ਪੰਜਾਬ ਦੇ 72 ਪ੍ਰਿੰਸੀਪਲਾਂ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਿੰਗਾਪੁਰ ਲਈ ਕੀਤਾ ਰਵਾਨਾ
ਚੰਡੀਗੜ੍ਹ,23ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਅੱਜ ਪ੍ਰਿੰਸੀਪਲਾਂ ਦੇ 5ਵੇਂ ਤੇ 6ਵੇਂ ਬੈਚ ਨੂੰ ਸਿੰਗਾਪੁਰ ਲਈ ਰਵਾਨਾ ਕਰ ਦਿੱਤਾ ਹੈ। ਇਸ ਬੈਚ ਵਿੱਚ ਕੁੱਲ 72 ਪ੍ਰਿੰਸੀਪਲ ਸ਼ਾਮਿਲ ਹਨ ਜੋ ਸਿੰਗਾਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਵਿੱਚ ਲੀਡਰਸ਼ਿਪ, ਗਲੋਬਲ ਐਜੂਕੇਸ਼ਨ ਅਤੇ ਕੋਆਰਡੀਨੇਸ਼ਨ ਦੀ ਸਿਖਲਾਈ ਪ੍ਰਾਪਤ ਕਰਨਗੇ। ਚੰਡੀਗੜ੍ਹ ਤੋਂ 72 ਪ੍ਰਿੰਸੀਪਲਾਂ ਦੀ ਬੱਸ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਸਾਰੇ ਪ੍ਰਿੰਸੀਪਲਾਂ ਨੇ ਮੰਤਰੀ ਬੈਂਸ ਨਾਲ ਮੁਲਾਕਾਤ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਬੈਂਸ ਨੇ ਦੱਸਿਆ ਕਿ ਹੁਣ ਤੱਕ 200 ਪ੍ਰਿੰਸੀਪਲਾਂ ਅਤੇ 100 ਅਧਿਆਪਕਾਂ ਸਮੇਤ 300 ਅਧਿਆਪਕ ਵਿਦੇਸ਼ ਗਏ ਹਨ। ਪੰਜਾਬ ਦੇ ਲਗਭਗ 20 ਫੀਸਦੀ ਪ੍ਰਿੰਸੀਪਲਾਂ ਦੀ ਸਿਖਲਾਈ ਮੁਕੰਮਲ ਹੋ ਚੁੱਕੀ ਹੈ। ਇਸ ਤੋਂ ਇਲਾਵਾ 100 ਹੈੱਡਮਾਸਟਰਾਂ ਨੂੰ ਆਈਆਈਐਮ ਅਹਿਮਦਾਬਾਦ ਭੇਜਿਆ ਗਿਆ ਸੀ।