ਕੰਬਾਇਨ ਮਾਲਕ ਕੋਵਿਡ 19 ਅਧੀਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਯਕੀਨੀ ਬਣਾਉਣਗੇ
ਕੋਈ ਵੀ ਜਿੰਮੀਦਾਰ /ਖੇਤ ਮਜਦੂਰ ਵੱਲੋਂ ਹੁਕਮਾਂ ਦੀ ਉਲੰਘਣਾ ਨਾ ਕੀਤੀ ਜਾਵੇ
ਫਾਜ਼ਿਲਕਾ, 31 ਮਾਰਚ (ਵਿਸ਼ਵ ਵਾਰਤਾ)-ਪੰਜਾਬ ਰਾਜ ਵਿੱਚ ਇਨ੍ਹਾਂ ਦਿਨਾਂ ਦੇ ਦਰਮਿਆਨ ਕਣਕ/ਸਰੋਂ ਦੀ ਕਟਾਈ ਹੋਣੀ ਸ਼ੁਰੂ ਹੋਣ ਦੀ ਸੰਭਾਵਨਾ ਹੁੰਦੀ ਹੈ ਅਤੇ ਜ਼ਿਆਦਾਤਰ ਜਿੰਮੀਦਾਰ ਆਪਣੀ ਫਸਲ ਦੀ ਕਟਾਈ ਕੰਬਾਇਨ ਰਾਹੀਂ ਕਰਵਾਉਂਦੇ ਹਨ। ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲੇ੍ਹ ਅੰਦਰ ਇਸ ਸਮੇਂ ਦੌਰਾਨ ਨਰਮੇ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਹੈ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਤਹਿਤ ਹਾੜੀ ਦੀ ਫਸਲ ਦੀ ਕਟਾਈ ਅਤੇ ਸਾਊਣੀ ਫਸਲ ਦੀ ਬਿਜਾਈ ਸਬੰਧੀ ਢਿੱਲ ਦਿੱਤੀ ਜਾਂਦੀ ਹੈ।
ਜ਼ਿਲ੍ਹਾ ਮੈਜਿਸਟੇ੍ਰਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਜਿੰਮੀਦਾਰਾਂ ਦੀ ਸੁਵਿਧਾ ਲਈ ਫਸਲ ਦੀ ਕਟਾਈ ਲਈ ਕੰਬਾਇਨਾਂ ਨੂੰ ਚਲਾਉਣ ਦੀ ਢਿੱਲ ਦਿੰਦਿਆ ਕਿਹਾ ਕਿ ਜੇਕਰ ਕੰਬਾਇਨ ਨੂੰ ਮੁਰੰਮਤ ਕਰਵਾਉਣ ਜਾਂ ਕਿਸੇ ਸਪੇਅਰ ਪਾਰਟਸ ਦੀ ਜ਼ਰੂਰਤ ਮਹਿਸੂਸ ਹੋਵੇ ਤਾਂ ਦੁਕਾਨ ਖੁਲਵਾ ਕੇ ਮੁਰੰਮਤ/ਸਪੇਅਰ ਪਾਰਟ ਲਿਆ ਜਾ ਸਕਦਾ ਹੈ।
ਫਸਲ ਨੂੰ ਕਟਾਈ ਉਪਰੰਤ ਫਸਲ ਦੀ ਸਭਾਲ ਅਤੇ ਢੋਆ-ਢੁਆਈ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਨੂੰ ਵਰਤੋਂ ਵਿੱਚ ਲਿਆਉਣ ਲਈ ਵੀ ਢਿੱਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਗਰ ਕੋਈ ਕੰਬਾਇਨ ਮਾਲਕ ਬਾਹਰਲੇ ਰਾਜਾਂ/ਜ਼ਿਲ੍ਹਿਆਂ ਵਿੱਚ ਕੰਬਾਇਨ ਲੈ ਕੇ ਜਾਣਾ ਚਾਹੁੰਦਾ ਹੋਵੇ, ਤਾਂ ਉਹ ਕੰਬਾਇਨ ਲੈ ਕੇ ਜਾ ਸਕਦਾ ਹੈ।
ਉਨ੍ਹਾ ਸਾਰੇ ਕੰਬਾਇਨ ਮਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਵਿਡ 19 ਅਧੀਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਵਰਤੋਂ ਕਰਨੀ ਯਕੀਨੀ ਬਣਾਉਣਗੇ ਤਾਂ ਜੋ ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੁੰ ਠੱਲ ਪਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਸਾਊਣੀ ਦੀ ਫਸਲ ਦੀ ਬਿਜਾਈ ਦੇ ਮੰਤਵ ਨੂੰ ਦੇਖਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਵਿਚ ਸਾਊਣੀ ਦੀ ਫਸਲ ਦਾ ਬੀਜ ਦੇਣ ਵਾਲੇ ਦੁਕਾਨਦਾਰਾਂ ਨੂੰ ਜਿੰਮੀਦਾਰਾਂ ਦੀ ਮੰਗ ਅਨੁਸਾਰ ਸਬੰਧਤ ਬੀਜ ਉਨ੍ਹਾਂ ਦੇ ਘਰਾਂ ਵਿੱਚ ਸਪਲਾਈ ਕਰਨ ਵਿੱਚ ਢਿੱਲ ਦਿੱਤੀ ਜਾਂਦੀ ਹੈ ਤਾਂ ਜੋ ਆਮ ਜਨਤਾ ਨੂੰ ਘਰਾਂ ਤੋਂ ਬਾਹਰ ਆਉਣ ਤੋਂ ਰੋਕਿਆ ਜਾ ਸਕੇ ਅਤੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਸਾਊਣੀ ਦੀ ਫਸਲ ਦੀ ਬਿਜਾਈ ਸਮੇਂ ਸਿਰ ਹੋ ਸਕੇ। ਸਮੂਹ ਜਿੰਮੀਦਾਰ ਇਹ ਵੀ ਯਕੀਨੀ ਬਣਾਉਣਗੇ ਕਿ ਹਾੜੀ ਦੀ ਫਸਲ ਦੀ ਕਟਾਈ ਅਤੇ ਸਾਊਣੀ ਫਸਲ ਦੀ ਬਿਜਾਈ ਸਮੇਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਰੇਕ ਖੇਤ ਮਜ਼ਦੂਰ ਆਪਸ ਵਿੱਚ ਸਮਾਜਿਕ ਦੂਰੀ ਬਣਾਈ ਰੱਖਣਗੇ ਤਾਂ ਜੋ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਿਆ ਜਾ ਸਕੇ। ਮੁੱਖ ਖੇਤੀਬਾੜੀ ਅਫਸਰ ਫ਼ਾਜ਼ਿਲਕਾ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਕਿਸੇ ਵੀ ਜਿੰਮੀਦਾਰ /ਖੇਤ ਮਜਦੂਰ ਵੱਲੋਂ ਹੁਕਮਾਂ ਦੀ ਉਲੰਘਣਾ ਨਾ ਕੀਤੀ ਜਾਵੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਸਥਾਪਿਤ ਕਾਟਨ ਫੈਕਟਰੀਆਂ ਵਿੱਚ ਜੋ ਮਜ਼ਦੂਰਾਂ ਤੋਂ ਕੰਮ ਸਬੰਧਤ ਕੰਪਨੀ ਦੇ ਮਾਲਕ ਵੱਲੋਂ ਲਿਆ ਜਾਵੇਗਾ, ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਫੈਕਟਰੀ ਵਿਚ ਹੀ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਫੈਕਟਰੀ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਮ ਕਰਨ ਵਾਲੇ ਮਜਦੂਰਾਂ ਨੂੰ ਆਪਣੇ ਘਰ ਜਾਣ ਦੀ ਆਗਿਆ ਨਹੀਂ ਹੋਵੇਗੀ ਅਤੇ ਕਾਟਨ ਫੈਕਟਰੀ ਵਿਚ ਪ੍ਰੋਸੈਸਿੰਗ/ਬੇਲੋੜੀ ਕਪਾਹ ਦੀ ਫੈਕਟਰੀ ਤੋਂ ਗੋਦਾਮ ਅਤੇ ਕਾਟਨ ਸੀਡ ਫੈਕਟਰੀ ਤੋਂ ਤੇਲ ਮਿੰਲ ਤੱਕ ਢੋਆ-ਢੋਆਈ ਦੀ ਢਿੱਲ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਸੀ.ਸੀ.ਆਈ. ਵੱਲੋਂ ਕਿਸਾਨਾਂ ਨੂੰ ਅਦਾਇਗੀ ਕਰਨ ਲਈ ਫ਼ਾਜ਼ਿਲਕਾ ਜ਼ਿਲੇ ਵਿੱਚ ਦਫ਼ਤਰ ਖੋਲ੍ਹਣ ਦੀ ਵੀ ਢਿੱਲ ਦਿੱਤੀ ਜਾਂਦੀ ਹੈ। ਬਰਾਂਚ ਮੈਨੇਜਰ ਨੂੰ ਇਹ ਯਕੀਨੀ ਬਣਾਉਣਗੇ ਕਿ ਉਹ ਆਪਣੇ ਦਫ਼ਤਰ ਅਤੇ ਕਾਟਨ ਫੈਕਟਰੀ ਵਿਚ ਕੋਵਿਡ 19 ਤਹਿਤ ਜਾਰੀ ਕੀਤੇ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਨਗੇ।