ਪੰਜਾਬ ਵਿੱਚ ਗਰਮੀ ਦਿਖਾ ਰਹੀ ਅਸਲੀ ਰੰਗ – ਪਾਰਾ 46 ਡਿਗਰੀ ਤੋਂ ਪਾਰ
ਚੰਡੀਗੜ੍ਹ, 18 ਮਈ(ਵਿਸ਼ਵ ਵਾਰਤਾ)- ਪੰਜਾਬ ਨੂੰ ਅੱਜ ਕੜਾਕੇ ਦੀ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਹੀਟ ਵੇਵ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਸਿੱਧੀ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਹੈ। ਖ਼ਾਸ ਕਰਕੇ ਦੁਪਹਿਰ ਦੇ ਸਮੇਂ। ਇਸ ਸਮੇਂ ਦੌਰਾਨ ਲੋਕਾਂ ਨੂੰ ਧੁੱਪ ਤੋਂ ਬਚਣ ਲਈ ਹਲਕੇ ਤੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ ਤੇ ਆਪਣੇ ਸਿਰ ਨੂੰ ਢੱਕਣਾ ਚਾਹੀਦਾ ਹੈ। ਨਾਲ ਹੀ ਲਗਾਤਾਰ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਯੂਰਪੀ ਮੌਸਮ ਏਜੰਸੀਆਂ ਮੁਤਾਬਕ ਅਲ ਨੀਨੋ ਦਾ ਪ੍ਰਭਾਵ ਖਤਮ ਹੋ ਗਿਆ ਹੈ ਅਤੇ ਗਰਮੀ ਪਿਛਲੇ ਸਾਰੇ ਰਿਕਾਰਡ ਤੋੜਨ ਵਾਲੀ ਹੈ। ਪੰਜਾਬ ਦੇ ਕੁਝ ਇਲਾਕਿਆਂ ‘ਚ ਆਉਣ ਵਾਲੇ ਦਿਨਾਂ ‘ਚ ਤਾਪਮਾਨ 47 ਨੂੰ ਪਾਰ ਕਰ ਜਾਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬੀਤੀ ਸ਼ਾਮ ਪੰਜਾਬ ਦੇ ਲੁਧਿਆਣਾ ਦੇ ਸਮਰਾਲਾ ਦਾ ਤਾਪਮਾਨ ਪੰਜਾਬ ਵਿੱਚ ਸਭ ਤੋਂ ਵੱਧ ਸੀ। ਇੱਥੇ ਤਾਪਮਾਨ 46.3 ਡਿਗਰੀ ਤੱਕ ਪਹੁੰਚ ਗਿਆ ਹੈ। ਜਦੋਂ ਕਿ ਪਠਾਨਕੋਟ ਵਿੱਚ ਤਾਪਮਾਨ 45.1 ਡਿਗਰੀ ਦਰਜ ਕੀਤਾ ਗਿਆ। ਹੀਟ ਵੇਵ ਕਾਰਨ ਅੱਜ ਜ਼ਿਆਦਾਤਰ ਸ਼ਹਿਰਾਂ ‘ਚ ਤਾਪਮਾਨ 45 ਨੂੰ ਪਾਰ ਕਰ ਜਾਵੇਗਾ। ਗਰਮੀ ਦੀ ਲਹਿਰ ਕਾਰਨ ਅੱਜ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੇ 5 ਦਿਨਾਂ ਵਿੱਚ ਤਾਪਮਾਨ ਵੱਧ ਰਹਿਣ ਦੀ ਸੰਭਾਵਨਾ ਹੈ।