ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦਾ ਪੁਨਰਗਠਨ ਅਮਲ ਅਧੀਨ – ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਦਿੱਤੀ ਜਾਣਕਾਰੀ 

132
Advertisement


ਚੰਡੀਗੜ, 21 ਮਾਰਚ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵਿਧਾਨ ਸਭਾ ‘ਚ ਦੱਸਿਆ ਕਿ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਐਸ.ਐਸ.ਐਸ.ਬੀ.) ਦਾ ਪੁਨਰਗਠਨ ਅਮਲ ਅਧੀਨ ਹੈ।
ਬਜਟ ਇਜਲਾਸ ਦੇ ਦੂਜੇ ਦਿਨ ਪ੍ਰਸ਼ਨ ਕਾਲ ਦੌਰਾਨ ਮੁੱਖ ਮੰਤਰੀ ਸੂਬਾਈ ਸਰਕਾਰ ਵੱਲੋਂ ਲਾਏ ਜਾ ਰਹੇ ਰੁਜ਼ਗਾਰ ਮੇਲਿਆਂ ਸਬੰਧੀ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।
ਇਸ ਵਿਸ਼ੇ ਬਾਰੇ ਜਾਣਕਾਰੀ ਦੀ ਘਾਟ ਕਾਰਨ ਸੁਖਪਾਲ ਸਿੰਘ ਖਹਿਰਾ ‘ਤੇ ਤਨਜ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਥੋੜੀ ਜਾਣਕਾਰੀ ਘਾਤਕ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਵਿੱਚ 1.61 ਲੱਖ ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਹਨ, ਜਿਨਾਂ ਵਿੱਚੋਂ 25 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਹਨ। ਉਨਾਂ ਕਿਹਾ ਕਿ ਸੂਬਾਈ ਸਰਕਾਰ ਦੇ ਵੱਡੇ ਰੁਜ਼ਗਾਰ ਮੇਲਿਆਂ ਦੇ ਹਾਲ ਹੀ ਵਿੱਚ ਸਮਾਪਤ ਹੋਏ ਦੂਜੇ ਗੇੜ ਵਿੱਚ ਤਕਰੀਬਨ 29 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਨਾਂ ਵਿੱਚੋਂ 7 ਹਜ਼ਾਰ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ।
‘ਘਰ ਘਰ ਰੁਜ਼ਗਾਰ’ ਯੋਜਨਾ ਤਹਿਤ ਰੁਜ਼ਗਾਰ ਮੁਹੱਈਆ ਕਰਾਉਣ ਬਾਰੇ ਆਪਣੀ ਸਰਕਾਰ  ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਕਲਰਕਾਂ ਦੀਆਂ ਤਕਰੀਬਨ 757 ਅਸਾਮੀਆਂ ਖਾਲੀ ਹਨ, ਜਿਨਾਂ ਨੂੰ ਸਰਕਾਰ ਜਲਦੀ ਭਰੇਗੀ।
ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਤੋਂ ਵਿਧਾਇਕ ਅੰਗਦ ਸੈਣੀ ਵੱਲੋਂ ਜ਼ਿਲਾ ਪ੍ਰਸ਼ਾਸਨ, ਸ਼ਹੀਦ ਭਗਤ ਸਿੰਘ ਨਗਰ ਵਿੱਚ ਕਲਰਕਾਂ ਦੀਆਂ ਖਾਲੀ ਪਈਆਂ 57 ਅਸਾਮੀਆਂ ਅਤੇ ਦਰਜਾ ਚਾਰ ਦੀਆਂ 55 ਅਸਾਮੀਆਂ ‘ਤੇ ਭਰਤੀ ਬਾਰੇ ਸਰਕਾਰ ਦੇ ਪ੍ਰਸਤਾਵ ਸਬੰਧੀ ਸਵਾਲ ਉਤੇ ਮੁੱਖ ਮੰਤਰੀ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਇਨਾਂ ਅਸਾਮੀਆਂ ਨੂੰ ਵਿੱਤੀ ਵਰੇ 2018-19 ਦੌਰਾਨ ਭਰਨ ਦਾ ਯਤਨ ਕੀਤਾ ਜਾਵੇਗਾ।
ਐਸ.ਬੀ.ਐਸ. ਨਗਰ ‘ਚ ਖਾਲੀ ਪਈਆਂ ਅਸਾਮੀਆਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਨੂੰ ਕਲਰਕਾਂ ਦੀਆਂ 45 ਖਾਲੀ ਅਸਾਮੀਆਂ ‘ਤੇ ਭਰਤੀ ਲਈ 30 ਮਾਰਚ, 2016 ਨੂੰ ਬੇਨਤੀ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਮਾਲ ਵਿਭਾਗ ਵੱਲੋਂ 7 ਜੂਨ, 2016 ਨੂੰ ਕਲਰਕਾਂ ਦੀਆਂ 20 ਹੋਰ ਅਸਾਮੀਆਂ ‘ਤੇ ਭਰਤੀ ਲਈ ਬੋਰਡ ਨੂੰ ਬੇਨਤੀ ਕੀਤੀ ਗਈ ਸੀ।
ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਐਸ.ਬੀ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਦੀ ਰਿਪੋਰਟ ਮੁਤਾਬਕ ਅਧੀਨ ਸੇਵਾਵਾਂ ਚੋਣ ਬੋਰਡ ਤੋਂ ਇਨ•ਾਂ ਅਸਾਮੀਆਂ ‘ਤੇ ਭਰਤੀ ਲਈ ਕੋਈ ਸਿਫ਼ਾਰਸ਼ ਨਹੀਂ ਆਈ ਅਤੇ ਹੁਣ ਦਰਜਾ-4 ਖਾਲੀ ਅਸਾਮੀਆਂ ਭਰਨ ਲਈ ਹੋਰ ਵਿਭਾਗਾਂ ਤੋਂ ਤਬਾਦਲੇ ਦਾ ਪ੍ਰਸਤਾਵ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਸੂਬੇ ਦੇ ਕਮਿਸ਼ਨਰ/ਡਿਪਟੀ ਕਮਿਸ਼ਨਰ ਦਫ਼ਤਰਾਂ ‘ਚ ਖਾਲੀ ਪਈਆਂ ਕਲਰਕਾਂ ਦੀਆਂ 757 ਅਸਾਮੀਆਂ ਅਤੇ ਸਟੈਨੋਟਾਈਪਿਸਟਾਂ ਦੀਆਂ 30 ਅਸਾਮੀਆਂ ‘ਤੇ ਭਰਤੀ ਲਈ ਬੋਰਡ ਨੂੰ ਬੇਨਤੀ ਕੀਤੀ ਗਈ ਹੈ।

Advertisement

LEAVE A REPLY

Please enter your comment!
Please enter your name here