ਚੰਡੀਗਡ਼੍ਹ, 4 ਸਤੰਬਰ (ਵਿਸ਼ਵ ਵਾਰਤਾ) : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਾਡਾ ਮੁੱਖ ਟੀਚਾ ਪੰਜਾਬ ਨੂੰ 31 ਦਸੰਬਰ, 2017 ਤੱਕ ‘ਕੌਰਨੀਅਲ ਅੰਨ੍ਹੇਪਣ ਬੈਕਲਾਗ’ ਤੋਂ ਮੁਕਤ ਬਣਾਉਣਾ ਹੈ। ਜਿਸ ਲਈ ਸਿਹਤ ਵਿਭਾਗ ਵਲੋਂ ਰਾਜ ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਕੌਰਨੀਅਲ ਅੰਨ੍ਹੇਪਣ ਦੇ ਪੀਡ਼ਤਾਂ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਵਾਇਆਂ ਜਾ ਰਹੀਆਂ ਹਨ।
ਸ੍ਰੀ ਮਹਿੰਦਰਾ ਨੇ ਦੱਸਿਆ ਕਿ ਸੂਬੇ ਨੂੰ ਕੌਰਨੀਅਲ ਅੰਨ੍ਹੇਪਣ ਤੋਂ ਮੁਕਤ ਕਰਨ ਲਈ ਸਾਰੇ ਜਿਲ੍ਹਿਆਂ ਵਿਚ ਅੱਖਾਂ ਦਾਨ ਕਰਨ ਸਬੰਧੀ ਪੰਦਰਵਾਡ਼ੇ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ ਹੁਣ ਤੱਕ ਲਗਭਗ 1000 ਵਿਅਕਤੀ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਕੀਤਾ।
ਸ੍ਰੀ ਮਹਿੰਦਰਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜਾਗਰੂਕਤਾ ਮੁਹਿੰਮ ਅਧੀਨ ਇਕ ਆਡਿਓ ਅਤੇ ਵੀਡੀਓ ਵੈਨ ਵੀ ਚਲਾਈ ਗਈ। ਜਿਸ ਦੁਆਰਾ ਸੂਬੇ ਦੇ ਮੁੱਖ ਸ਼ਹਿਰਾਂ ਅਤੇ ਕਸਬਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਸੂਬੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੂਬੇ ਨੂੰ ਕੌਰਨੀਅਲ ਅੰਨ੍ਹੇਪਣ ਤੋਂ ਮੁਕਤ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਵਿਸ਼ੇਸ਼ ਰੂਪ-ਰੇਖਾ ਉਲੀਕੀ ਗਈ ਹੈ ਜਿਸ ਦੁਆਰਾ ਆਈ ਬੈਂਕਾਂ ਦੇ ਬੁਨਿਆਦੀ ਢਾਂਚੇ ਦਾ ਆਧੁਨਿਕਣ ਕਰਨ ਦੇ ਨਾਲ-ਨਾਲ ਆਈ ਸਰਜਨਾਂ ਨੂੰ ਵੀ ਇਸ ਕੰਮ ਵਿਚ ਟੇਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਸਮਾਂਬੱਧ ਢੰਗ ਨਾਲ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ।
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸਮੂਹ ਆਈ ਬੈਂਕਾਂ ਵਿਚ ਮਾਰਚ 2017 ਤੋਂ ਜੂਨ 2017 ਤੱਕ ਲਗਭਗ 341 ਕੌਰਨੀਆ ਪ੍ਰਾਪਤ ਕੀਤੇ ਗਏ ਅਤੇ 212 ਕੌਰਨੀਆ ਟ੍ਰਾਂਸਪਲਾਂਟ (ਕਰੈਟੋਪਲਾਸਟੀ) ਅਪਰੇਸ਼ਨ ਰਜਿਸਟਰਡ ਕਰੈਟੋਪਲਾਸਟੀ ਸੈਂਟਰਾਂ ਵਿਚ ਕੀਤੇ ਗਏ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅਜੇ ਸਿਰਫ ਉਨ੍ਹਾਂ ਮਰੀਜ਼ਾਂ ਵੱਲ ਧਿਆਨ ਕੇਂਦਰਿਤ ਕਰ ਰਿਹਾ ਹੈ ਜੋ ਇਲਾਜ ਯੋਗ ਬਾਈਲੇਟ੍ਰਲ ਅੰਨ੍ਹੇਪਣ ਤੋਂ ਪੀਡ਼ਿਤ ਹਨ ਅਤੇ ਅਪਰੇਸ਼ਨ ਕਰਾਉਣ ਲਈ ਤਿਆਰ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਮੁਹਿੰਮ ਦੇ ਅਗਲੇ ਪਡ਼ਾਅ ਵਿਚ ਰਾਜ ਦੇ ਸਮੂਹ ਜਿਲ੍ਹਾ ਹਸਪਤਾਲਾਂ ਵਿਚ ਸਪੈਸ਼ਨ ਸਕਰੀਨਿੰਗ ਕੈਂਪ ਆਯੋਜਿਤ ਕੀਤੇ ਜਾਣਗੇ, ਜਿਸ ਵਿਚ ਇਲਾਜਯੋਗ ਕੌਰਨੀਅਲ ਦੇ ਪੀਡ਼ਤ ਮਰੀਜਾਂ ਨੂੰ ਸਕਰੀਨ ਕੀਤਾ ਜਾਵੇਗਾ ਅਤੇ ਅਪਰੇਸ਼ਨ ਕਰਾਉਣ ਦੇ ਇਛੁੱਕ ਮਰੀਜਾਂ ਨੂੰ ਨੇਡ਼ੇ ਦੇ ਕੌਰਨੀਆ ਟ੍ਰਾਂਸਪਲਾਂਟ ਸੈਂਟਰ ਵਿਚ ਰੈਫਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅੰਨ੍ਹੇਪਣ ਤੋਂ ਪੀਡ਼ਤ ਮਰੀਜਾਂ ਦੀ ਪਛਾਣ ਕਰਨ ਲਈ ਅਤੇ ਅੱਖਾਂ ਦਾਨ ਕਰਨ ਦੀ ਮੁਹਿੰਮ ਵਿਚ ਸਟੇਕ ਹੋਲਡਰਾਂ ਦੇ ਨਾਲ-ਨਾਲ ਡਿਪਟੀ ਕਮਿਸ਼ਨਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਕਾਰਡ ਅਨੁਸਾਰ ਲਗਭਗ 135 ਮਾਮਲੇ ਵੇਟਿੰਗ ਲਿਸਟ ਵਿਚ ਹਨ ਜਿਨ੍ਹਾਂ ਨੂੰ ਕੇ.ਪੀ. ਕੇਂਦਰਾਂ ਵਿਚ ਰਜਿਸਟਰਡ ਕੀਤਾ ਗਿਆ ਹੈ।
ਪੰਜਾਬ ਨੂੰ 31 ਦਸੰਬਰ ਤੱਕ ‘ਕੌਰਨੀਅਲ ਅੰਨ੍ਹੇਪਣ ਬੈਕਲਾਗ’ ਤੋਂ ਮੁਕਤ ਬਣਾਇਆ ਜਾਵੇਗਾ – ਬ੍ਰਹਮ ਮਹਿੰਦਰਾ
Advertisement
Advertisement