ਪੰਜਾਬ ਵਿੱਚ ਮਜ਼ਦੂਰਾ ਦੇ ਹੱਕਾਂ ਦੀ ਰਾਖੀ ਅਕਾਲੀ-ਬਸਪਾ ਗਠਜੋੜ ਹੀ ਕਰ ਸਕਣ ਯੋਗ – ਜਸਵੀਰ ਸਿੰਘ ਗੜ੍ਹੀ
ਬਠਿੰਡਾ, 3 ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਦੇ ਮਾਲਵੇ ਦੀ ਨਰਮਾ ਪੱਟੀ ‘ਚ ਹੋਏ ਗੁਲਾਬੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਦੀ ਨਰਮੇ ਦੀ ਹਜ਼ਾਰਾਂ ਹੈਕਟੇਅਰ ਦੀ ਫਸਲ ਬਰਬਾਦ ਕਰਕੇ ਰੱਖ ਦਿੱਤੀ ਹੈ ਪਰ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਤੇ ਹੋਰ ਆਗੂ ਕੁਰਸੀ-ਕੁਰਸੀ ਦੀ ਲੜਾਈ ਲੜ ਰਹੇ ਹਨ। ਮੁੱਖ ਮੰਤਰੀ ਕਹਿੰਦਾ ਉਸਦੀ ਕੁਰਸੀ ਬਚੀ ਰਹੇ ਤਾਂ ਸਿੱਧੂ ਕਹਿੰਦਾ ਉਸਨੂੰ ਕੁਰਸੀ ਤੇ ਕਿਉਂ ਨਹੀਂ ਬਿਠਾਇਆ ? ਡਿਪਟੀ ਮੁੱਖ ਮੰਤਰੀ ਸੁੱਖੀ ਰੰਧਾਵਾ ਨੂੰ ਪੁੱਛੋ ਤਾਂ ਕਹਿੰਦਾ ਵੱਡੀ ਕੁਰਸੀ ਕਿਉਂ ਨਹੀਂ ਮਿਲੀ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਦੇਖੋ ਤਾਂ ਉਹ ਕਹਿੰਦਾ ਉਸਨੂੰ ਕੁਰਸੀ ਤੋਂ ਕਿਉਂ ਲਾਹ ਦਿੱਤਾ ? ਕਾਂਗਰਸ ਦਾ ਹਰ ਆਗੂ ਇਸ ਸਮੇਂ ਕੁਰਸੀ ਲਈ ਲੜ ਰਿਹਾ ਹੈ ਅਤੇ ਪੰਜਾਬ ਦੇ ਕਿਸਾਨ ਰੁਲਣ ਲਈ ਮਜਬੂਰ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਬਠਿੰਡਾ ਵਿਖੇ ਸ੍ਰੋਮਣੀ ਅਕਾਲੀ ਦਲ ਵੱਲੋਂ ਨਰਮੇ ਦੀ ਫਸਲ ਦੇ ਹੋਏ ਉਜਾੜੇ ਲਈ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਅਤੇ ਮੁਆਵਜ਼ਾ ਦਵਾਉਣ ਲਈ ਰੱਖੀ ਗਈ ਰੈਲੀ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਹੀ ਨਹੀਂ ਪੰਜਾਬ ਅਤੇ ਖਾਸ ਤੌਰ ਤੇ ਇਨ੍ਹੀਂ ਦਿਨੀਂ ਮਾਲਵੇ ਦਾ ਕਿਸਾਨ ਤ੍ਰਾਹੀਮਾਮ-ਤ੍ਰਾਹੀਮਾਮ ਕਰ ਰਿਹਾ ਹੈ ਪਰ ਸਰਕਾਰਾਂ ਉਹ ਭਾਵੇਂ ਕੇਂਦਰ ਦੀ ਭਾਜਪਾ ਦੀ ਸਰਕਾਰ ਹੋਵੇ ਜਾਂ ਫਿਰ ਪੰਜਾਬ ਦੀ ਕਾਂਗਰਸ ਦੀ ਸਰਕਾਰ ਹੋਵੇ, ਕਿਸਾਨਾਂ ਦੀ ਸਾਰ ਲੈਣ ਲਈ ਕੋਈ ਵੀ ਤਿਆਰ ਨਹੀਂ ਜਦਕਿ ਬਿਆਨਬਾਜ਼ੀ ਤੇ ਗੱਪਾਂ ਇਨ੍ਹਾਂ ਦੋਵਾਂ ਪਾਰਟੀਆਂ ਦੇ ਆਗੂਆਂ ਤੋਂ ਜਿੰਨੀਆਂ ਮਰਜ਼ੀ ਸੁਣ ਲਵੋ। ਸ. ਗੜ੍ਹੀ ਨੇ ਕਿਹਾ ਕਿ ਦੇਸ਼ ਦੇ ਦਲਿਤਾਂ, ਪਿੱਛੜੇ ਵਰਗਾਂ, ਮਜ਼ਦੂਰਾਂ, ਕਿਸਾਨਾਂ ਤੇ ਛੋਟੇ ਵਪਾਰੀਆਂ ਸਮੇਤ ਹੋਰ ਵਰਗਾਂ ਦੇ ਲੋਕਾਂ ਨੂੰ ਆਪਣੇ ਹੱਕ ਹਮੇਸ਼ਾ ਹੀ ਲੜ ਕੇ ਲੈਣੇ ਪੈਂਦੇ ਹਨ।
ਝੋਨੇ ਦੀ ਖ੍ਰੀਦ ਦੇ ਮਸਲੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਹਰਾ ਇਨਕਲਾਬ ਆਇਆ, ਲੰਬੇ ਸਮੇਂ ਤੋਂ 1 ਅਕਤੂਬਰ ਤੋਂ ਮੰਡੀਆਂ ਵਿੱਚ ਝੋਨਾਂ ਖ੍ਰੀਦਿਆ ਜਾਂਦਾ ਰਿਹਾ ਹੈ, ਮੰਡੀਆਂ ਵਿੱਚ ਹਕੂਮਤ ਕਿਸੇ ਵੀ ਪਾਰਟੀ ਦੀ ਹੋਵੇ ਉਨ੍ਹਾ ਹਮੇਸ਼ਾਂ ਹੀ ਬਾਰਦਾਨੇ ਸਮੇਤ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਪਰ ਮੌਜੂਦਾ ਕਾਂਗਰਸ ਦੀ ਹਕੂਮਤ ਨੇ, ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਆਪਣੀ ਦਾੜ੍ਹੀ ਹੀ ਸਵਾਰਦਾ ਰਿਹਾ, ਉਸਨੂੰ ਆਪਣੀ ਦਾੜ੍ਹੀ ਸਵਾਰਣ ਤੋਂ ਹੀ ਵਿਹਲ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਆਸ਼ੂ ਕੋਲ ਦਾੜ੍ਹੀ ਸਵਾਰਨ ਦਾ ਤਾਂ ਸਮਾਂ ਹੈ ਪਰ ਮੰਡੀਆਂ ਵਿੱਚ ਸਹੂਲਤਾਂ ਦੇਣ ਲਈ ਆਸ਼ੂ ਕੋਲ ਸਮਾਂ ਨਹੀਂ। ਸ. ਗੜ੍ਹੀ ਨੇ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਦੀ ਹਕੂਮਤ ਦੀ ਧੌਣ ਤੇ ਬਹੁਜਨ ਸਮਾਜ ਪਾਰਟੀ ਨੇ ਆਪਣਾ ਗੋਡਾ ਰੱਖਿਆ ਤਾਂ ਕਾਂਗਰਸ ਦੀ ਹਕੂਮਤ ਨੇ ਬੀਤੇ ਕੱਲ੍ਹ ਹੀ ਆਪਣਾ ਥੁੱਕਿਆ ਚੱਟਣਾ ਪਿਆ ਅਤੇ ਆਪਣੀ ਕੁਰਸੀ ਬਚਾਉਣ ਲਈ ਜਿਹੜੀ ਕੇਂਦਰ ਸਰਕਾਰ ਤੋਂ 10 ਅਕਤੂਬਰ ਦੀ ਖ੍ਰੀਦ ਦਾ ਸਮਾਂ ਮੰਨਿਆ ਸੀ ਉਸੇ ਕੋਲੋਂ ਇਹ ਸਮਾਂ ਬਦਲਵਾਉਣਾ ਪਿਆ ਅਤੇ ਇਹ ਜਿੱਤਾ ਕਿਸਾਨਾਂ ਦੀ ਜਿੱਤ ਹੈ, ਸ੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਜਿੱਤ ਹੈ।
ਉਨ੍ਹਾ ਕਿਹਾ ਕਿ ਅੱਜ ਸਮਾਂ ਚੱਲ ਰਿਹਾ ਹੈ ਕਿ ਦੇਸ਼ ਵਿੱਚ ਤਿੰਨ ਕਾਲੇ ਖੇਤੀ ਕਾਨੂੰਨ ਆਏ ਅਤੇ ਉਸਦਾ ਵਿਰੋਧ ਹੋ ਰਿਹਾ ਹੈ ਜਿਸਦੇ ਖਿਲਾਫ ਅੰਦੋਲਨ ਵੀ ਜਾਰੀ ਹੈ ਅਤੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਅਤੇ ਸ੍ਰੋਮਣੀ ਅਕਾਲੀ ਦੇ ਕੌਮੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ-ਬਸਪਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਇਸ ਅੰਦੋਲਨ ਦਾ ਸਮਰਥਨ ਕਰਦੇ ਹੋਏ ਤਿੰਨੇਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੇਂਦਰ ਸਰਕਾਰ ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਅਤੇ ‘ਕਿਸਾਨੋਂ ਕੇ ਸਨਮਾਨ ਮੇਂ, ਬਹੁਜਨ ਸਮਾਜ ਪਾਰਟੀ ਮੈਦਾਨ ਮੇਂ’ ਦਾ ਨਾਅਰਾ ਦਿੱਤਾ ਅਤੇ ਜਦੋਂ ਅਕਾਲੀ ਦਲ ਨਾਲ ਬਸਪਾ ਦਾ ਸਮਝੌਤਾ ਵੀ ਹੋਇਆ ਤਾਂ ਬੀਤੇ ਦਿਨੀਂ ਪਾਰਲੀਮੈਂਟ ਦੀ ਚੱਲੀ ਕਾਰਵਾਈ ਦੌਰਾਨ ਸ੍ਰੋਮਣੀ ਅਕਾਲੀ ਦਲ ਨੇ ਕਿਸਾਨਾ ਦੇ ਹੱਕ ਵਿੱਚ ਅਤੇ ਤਿੰਨੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਾਰਲੀਮੈਂਟ ਦੇ ਬਾਹਰ ਸ੍ਰੋਮਣੀ ਅਕਾਲੀ ਦਲ ਦੇ 4 ਮੈਂਬਰ ਪਾਰਲੀਮੈਂਟ ਤਖਤੀਆਂ ਲੈ ਕੇ ਜਦੋਂ ਖੜ੍ਹੇ ਹੋਏ ਤਾਂ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਭੈਣ ਕੁਮਾਰੀ ਮਾਇਅਵਤੀ ਜੀ ਨੇ ਸ੍ਰੋਮਣੀ ਅਕਾਲੀ ਦਲ ਦੇ ਇਨ੍ਹਾਂ 4 ਮੈਂਬਰ ਪਾਰਲੀਮੈਂਟਾਂ ਦੇ ਮਗਰ 14 ਮੈਂਬਰ ਪਾਰਲੀਮੈਂਟ ਖੜ੍ਹੇ ਕਰ ਦਿੱਤੇ ਤਾਂ ਜੋ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਨੂੰ ਝੁਕਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਸਾਂਝੀ ਤਾਕਤ ਦਾ ਹੀ ਨਤੀਜਾ ਹੈ ਕਿ ਕਾਂਗਰਸ ਦੇ ਅੰਦਰ ਜੋ ਇਹ ਖਾਨਾਜੰਗੀ ਅਤੇ ਮਹਾਂਭਾਰਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਹਿਣਾ ਚਾਹੁੰਦੇ ਹਨ ਕਿ ਜਿੱਥੇ ਅਕਾਲੀ-ਬਸਪਾ ਗੱਠਜੋੜ ਕਿਸਾਨਾਂ ਦੇ ਨਾਲ ਪੈਰ ਪੈਰ ਤੇ ਡਟ ਕੇ ਖੜ੍ਹਾ ਹੈ ਅਤੇ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਦਾ ਡਟਵਾਂ ਵਿਰੋਧ ਕਰਦਾ ਹੈ ਉਥੇ ਹੀ ਇਨ੍ਹਾਂ ਤਿੰਨ ਕਾਨੂੰਨਾਂ ਤੋਂ ਪਹਿਲਾਂ ਮਜ਼ਦੂਰ ਵਿਰੋਧੀ ਤਿੰਨ ਕਾਨੂੰਨ ਵੀ ਭਾਜਪਾ ਨੇ ਪਾਰਲੀਮੈਂਟ ਵਿੱਚ ਪਾਸ ਕੀਤੇ ਸਨ, ਉਨ੍ਹਾਂ ਖਿਲਾਫ ਦੇਸ਼ ਪੱਧਰੀ ਲਾਮਬੰਦੀ ਉਸ ਪੱਧਰ ਤੇ ਨਹੀਂ ਸੀ ਹੋ ਸਕੀ ਜਿਸ ਪੱਧਰ ਤੇ ਹੋਣੀ ਚਾਹੀਦੀ ਸੀ ਕਿਉਂਕਿ ਮਜ਼ਦੂਰਾਂ ਦੀ ਏਕਤਾ ਵਿੱਚ ਥੋੜੀ ਕਮੀ ਰਹਿ ਗਈ ਸੀ ਕਿਉਂਕਿ ਮਜ਼ਦੂਰ ਪੱਛੜੀਆਂ ਜਮਾਤਾਂ ਵਿੱਚ ਵੰਡਿਆ ਹੋਇਆ, ਮਜ਼ਦੂਰ ਐਸ.ਸੀ ਸ੍ਰੇਣੀ ਵਿੱਚ ਵੰਡਿਆ ਹੋਇਆ, ਜਿਹੜਾ ਮਜ਼ਦੂਰ ਵੱਖ ਵੱਖ ਕੈਟੇਗਰੀਆਂ ਵਿੱਚ ਵੰਡਿਆ ਹੋਇਆ ਜਿਵੇਂ ਖੇਤਾਂ ਦਾ ਮਜ਼ਦੂਰ, ਉਸਾਰੀ ਦਾ ਮਜ਼ਦੂਰ, ਦੁਕਾਨਾਂ ਦਾ ਮਜ਼ਦੂਰ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਅਤੇ ਦੇਸ਼ ਵਿੱਚ ਭਾਜਪਾ ਨੇ ਕਦੇ ਵੀ ਮਜ਼ਦੂਰਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਮਜ਼ਦੂਰ, ਜਿਸਨੂੰ ਚਾਹੀਦਾ ਰੁਜ਼ਗਾਰ, ਇਲਾਜ, ਪੜ੍ਹਾਈ ਪਰ ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ ਨੇ ਮਜ਼ਦੂਰਾਂ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ। ਮਜ਼ਦੂਰਾਂ ਨੂੰ ਅਪੀਲ ਕਰਦਿਆਂ ਸ. ਗੜ੍ਹੀ ਨੇ ਕਿਹਾ ਕਿ ਪੰਜਾਬ ਵਿੱਚ ਜੇਕਰ ਮਜ਼ਦੂਰਾਂ ਦੀ ਬਾਂਹ ਕੋਈ ਫੜ ਸਕਦਾ ਹੈ ਤਾਂ ਉਹ ਅਕਾਲੀ-ਬਸਪਾ ਗੱਠਜੋੜ ਹੀ ਹੈ ਜੋ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਆਰਥਿਕ ਅਤੇ ਸਮਾਜਿਕ ਤੌਰ ਤੇ ਬੁਰੀ ਤਰ੍ਹਾਂ ਨਾਲ ਪੱਛੜਿਆ ਹੋਇਆ ਹੈ। ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਗੱਲ ਕਰਦਿਆਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਲੰਘ ਕੇ ਗਿਆ ਪਰ ਪੰਜਾਬ ਦੀ ਕਿਸੇ ਵੀ ਧਰਮ ਸੰਸਥਾ ਨੇ ਬਾਬਾ ਜੀਵਨ ਸਿੰਘ ਜੀ ਨੂੰ ਯਾਦ ਨਹੀਂ ਕੀਤਾ ਪਰ ਬਸਪਾ ਨੇ ਪੰਜ ਵੱਡੇ ਪ੍ਰੋਗਰਾਮ ਸ੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਕੀਤੇ। ਉਨ੍ਹਾ ਕਿਹਾ ਕਿ ਬਸਪਾ ਜਿੱਥੇ ਨਿਮਾਣੇ ਤੇ ਨਿਆਸਰਿਆਂ ਦੀ ਗੱਲ ਕਰਦੀ ਹੈ ਉਥੇ ਹੀ ਮਾਨ-ਸਨਮਾਨ ਦੀ ਗੱਲ ਕਰਦੀ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਕੁਲਦੀਪ ਸਿੰਘ ਸਰਦੂਲਗੜ੍ਹ, ਜਿਲ੍ਹਾ ਪ੍ਰਧਾਨ ਬਠਿੰਡਾ ਸ਼੍ਰੀ ਲਖਬੀਰ ਸਿੰਘ ਨਿੱਕਾ, ਜਿਲ੍ਹਾ ਪ੍ਰਧਾਨ ਮਾਨਸਾ ਗੁਰਦੀਪ ਸਿੰਘ ਅਤੇ ਸੈਂਕੜੇ ਬਸਪਾ ਵਰਕਰ ਤੇ ਲੀਡਰਸ਼ਿਪ ਹਾਜ਼ਿਰ ਸਨ।