ਪੰਜਾਬ ਵਿਧਾਨ ਸਭਾ ਚੋਣਾਂ, 2022-ਆਓ ਲੋਕਤੰਤਰ ਦਾ ਜਸ਼ਨ ਮਨਾਈਏ ਤਹਿਤ ਜ਼ਿਲ੍ਹਾ ਪੱਧਰ ‘ਤੇ ਕਰਵਾਏ ਜਾਣਗੇ ਵਿਦਿਆਰਥੀਆਂ ਦੇ ਮੁਕਾਬਲੇ
ਮੁਕਾਬਲਿਆਂ ਦਾ ਮੰਤਵ ਨਵੇਂ ਵੋਟਰਾਂ ਅਤੇ ਭਵਿੱਖੀ ਵੋਟਰਾਂ ਵਿੱਚ ਵੋਟ ਬਣਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਜਾਗਰੂਕਤਾ ਅਤੇ ਰੂਚੀ ਪੈਦਾ ਕਰਨਾ
ਜਲੰਧਰ, 1 ਅਕਤੂਬਰ (ਵਿਸ਼ਵ ਵਾਰਤਾ):-ਪੰਜਾਬ ਵਿਧਾਨ ਸਭਾ ਚੋਣਾਂ, 2022-ਆਓ ਲੋਕਤੰਤਰ ਦਾ ਜਸ਼ਨ ਮਨਾਈਏ ਤਹਿਤ ਜ਼ਿਲ੍ਹੇ ਦੇ ਨਵੇਂ ਵੋਟਰਾਂ ਅਤੇ ਭਵਿੱਖੀ ਵੋਟਰਾਂ ਵਿੱਚ ਵੋਟ ਬਣਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਅਤੇ ਰੂਚੀ ਪੈਦਾ ਕਰਨ ਲਈ ਜ਼ਿਲ੍ਹਾ ਪੱਧਰ ‘ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਸ਼੍ਰੇਣੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੁੱਖ ਚੋਣ ਦਫ਼ਤਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਚੋਣਾਂ, ਭਾਰਤੀ ਲੋਕਤੰਤਰ ਅਤੇ ਭਾਰਤ ਦੇ ਲੋਕ ਵਿਸ਼ੇ ‘ਤੇ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਵਿੱਚ 5 ਤੋਂ 16 ਅਕਤੂਬਰ 2021 ਤੱਕ ਵਿਦਿਆਰਥੀਆਂ ਦੇ ਵੱਖ-ਵੱਖ ਸ਼੍ਰੇਣੀਆਂ ਜਿਵੇਂ ਡਾਂਸ (ਗਰੁੱਪ/ਸੋਲੋ)/ਸਲੋਗਨ ਰਚਨਾ/ਲੇਖ ਰਚਨਾ/ ਮੋਨੋ ਐਕਟਿੰਗ/ਗੀਤ (ਗਰੁੱਪ/ਸੋਲੋ)/ਕਵਿਤਾ/ਵਾਦ-ਵਿਵਾਦ/ਭਾਸ਼ਣ ਅਤੇ ਇਕਾਂਗੀ ਨਾਟਕ ਦੇ ਮੁਕਾਬਲੇ ਜਾ ਰਹੇ ਹਨ, ਜਿਸ ਸਬੰਧੀ ਵਿੱਦਿਅਕ ਸੰਸਥਾਵਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਸ਼੍ਰੀ ਥੋਰੀ ਨੇ ਦੱਸਿਆ ਕਿ 5 ਅਕਤੂਬਰ ਨੂੰ ਐਚ.ਐਮ.ਵੀ ਕਾਲਜ ਵਿੱਚ ਲੇਖ ਰਚਨਾ, 6 ਅਕਤੂਬਰ ਨੂੰ ਕੇ.ਐਮ.ਵੀ. ਕਾਲਜ ਵਿੱਚ ਸਮੂਹ ਗਾਨ ਤੇ 7 ਅਕਤੂਬਰ ਨੂੰ ਸੋਲੋ ਸਾਂਗ, 8 ਅਕਤੂਬਰ ਨੂੰ ਡੀ.ਏ.ਵੀ ਕਾਲਜ ਵਿੱਚ ਮੋਨੋ ਐਕਟਿੰਗ, 9 ਅਕਤੂਬਰ ਨੂੰ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਵਿੱਚ ਸਲੋਗਨ ਰਾਈਟਿੰਗ, 11 ਅਕਤੂਬਰ ਨੂੰ ਡੀ.ਏ.ਵੀ. ਕਾਲਜ ਵਿੱਚ ਕਵਿਤਾ ਉਚਾਰਣ, 12 ਅਕਤੂਬਰ ਨੂੰ ਕੇ.ਸੀ.ਐਲ. ਲਾਅ ਕਾਲਜ ਵਿੱਚ ਡੀਬੇਟ, 13 ਅਕਤੂਬਰ ਨੂੰ ਐਚ.ਐਮ.ਵੀ. ਕਾਲਜ ਵਿੱਚ ਭਾਸ਼ਣ ਤੇ 14 ਅਕਤੂਬਰ ਨੂੰ ਸਕਿੱਟ, 15 ਅਕਤੂਬਰ ਨੂੰ ਕੇ.ਐਮ.ਵੀ. ਕਾਲਜ ਵਿੱਚ ਸੋਲੋ ਡਾਂਸ ਅਤੇ 16 ਅਕਤੂਬਰ ਨੂੰ ਡੀ.ਏ.ਵੀ. ਕਾਲਜ ਵਿੱਚ ਗਰੁੱਪ ਡਾਂਸ ਮੁਕਾਬਲੇ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦਾ ਮੰਤਵ ਨਵੇਂ ਵੋਟਰਾਂ ਅਤੇ ਭਵਿੱਖੀ ਵੋਟਰਾਂ ਨੂੰ ਵੋਟ ਬਣਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨਾ ਹੈ ਤਾਂ ਜੋ ਚੋਣ ਅਮਲ ਵਿੱਚ ਭਾਗੀਦਾਰੀ ਨੂੰ ਹੋਰ ਵਧਾਇਆ ਜਾ ਸਕੇ। ਉਨ੍ਹਾਂ ਵੱਧ ਤੋਂ ਵੱਧ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਅਪੀਲ ਵੀ ਕੀਤੀ।