1 ਦਸੰਬਰ 2017 ਤੋਂ ਤੰਬਾਕੂ ਛਡਾਉਣ ਲਈ ਮੁਫਤ ਸੇਵਾਂਵਾ ਮੁਹੱਈਆ
ਚੰਡੀਗੜ੍ਹ, 7 ਦਸੰਬਰ (ਵਿਸ਼ਵ ਵਾਰਤਾ)- ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਪੰਜਾਬ ਸਰਕਾਰ ਨੇ ਸੂਬੇ ‘ਚੋਂ ਤੰਬਾਕੂ ਦੀ ਵਰਤੋਂ ਨੂੰ ਜੜੋਂ ਖਤਮ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਿਸ ਅਧੀਨ ਬੱਚਿਆਂ ਅਤੇ ਨੋਜਵਾਨਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਤੰਬਾਕੂ ਛਡਾਊ ਕੇਂਦਰ ਖੋਲੇ ਗਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪੰਜਾਬ ਵਿੱਚ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ 1 ਦਸੰਬਰ, 2017 ਤੋਂ ਪੰਜਾਬ ਦੇ ਦਸ ਜਿਲ੍ਹਿਆਂ ਵਿੱਚ ਤੰਬਾਕੂ ਦੀ ਵਰਤੋਂ ਛਡਾਉਣ ਲਈ ਕੇਂਦਰ ਖੋਲੇ ਗਏ ਹਨ। ਇਨ੍ਹਾਂ ਕੇਂਦਰਾਂ ਵਿੱਚ ਤੰਬਾਕੂ ਛੱਡਣ ਦੇ ਚਾਹਵਾਨ ਵਿਅਕਤੀਆਂ ਨੂੰ ਮੁਫਤ ਸੇਵਾਵਾਂ ਦਿੱਤੀਆਂ ਜਾਣਗੀਆਂ।
ਪ੍ਰਮੁੱਖ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ , ਸ੍ਰੀ ਮਤੀ ਅੰਜਲੀ ਭਾਵੜਾ ਨੇ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ, ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਪਟਿਆਲਾ, ਐੱਸ.ਏ.ਐੰਸ ਨਗਰ, ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹਾ ਤੰਬਾਕੂ ਕੰਟਰੋਲ ਸੈੱਲ ਅਤੇ ਤੰਬਾਕੂ ਛਡਾਉ ਕੇਂਦਰ ਖੋਲੇ ਗਏ ਹਨ।ਇਹ ਵਿਸ਼ੇਸ਼ ਪ੍ਰੋਗਰਾਮ ਆਉਣ ਵਾਲੀ ਪੀੜੀ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋ ਬਚਾਉਣ ਲਈ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੀ.ਜੀ.ਆਈ ਦੁਆਰਾ ਕੀਤੇ ਗਏ ਸਰਵੇਖਣ ਦੇ ਮੁਤਾਬਕ ਪੰਜਾਬ ਦੇ ਸਾਰੇ ਜਿਲ੍ਹੇ ਤੰਬਾਕੂ ਧੂਆਂ-ਰਹਿਤ ਘੋਸ਼ਿਤ ਕਰ ਦਿੱਤੇ ਗਏ ਹਨ।
ਕਮਿਸ਼ਨਰ ਫੂਡ ਅਤੇ ਡਰੱਗ ਅਡਮਿਨਿਟ੍ਰੇਸ਼ਨ ਸ੍ਰੀ ਵਰੂਨ ਰੂਝਮ ਨੇ ਦੱਸਿਆ ਕਿ ਪੰਜਾਬ ਵਿੱਚ ਫਲੇਵਰਡ/ਖੁਸ਼ਬੂ ਵਾਲੇ ਤੰਬਾਕੂ ਦੀ ਪਹਿਲਾ ਹੀ ਰੋਕ ਲਗਾ ਦਿੱਤੀ ਗਈ ਹੈ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਰਾਜ ਵਿੱਚ ਈ-ਸਿਗਰੇਟ ਅਤੇ ਹੁੱਕਾ ਬਾਰ ਵੀ ਬੈਨ ਹਨ।
ਡਾ. ਰਾਜੀਵ ਭੱਲਾ, ਡਾਇਰੈਕਟਰ ਸਿਹਤ ਨੇ ਦੱਸਿਆ ਕਿ ਭਾਰਤ ਵਿੱਚ ਲੱਗਭਗ 3500 ਲੋਕ ਰੋਜ਼ਾਨਾ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰਦੇ ਹਨ ਅਤੇ ਤੰਬਾਕੂ ਖਾਣ ਨਾਲ ਤਕਰੀਬਨ 90 ਪ੍ਰਤੀਸ਼ਤ ਮੂੰਹ ਦੇ ਕੈਂਸਰ ਹੁੰਦੇ ਹਨ। ਕੈਂਸਰ, ਦਿਲ ਦੇ ਰੋਗ ਅਤੇ ਫੇਫੜ੍ਹੇ ਆਦਿ ਦੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਵੀ ਤੰਬਾਕੂ ਦੀ ਵਰਤੋਂ ਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਨਾਂ੍ਹ ਕੇਂਦਰਾਂ ਵਿੱਚ ਵਿਸ਼ੇਸ਼ ਤੌਰ ‘ਤੇ ਤੰਬਾਕੂ ਛਡਾਉਣ ਲਈ ਮੁਫਤ ਸਲਾਹ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 395 ਪਿੰਡ ਪੰਚਾਇਤਾਂ ਵੱਲੋਂ ਤੰਬਾਕੁ ਮੁਕਤ ਘੋਸ਼ਿਤ ਕਰ ਦਿੱਤੇ ਗਏ ਹਨ।
ਸਟੇਟ ਪ੍ਰੋਗਰਾਮ ਅਫਸਰ, ਤੰਬਾਕੂ ਕੰਟਰੋਲ, ਡਾ. ਅਰੀਤ ਕੌਰ ਨੇ ਦੱਸਿਆ ਕਿ ਰਾਜ ਵਿੱਚ ਤੰਬਾਕੂ ਕੰਟਰੋਲ ਸਬੰਧੀ ਕੀਤੀ ਗਈ ਕਾਰਗੁਜ਼ਾਰੀ ਨੂੰ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਪਹਿਚਾਣ ਮਿਲੀ ਹੈ ਅਤੇ ਨੈਸ਼ਨਲ ਫੈਮਿਲੀ ਹੈਲਥ ਸਰਵੇਂ ਅਨੁਸਾਰ ਪੰਜਾਬ ਵਿੱਚ ਮਰਦਾ ਵਿੱਚ ਤੰਬਾਕੂ ਦੀ ਵਰਤੋਂ ਵਿੱਚ 14.6 ਪ੍ਰਤੀਸ਼ਤ ਕਮੀ ਆਈ ਹੈ ਹੁਣ ਸਾਡਾ ਮੰਤਵ ਰਾਜ ਵਿੱਚੋਂ ਤੰਬਾਕੂ ਦੀ ਵਰਤੋਂ ਨੂੰ ਹੋਰ ਘਟਾਇਆ ਜਾਵੇ।