ਤ੍ਰਿਪਤ ਬਾਜਵਾ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਦੋ ਮੁੱਖ ਸਕੀਮਾਂ ਦੀ ਸ਼ੁਰੂਆਤ
ਡਿਜੀਟਲ ਪੇਮੈਂਟ ਮਿਸ਼ਨ ਵਿੱਚ ਪੰਜਾਬ ਦੀ ਇੱਕ ਹੋਰ ਪੁਲਾਂਘ, ਜਲ ਸਪਲਾਈ ਬਿਲਾਂ ਦੇ ਈ-ਭੁਗਤਾਨ ਦੀ ਸ਼ੁਰੂਆਤ
ਜਲ ਸਪਲਾਈ ਕੁਨੈਕਸ਼ਨਾਂ ਨੂੰ ਨਿਯਮਿਤ ਕਰਨ ਲਈ ਇੱਕ ਮੁਸ਼ਤ ਨਿਪਟਾਰਾ ਸਕੀਮ ਦੀ ਵੀ ਕੀਤੀ ਗਈ ਸ਼ੁਰੂਆਤ
ਐਸ.ਏ.ਐਸ ਨਗਰ, 24 ਜਨਵਰੀ (ਵਿਸ਼ਵ ਵਾਰਤਾ)- ਪੰਜਾਬ ਡਿਜੀਟਲ ਪੇਮੈਂਟ ਮਿਸ਼ਨ ਨੂੰ ਲਾਗੂ ਕਰਨ ਵਿਚ ਪਹਿਲੀ ਕਤਾਰ ਵਿੱਚ ਆ ਖੜ੍ਹਾ ਹੋਇਆ ਹੈ, ਸੂਬੇ ਵਿਚ ਜਲ ਸਪਲਾਈ ਬਿਲਾਂ ਦੇ ਈ-ਭੁਗਤਾਨ ਕਰਨ ਲਈ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਜੈਕਟ ਦਾ ਉਦਘਾਟਨ ਸੂਬੇ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ, ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਇੱਥੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਵਿਖੇ ਕੀਤਾ ਗਿਆ।
ਇਸ ਮੌਕੇ ਕਰਵਾਏ ਗਏ ਸਮਾਗਮ ਮੌਕੇ ਸੰਬੋਧਨ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਘੱਟੋ ਘੱਟ ਖਰਚੇ ਵਿਚ ਵੱਧ ਤੋਂ ਵੱਧ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਸੁਹਿਰਦ ਯਤਨ ਕਰ ਰਹੀ ਹੈ। ਇਸ ਨਵੀਨਤਮ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਹਿਲੇ ਪੜਾ ਤਹਿਤ ਮੋਹਾਲੀ ਸ਼ਹਿਰ ਵਿੱਚ ਪਾਣੀ ਦੇ ਬਿਲਾਂ ਦੀ ਆਨਲਾਈਨ ਪੇਮੈਂਟ ਦੀ ਵਿਵਸਥਾ ਕੀਤੀ ਗਈ ਹੈ। ਇਸ ਸਹੂਲਤ ਦੇ ਲਾਗੂ ਹੋਣ ਨਾਲ ਖਪਤਕਾਰ ਆਪਣੇ ਬਿਲਾਂ ਦਾ ਭੁਗਤਾਨ ਵਿਭਾਗ ਦੀ ਵੈਬਸਾਈਟ
http://pbdwss.gov.in ‘ਤੇ ਜਾ ਕੇ ਜਾਂ ਨੈੱਟ-ਬੈਂਕਿੰਗ/ਡੈਬਿਟ ਕਾਰਡ/ਕਰੈਡਿਟ ਕਾਰਡ/ਐਨ.ਈ.ਐਫ.ਟੀ/ਆਰ.ਟੀ.ਜੀ.ਐਸ ਰਾਹੀਂ ਕਰ ਸਕਦੇ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਇਹ ਪ੍ਰੋਜੈਕਟ ਐਕਸਿਸ ਬੈਂਕ ਦੇ ਸਹਿਯੋਗ ਨਾਲ ਅਰੰਭ ਕੀਤਾ ਗਿਆ ਹੈ।
ਸ੍ਰੀ ਬਾਜਵਾ ਨੇ ਅੱਗੇ ਕਿਹਾ ਕਿ ਖਪਤਕਾਰਾਂ ਨੂੰ ਜਲ ਸਪਲਾਈ ਤੇ ਸੀਵਰੇਜ ਦੇ ਬਿਲਾਂ ਦੀ ਰਾਸ਼ੀ ਸਬੰਧੀ ਅਤੇ ਭੁਗਤਾਨ ਕਰਨ ਦੀ ਆਖਰੀ ਮਿਤੀ ਬਾਰੇ ਜਾਣਕਾਰੀ ਮੋਬਾਈਲ ਸੰਦੇਸ਼ (ਐਸ.ਐਮ.ਐਸ) ਰਾਹੀਂ ਭੇਜੀ ਜਾਇਆ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਮੁਹਾਲੀ ਸ਼ਹਿਰ ਵਿਚ ਸਫਲਤਾ ਤੋਂ ਬਾਅਦ ਜਲਦੀ ਹੀ ਸੂਬੇ ਦੇ ਹੋਰ ਚਾਰ ਸ਼ਹਿਰਾਂ ਫਰੀਦਕੋਟ, ਮੁਕਤਸਰ, ਫਤਿਹਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਹੋਰ ਪੇਂਡੂ ਖੇਤਰਾਂ ਵਿੱਚ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਸ੍ਰੀ ਤ੍ਰਿਪਤ ਬਾਜਵਾ ਨੇ ਜਲ ਸਪਲਾਈ ਕੁਨੈਕਸ਼ਨਾਂ ਦਾ ਇੱਕ ਮੁਸ਼ਤ ਨਿਪਟਾਰਾ ਸਕੀਮ ਦਾ ਆਗਾਜ਼ ਵੀ ਕੀਤਾ। ਉਨ੍ਹਾਂ ਕਿਹਾ ਕਿ ਉਹ ਉਪਭੋਗਤਾ ਜਿਨ੍ਹਾਂ ਦੇ ਜਲ ਸਪਲਾਈ ਬਿਲਾਂ ਦੇ ਬਕਾਏ 2000 ਰੁਪਏ ਤੱਕ ਹਨ, ਆਪਣੇ ਬਕਾਏ ਨੂੰ ਕੇਵਲ ਅਸਲ ਖਰਚੇ ਦੇ ਕੇ ਨਿਪਟਾਰਾ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਕੀਮ ਅਨੁਸਾਰ ਸਾਰੇ ਜੁਰਮਾਨੇ ਅਤੇ ਲੇਟ ਪੇਮੈਂਟ ਦੀ ਵੀ ਛੋਟ ਦਿੱਤੀ ਗਈ ਹੈ ਅਤੇ ਖਪਤਕਾਰ ਨੂੰ ਕੇਵਲ ਅਸਲ ਖਰਚੇ (ਐਕਚੁਅਲ ਚਾਰਜਿਜ਼) ਦਾ ਭੁਗਤਾਨ ਹੀ ਕਰਨਾ ਹੋਵੇਗਾ।
ਇਸ ਮੌਕੇ ਜਲ ਸਪਲਾਈ ਮੰਤਰੀ ਨੇ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ ਕੁਨੈਕਸ਼ਨਾਂ ਨੂੰ ਨਿਯਮਿਤ ਕਰਨ ਲਈ ਇੱਕ ਹੋਰ ਸਕੀਮ ਦੀ ਸ਼ੁਰੂਆਤ ਵੀ ਕੀਤੀ, ਜਿਸ ਤਹਿਤ ਸਿਰਫ ਇੱਕ ਵਾਰ 1000 ਰੁਪਏ ਅਦਾ ਕਰਕੇ ਕੁਨੈਕਸ਼ਨ ਨੂੰ ਨਿਯਮਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਦਾ ਲਾਭ 28 ਫਰਵਰੀ 2018 ਤੱਕ ਲਿਆ ਜਾ ਸਕਦਾ ਹੈ।
ਇਸ ਮੌਕੇ ਮੌਜੂਦ ਪਤਵੰਤਿਆਂ ਵਿੱਚ ਸ੍ਰੀ ਬਲਬੀਰ ਸਿੰਘ ਸਿੱਧੂ ਸਥਾਨਕ ਵਿਧਾਇਕ, ਸ੍ਰੀ ਜਸਪ੍ਰੀਤ ਤਲਵਾਰ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ, ਸ੍ਰੀ ਅਸ਼ਵਨੀ ਕੁਮਾਰ ਡਾਇਰੈਕਟਰ ਜਲ ਸਪਲਾਈ ਤੇ ਸੈਨੀਟੇਸ਼ਨ, ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਡਿਪਟੀ ਕਮਿਸ਼ਨਰ, ਸਯੁੰਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ, ਇੰਜੀਨੀਅਰ ਨਗਰ ਨਿਗਮ ਸ. ਨਰਿੰਦਰ ਸਿੰਘ ਦਾਲਮ, ਸ੍ਰੀ ਗੁਰਦਰਸਨ ਸਿੰਘ ਬਾਹੀਆ ਓ.ਐਸ.ਡੀ ਜਲ ਸਪਲਾਈ ਮੰਤਰੀ, ਮੀਨਾਕਸ਼ੀ ਸ਼ਰਮਾ ਡਾਇਰੈਕਟਰ ਜਲ ਸਪਲਾਈ,, ਸ੍ਰੀ ਮੁਹੰਮਦ ਇਸਫਾਕ ਡਾਇਰੈਕਟਰ ਸੈਨੀਟੇਸ਼ਨ, ਸ੍ਰੀ ਐਸ.ਕੇ ਜੈਨ, ਚੀਫ ਇੰਜਨੀਅਰ, ਸ੍ਰੀ ਗੁਰਪ੍ਰੀਤ ਸਿੰਘ ਚੀਫ ਇੰਜਨੀਅਰ ਅਤੇ ਸ੍ਰੀ ਅਵਤਾਰ ਸਿੰਘ ਚੀਫ ਇੰਜਨੀਅਰ, ਸ੍ਰੀ ਸਿੱਧੂ ਦੇ ਸਿਆਸੀ ਸਲਾਹਕਾਰ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਰਜਿੰਦਰ ਸਿੰਘ ਰਾਣਾ, ਜਸਬੀਰ ਸਿੰਘ ਮਾਣਕੂ ਸਮੇਤ ਹੋਰ ਪਤਵੰਤੇ ਵੀ ਸ਼ਾਮਿਲ ਸਨ।