ਪੰਜਾਬ ਵੀ ‘ਨੀਟ’ ਪ੍ਰੀਖਿਆ ਦਾ ਵਿਰੋਧ ਕਰਕੇ ਪੁਰਾਣੀ ਪ੍ਰਥਾ ਦਾਖਲਾ ਬਹਾਲ ਕਰੇ : ਮਹਿਲਾ ਕਿਸਾਨ ਯੂਨੀਅਨ
· ਗਰੀਬ ਤੇ ਹੋਣਹਾਰ ਪੇਂਡੂ ਬੱਚਿਆਂ ਦੇ ਸੁਪਨਿਆਂ ਲਈ ਨੀਟ ‘ਮੌਤ ਦਾ ਖੂਹ’ : ਬੀਬੀ ਰਾਜਵਿੰਦਰ ਕੌਰ ਰਾਜੂ
· ਕਿਹਾ ਕਿ ਕੌਮੀ ਨੀਟ ਪ੍ਰੀਖਿਆ ਦੇਸ਼ ਦੇ ਸੰਘੀ ਢਾਂਚੇ ਦੀ ਉਲੰਘਣਾ
ਚੰਡੀਗੜ 4 ਫਰਵਰੀ ( ) ਮਹਿਲਾ ਕਿਸਾਨ ਯੂਨੀਅਨ ਨੇ ਐਮਬੀਬੀਐਸ ਦੀ ਪੜਾਈ ਲਈ ਲਾਜਮੀ ਕੀਤੀ ਕੌਮੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (ਨੀਟ) ਪ੍ਰੀਖਿਆ ਦਾ ਵਿਰੋਧ ਕਰਦਿਆਂ ਇਸ ਕੇਂਦਰੀ ਦਾਖਲਾ ਪ੍ਰਕਿਰਿਆ ਨੂੰ ਗਰੀਬ ਅਤੇ ਹੋਣਹਾਰ ਪੇਂਡੂ ਵਿਦਿਆਰਥੀਆਂ ਦੇ ਸੁਪਨਿਆਂ ਲਈ ‘ਮੌਤ ਦਾ ਖੂਹ’ ਕਰਾਰ ਦਿੱਤਾ ਹੈ ਕਿਉਂਕਿ ਬੱਚੇ ਡਾਕਟਰੀ ਦੀ ਪੜਾਈ ਤਾਂ ਕਰਨਾ ਚਾਹੁੰਦੇ ਹਨ ਪਰ ਗਰੀਬੀ, ਢੁੱਕਵੇਂ ਮਾਹੌਲ ਤੇ ਸਹੂਲਤਾਂ ਪੱਖੋਂ ਦੇਸ਼ ਵਿੱਚ ਮੈਡੀਕਲ ਸੀਟਾਂ ਪ੍ਰਾਪਤ ਕਰਨ ਤੋਂ ਵਾਂਝੇ ਰਹਿਣ ਕਰਕੇ ਉਹ ਜਾਂ ਤਾਂ ਆਪਣੇ ਸੁਪਨੇ ਖਤਮ ਕਰ ਲੈਂਦੇ ਹਨ ਜਾਂ ਵਿਦੇਸ਼ਾਂ ਤੋਂ ਡਾਕਟਰੀ ਦੀ ਸਸਤੀ ਵਿੱਦਿਆ ਹਾਸਲ ਕਰਨ ਲਈ ਮਜਬੂਰ ਹੁੰਦੇ ਹਨ।
ਅੱਜ ਇੱਥੇ ਜਾਰੀ ਇਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਸਮੂਹ ਖੇਤਰੀ ਪਾਰਟੀਆਂ ਨੂੰ ਸੱਦਾ ਦਿੱਤਾ ਹੈ ਉਹ ਕਿ ਇੱਕਜੁੱਟਤਾ ਨਾਲ ਤਾਮਿਲਨਾਡੂ ਰਾਜ ਦੀ ਤਰਜ਼ ਉੱਤੇ ਇਸ ‘ਬੱਚੇ ਖਾਣੀ’ ਤੇ ਧਨਾਢਾਂ ਪੱਖੀ ਕੇਂਦਰੀ ਦਾਖਲਾ ਪ੍ਰੀਖਿਆ ਨੂੰ ਖਤਮ ਕਰਕੇ ਬਾਰਵੀਂ ਜਮਾਤ ਦੇ ਅੰਕਾਂ ਦੇ ਅਧਾਰ ਉਤੇ ਹੀ ਆਪਣੇ ਰਾਜਾਂ ਦੇ ਡਾਕਟਰੀ ਕਾਲਜਾਂ ਵਿੱਚ ਦਾਖਲੇ ਸ਼ੁਰੂ ਕਰਨ ਲਈ ਮੁਹਿੰਮ ਚਲਾਉਣ।
ਮਹਿਲਾ ਨੇਤਾ ਨੇ ਰੂਸ-ਯੂਕਰੇਨ ਯੁੱਧ ਵਿੱਚ ਫਸੇ ਦੇਸ਼ ਦੇ ਮੈਡੀਕਲ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਲਈ ਕੇਂਦਰ ਦੀ ਭਾਜਪਾ ਸਰਕਾਰ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਯੂਕਰੇਨ ਵਿੱਚ ਦੇਸ਼ ਦੇ ਦੋ ਹੋਣਹਾਰ ਡਾਕਟਰੀ ਵਿਦਿਆਰਥੀ ਬੇਵਜਾ ਮਾਰੇ ਗਏ ਅਤੇ 30,000 ਤੋਂ ਵੱਧ ਬੱਚਿਆਂ ਨੇ ਇਸ ਜੰਗ ਦੌਰਾਨ ਸਰੀਰਕ ਤੇ ਮਾਨਸਿਕ ਤਸੀਹੇ ਝੱਲੇ ਹਨ। ਨਮੋਸ਼ੀ ਜਾਹਰ ਕਰਦਿਆਂ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਯੂਕਰੇਨ ਦੇ ਹਾਦਸਿਆਂ ਨੇ ਨੀਟ ਪ੍ਰੀਖਿਆ ਦੇ ‘ਬੇਸ਼ਰਮ ਚਿਹਰੇ’ ਦਾ ਪਰਦਾਫਾਸ਼ ਕੀਤਾ ਹੈ ਅਤੇ ਇੰਨਾਂ ਵਿਦਿਆਰਥੀਆਂ ਦੀ ਮੌਤ ਭਾਰਤ ਦੀ ਜ਼ਮੀਰ ਲਈ ਇੱਕ ਵੱਡਾ ਸਵਾਲ ਹੈ ਜਿਸ ਕਰਕੇ ਕੇਂਦਰ ਇਸ ਕੌਮੀ ਨੀਟ ਪ੍ਰੀਖਿਆ ਨੂੰ ਤੁਰੰਤ ਬੰਦ ਕਰੇ ਅਤੇ ਪੁਰਾਣੀ ਪ੍ਰਥਾ ਬਹਾਲ ਕਰਕੇ ਸਭ ਰਾਜਾਂ ਨੂੰ ਆਪਣੇ ਡਾਕਟਰੀ ਕਾਲਜਾਂ ਵਿੱਚ ਦਾਖਲੇ ਕਰਨ ਦੀ ਖੁੱਲ ਦੇਵੇ।
ਇਸ ਕੌਮੀ ਨੀਟ ਪ੍ਰੀਖਿਆ ਨੂੰ ਸੰਘੀ ਢਾਂਚੇ ਦੀ ਉਲੰਘਣਾ ਕਰਾਰ ਦਿੰਦਿਆਂ ਕਿਸਾਨ ਨੇਤਾ ਬੀਬੀ ਰਾਜੂ ਨੇ ਕਿਹਾ ਕਿ ਕੇਂਦਰ ਸਰਕਾਰ ਪੇਂਡੂ ਤੇ ਗਰੀਬ ਬੱਚਿਆਂ ਦੇ ਮੌਕੇ ਕਿਉਂ ਖੋਹ ਰਹੀ ਹੈ ਜਦਕਿ ਰਾਜ ਸਰਕਾਰਾਂ ਆਪਣੇ ਡਾਕਟਰੀ ਕਾਲਜਾਂ ਲਈ ਬੁਨਿਆਦੀ ਢਾਂਚਾ ਪ੍ਰਦਾਨ ਅਤੇ ਹਰ ਤਰਾਂ ਦੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਦੀਆਂ ਹਨ।
ਮਹਿਲਾ ਨੇਤਾ ਨੇ ਕਿਹਾ ਕਿ ਨੀਟ ਦਾਖਲਾ ਪ੍ਰੀਖਿਆ ਦੀ ਸ਼ੁਰੂਆਤ ਕਾਰਨ ਹੀ ਹਰ ਸ਼ਹਿਰ ਵਿੱਚ ਮਹਿੰਗੇ ਟਿਊਸ਼ਨ ਅਤੇ ਕੋਚਿੰਗ ਕੇਂਦਰਾਂ ਦੀ ਭਰਮਾਰ ਹੋ ਚੁੱਕੀ ਹੈ ਜਿੱਥੇ ਸਰਦੇ-ਪੁੱਜਦੇ ਘਰਾਂ ਦੇ ਬੱਚੇ ਹੀ ਕੋਚਿੰਗ ਲੈਂਦੇ ਹਨ। ਉਨਾਂ ਦਾਅਵਾ ਕੀਤਾ ਕਿ ਨੀਟ ਪਾਸ ਕਰਨ ਵਾਲੇ 99 ਫੀਸਦ ਵਿਦਿਆਰਥੀ ਹੀ ਇਹ ਮਹਿੰਗੀਆਂ ਟਿਊਸ਼ਨਾਂ ਲੈਂਦੇ ਹਨ। ਉਨਾਂ ਕਿਹਾ ਕਿ ਗਰੀਬ, ਪੇਂਡੂ ਅਤੇ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਲਈ ਇਸ ਕੇਂਦਰੀ ਪ੍ਰੀਖਿਆ ਨੂੰ ਪਾਸ ਕਰਨਾ ਬੇਹੱਦ ਔਖਾ ਹੈ ਅਤੇ ਡਾਕਟਰੀ ਸਿੱਖਿਆ ਨੂੰ ਸਿਰਫ ਅਮੀਰਾਂ ਲਈ ਹੀ ਰਾਖਵਾਂ ਕਰਨਾ ਦੇਸ਼ ਲਈ ਵਿਤਕਰੇਪੂਰਨ ਤੇ ਖਤਰਨਾਕ ਵਰਤਾਰਾ ਹੈ।