦੀ ਹੈ।
ਰਾਮ ਕਥਾ ਦੇ ਚੌਥੇ ਦਿਨ ਕਥਾ ਦੀ ਸ਼ੁਰੂਆਤ ਕਥਾ ਵਿਆਸ ਸੰਤ ਸ਼੍ਰੀ ਵਿਜੇ ਕੌਸ਼ਲ ਜੀ ਮਹਾਰਾਜ ਵੱਲੋਂ ਹਨੂੰਮਾਨ ਚਾਲੀਸਾ ਦੇ ਪਹਿਲੇ ਦੋਹੇ ਨਾਲ ਅਤੇ ਸ਼੍ਰੀ ਰਾਮ ਦਾ ਗੁਣਗਾਨ ਕਰਦਿਆਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਕਹਿੰਦਾ ਹੈ ਕਿ ਜੋ ਮੇਰੇ `ਤੇ ਆਸ਼ਰਿਤ ਹੋ ਗਿਆ, ਮੈਂ ਉਸ ਦਾ ਹੋ ਗਿਆ। ਇਸ ਲਈ ਜੇਕਰ ਤੁਸੀਂ ਕਿਸੇ ਵੀ ਚੰਗੀ-ਮਾੜੀ ਭਾਵਨਾ ਜਾਂ ਆਲਸ ਨਾਲ ਵੀ ਪ੍ਰਮਾਤਮਾ ਨੂੰ ਪੁਕਾਰਦੇ ਹੋ ਤਾਂ ਉਹ ਵੀ ਭਗਤੀ ਕਹਾਏਗੀ। ਕਰਮ ਦਾ ਫਲ ਭੋਗਣਾ ਹੀ ਪੈਂਦਾ ਹੈ। ਭਗਵਾਨ ਨੂੰ ਵੀ ਆਪਣੇ ਕਰਮਾਂ ਦਾ ਫਲ ਆਪ ਭੁਗਤਣਾ ਪਿਆ। ਮਾਧਵਦਾਸ ਭਗਤ ਦਾ ਪ੍ਰਸੰਗ ਸੁਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਸੰਤ ਭਗਵਾਨ ਨੂੰ ਬਹੁਤ ਪਿਆਰੇ ਹੁੰਦੇ ਹਨ। ਭਗਵਾਨ ਨੇ ਆਪ ਮਾਧਵਦਾਸ ਸੰਤ ਦੀ ਸੇਵਾ ਕੀਤੀ। ਜਦਕਿ ਪ੍ਰਮਾਤਮਾ ਉਨ੍ਹਾਂ ਨੂੰ ਕੇਵਲ ਸੰਕਲਪ ਮਾਤਰ ਨਾਲ ਹੀ ਠੀਕ ਕਰ ਸਕਦੇ ਸੀ। ਪਰ ਭਗਵਾਨ ਸੰਤ ਸੇਵਾ ਦਾ ਸੁਭਾਗ ਪ੍ਰਾਪਤ ਕਰਨਾ ਚਾਹੁੰਦੇ ਸਨ।
ਉਨ੍ਹਾਂ ਕਿਹਾ ਕਿ ਕਲਯੁੱਗ ਵਿੱਚ ਘਰ-ਬਾਰ ਛੱਡ ਜੰਗਲਾਂ ਵਿੱਚ ਜਾ ਕੇ ਪ੍ਰਭੂ ਦੀ ਪ੍ਰਾਪਤੀ ਕਰਨ ਦੀ ਥਾਂ ਤੀਰਥ ਸਥਾਨਾਂ ’ਤੇ ਜਾ ਕੇ ਤੀਰਥਾਂ ਦੇ ਦਰਸ਼ਨ ਕਰੋ। ਸਾਧੂਆਂ ਦੇ ਚਰਨਾਂ ਵਿਚ ਬੈਠ ਕੇ ਭਗਤੀ ਸਿੱਖੋ, ਸਾਦਾ ਭੋਜਨ ਖਾਓ, ਆਪਣੇ ਜੀਵਨ ਵਿਚ ਨਿਯਮਾਂ ਦੀ ਪਾਲਣਾ ਕਰੋ ਤਾਂ ਤੁਹਾਡਾ ਜੀਵਨ ਸਫ਼ਲ ਹੋਵੇਗਾ। ਤ੍ਰੇਤਾਯੁਗ, ਸਤਿਯੁਗ ਅਤੇ ਕਲਿਯੁਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਸੰਵਿਧਾਨ ਵਿਚ ਸੋਧ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਹੀ ਹਰ ਯੁੱਗ ਦੇ ਨਿਯਮ ਵੀ ਬਦਲਦੇ ਰਹਿੰਦੇ ਹਨ। ਅੱਜ ਦੇ ਦੌਰ ਵਿੱਚ ਘਰ ਛੱਡ ਕੇ ਜੰਗਲਾਂ ਵਿੱਚ ਰਹਿਣ ਦੀ ਲੋੜ ਨਹੀਂ ਹੈ। ਵੱਧ ਤੋਂ ਵੱਧ ਤੀਰਥ ਸਥਾਨਾਂ ਦੀ ਯਾਤਰਾ ਕਰੋ, ਭਜਨ ਅਤੇ ਪੂਜਾ ਕਰੋ, ਸਾਦਾ ਖਾਓ ਅਤੇ ਨਿਯਮ ਤੇ ਸੰਜਮ ਦੀ ਜ਼ਿੰਦਗੀ ਜਿਉਂਦੇ ਹੋਏ ਆਪਣੇ ਘਰ ਨੂੰ ਤੀਰਥ ਸਥਾਨ ਬਣਾਓ। ਬੁਢਾਪੇ ਵਿਚ ਘਰ ਛੱਡਣ ਦੀ ਬਜਾਏ ਗ੍ਰਹਿਸਥੀ ਵਿਚ ਦਖ਼ਲ ਦੇਣਾ ਬੰਦ ਕਰੋ ਅਤੇ ਬੱਚਿਆਂ ਨੂੰ ਹੌਸਲਾ ਦਿਓ ਅਤੇ ਪ੍ਰੇਰਿਤ ਕਰੋ।ਉਨ੍ਹਾਂ ਨੇ ਹਾਜ਼ਰੀਨ ਨੂੰ ਹੋਰਨਾਂ ਵਿੱਚ ਚੰਗਾ-ਮਾੜਾ ਦੇਖਣ ਦੀ ਬਜਾਏ ਆਤਮ ਚਿੰਤਨ ਕਰਨ ਲਈ ਕਿਹਾ ਅਤੇ ਆਪਣੇ ਆਚਰਨ ਤੇ ਬੋਲ-ਬਾਣੀ `ਤੇ ਸੰਜਮ ਵਰਤਣ ਲਈ ਕਿਹਾ।
ਚੌਥੇ ਦਿਨ ਦੀ ਕਥਾ ਵਿੱਚ ਆਨੰਦ ਅਤੇ ਖੁਸ਼ੀ ਦਾ ਮਾਹੌਲ ਬਣਾਉਂਦਿਆਂ ਸ਼੍ਰੀ ਵਿਜੇ ਕੌਸ਼ਲ ਜੀ ਮਹਾਰਾਜ ਨੇ ਸ਼੍ਰੀ ਰਾਮ ਜੀ ਦੇ ਜਨਮ ਦਾ ਬਿਰਤਾਂਤ ਪੇਸ਼ ਕੀਤਾ।ਅੱਜ ਦੀ ਕਥਾ ਵਿੱਚ ਸ੍ਰੀ ਸੋਮ ਪ੍ਰਕਾਸ਼, ਸ੍ਰੀ ਤੀਕਸ਼ਣਸੂਦ (ਦੋਵੇਂ ਸਾਬਕਾ ਮੰਤਰੀ) ਅਤੇ ਚੰਡੀਗੜ੍ਹ ਦੀ ਮੇਅਰ ਸ੍ਰੀਮਤੀ ਸਰਬਜੀਤ ਕੌਰ ਅਤੇ ਹੋਰ ਪਤਵੰਤਿਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਭਲਕੇ ਸ਼੍ਰੀ ਰਾਮ ਕਥਾ ਦੇ ਪੰਜਵੇਂ ਦਿਨ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ ਮੁੱਖ ਮਹਿਮਾਨ ਹੋਣਗੇ।