ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਤੀਜਾ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਸਮਾਗਮ 5 ਨਵੰਬਰ ਨੂੰ

0
54

ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਤੀਜਾ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਸਮਾਗਮ 5 ਨਵੰਬਰ ਨੂੰ

ਮੁੱਖ ਮਹਿਮਾਨ ਮੈਂਬਰ ਪਾਰਲੀਮੈਟ ਮੁਹੰਮਦ ਸਦੀਕ ਤੇ ਪ੍ਰਧਾਨਗੀ ਪ੍ਰੋਃ ਗੁਰਭਜਨ ਸਿੰਘ ਗਿੱਲ ਕਰਨਗੇ 

ਲੁਧਿਆਣਾ 2 ਨਵੰਬਰ (ਵਿਸ਼ਵ ਵਾਰਤਾ):- ਸਾਲ 1953 ਤੋਂ ਕਾਰਜਸ਼ੀਲ ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਨਾਮਵਰ ਸ਼ਾਇਰ ਸ਼੍ਰੀ ਵਿਜੇ ਵਿਵੇਕ ਨੂੰ ਤੀਜੇ ‘ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ‘ ਨਾਲ 5 ਨਵੰਬਰ, 2023(ਐਤਵਾਰ) ਨੂੰ ਸਵੇਰੇ 10 ਵਜੇ ਸਭਾ ਦੇ ਸੈਮੀਨਾਰ ਹਾਲ ਵਿਖੇ ਸਨਮਾਨਿਤ ਕੀਤਾ ਜਾਵੇਗਾ। ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਤੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਲੋਕ-ਗਾਇਕ ਅਤੇ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਹੋਣਗੇ। ਸਮਾਗਮ ਦੀ ਪ੍ਰਧਾਨਗੀ ਪ੍ਰੋਃ ਗੁਰਭਜਨ ਸਿੰਘ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਦਮੀ ਕਰਨਗੇ। ਸ਼੍ਰੀ ਗੁਰਭੇਜ ਸਿੰਘ ਗੋਰਾਇਆ (ਦਿੱਲੀ) ਇਸ ਸਮਾਗਮ ਦਾ ਉਦਘਾਟਨ ਕਰਨਗੇ।

ਇਹ ਸਨਮਾਨ ਸਭਾ ਦੇ ਮੋਢੀ ਮੈਂਬਰ ਤੇ ਉਮਰ ਦਾ ਵੱਡਾ ਅਰਸਾ ਵੈਨਕੁਵਰ(ਕੈਨੇਡਾ) ਰਹੇ ਸ਼੍ਰੀ ਗੁਰਚਰਨ ਰਾਮਪੁਰੀ ਦੇ ਧੀਆਂ-ਪੁੱਤਰਾਂ ਅਤੇ ਸਮੁੱਚੇ ਪਰਿਵਾਰ ਵੱਲੋਂ ਹਰ ਸਾਲ ਦਿੱਤਾ ਜਾਂਦਾ ਹੈ। ਇਸ ਸਨਮਾਨ ਵਿਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ,ਲੋਈ ਅਤੇ ਸਨਮਾਨ ਨਿਸ਼ਾਨੀ ਸ਼ਾਮਲ ਹੁੰਦੀ ਹੈ।
ਸਭਾ ਦੇ ਮੀਤ ਪ੍ਰਧਾਨ ਅਮਰਿੰਦਰ ਸੋਹਲ ਨੇ ਦੱਸਿਆ ਕਿ ਇਹ ਪੁਰਸਕਾਰ ਪਹਿਲਾਂ ਸੁਰਗਵਾਸੀ ਕਵੀ ਸ਼ਿਵਨਾਥ (ਮੋਹਾਲੀ)ਅਤੇ ਸ਼੍ਰੀ ਬੀਬਾ ਬਲਵੰਤ (ਗੁਰਦਾਸਪੁਰ)ਨੂੰ ਦਿੱਤਾ ਜਾ ਚੁੱਕਾ ਹੈ।
ਸ਼੍ਰੀ ਗੁਰਚਰਨ ਰਾਮਪੁਰੀ ਜੀ ਬਾਰੇ ਜਾਣ ਪਛਾਣ ਸਭਾ ਦੇ ਸਰਪ੍ਰਸਤ ਸ੍ਰੀ ਸੁਰਿੰਦਰ ਰਾਮਪੁਰੀ ਕਰਵਾਉਣਗੇ ਅਤੇ ਸ਼੍ਰੀ ਵਿਜੇ ਵਿਵੇਕ ਬਾਰੇ ਜਾਣ-ਪਛਾਣ ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ ਕਰਵਾਉਣਗੇ।
ਇਸੇ ਸਮਾਗਮ ਵਿੱਚ ਡਾ.ਮਨਦੀਪ ਕੌਰ ਦੀ ਆਲੋਚਨਾ ਪੁਸਤਕ ‘ਪੰਜਾਬੀ ਸਭਿਆਚਾਰ ਦੀ ਵਿਕਾਸ ਰੇਖਾ(ਗੁਰਚਰਨ ਰਾਮਪੁਰੀ ਦੀ ਕਵਿਤਾ ਦੇ ਸੰਦਰਭ ਵਿਚ) ਲੋਕ-ਅਰਪਣ ਕੀਤੀ ਜਾਵੇਗੀ। ਪ੍ਰੋ. ਭਜਨ ਸਿੰਘ ਇਸ ਪੁਸਤਕ ਅਤੇ ਲੇਖਕਾ ਬਾਰੇ ਜਾਣ-ਪਛਾਣ ਕਰਵਾਉਣਗੇ। ਉਪਰੰਤ ਹਾਜ਼ਰ ਕਵੀਆਂ ਤੇ ਅਧਾਰਤ ਕਵੀ ਦਰਬਾਰ ਹੋਵੇਗਾ।
ਇਹ ਜਾਣਕਾਰੀ ਸਭਾ ਦੇ ਪ੍ਰਧਾਨ ਸ੍ਰੀ ਅਨਿਲ ਫ਼ਤਹਿਗੜ੍ਹ ਜੱਟਾਂ ਅਤੇ ਬਲਵੰਤ ਮਾਂਗਟ, ਜਨਰਲ ਸਕੱਤਰ ਨੇ ਰਾਮਪੁਰ ਵਿਖੇ ਦਿੱਤੀ। ਇਸ ਸਮੇਂ ਸ਼੍ਰੀ ਗੁਰਦਿਆਲ ਦਲਾਲ , ਸੁਰਿੰਦਰ ਰਾਮਪੁਰੀ, ਅਮਰਿੰਦਰ ਸੋਹਲ (ਮੀਤ ਪ੍ਰਧਾਨ)ਅਤੇ ਨੀਤੂ ਰਾਮਪੁਰ ਹਾਜ਼ਰ ਸਨ।