ਚੰਡੀਗੜ੍ਹ, 18 ਅਗਸਤ (ਅੰਕੁਰ) : ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਕੰਮਕਾਜ ਦੀ ਭਾਸ਼ਾ ਦਾ ਦਰਜਾ ਦਿਵਾਉਣ ਲਈ ‘ਚੰਡੀਗੜ੍ਰ ਪੰਜਾਬੀ ਮੰਚ’ ਵੱਲੋਂ ਵਿੱਢੀ ਮੁਹਿੰਮ ਪਿੰਡ ਕਜਹੇੜੀ ਤੱਕ ਪਹੁੰਚਦਿਆਂ ਪਹੁੰਚਦਿਆਂ ਇਕ ਲਹਿਰ ਦਾ ਰੂਪ ਧਾਰ ਗਈ। 1 ਨਵੰਬਰ ਨੂੰ ਪੰਜਾਬ ਦਿਵਸ ਵਾਲੇ ਦਿਨ ਗਵਰਨਰ ਹਾਊਸ ਦਾ ਘਿਰਾਓ ਕਰਕੇ ਚੰਡੀਗੜ੍ਹ ਵਿਚ ਪੰਜਾਬੀ ਦੀ ਬਹਾਲੀ ਲਈ ਚੱਲ ਰਹੀਆਂ ਮੀਟਿੰਗਾਂ ਦੇ ਦੌਰ ਦੌਰਾਨ ਪਿੰਡ ਕਜਹੇੜੀ ਦੀ ਬੈਠਕ ਰੈਲੀ ਦਾ ਰੂਪ ਧਾਰ ਗਈ। ਕਜਹੇੜੀ ਦੇ ਗੁਰਦੁਆਰਾ ਸਾਹਿਬ ਵਿਚ ਸਮੂਹ ਨਗਰ ਨਿਵਾਸੀ ਇਕੱਤਰ ਹੋਏ ਜਿਨ੍ਹਾਂ ਵਿਚ ਖਾਸ ਤੌਰ ‘ਤੇ ਔਰਤਾਂ ਅਤੇ ਬੱਚਿਆਂ ਦੇ ਨਾਲ ਬਜ਼ੁਰਗ ਅਤੇ ਨੌਜਵਾਨ ਵੀ ਸ਼ਾਮਲ ਸਨ ਜਿਨ੍ਹਾਂ ਨੇ 1 ਨਵੰਬਰ ਦੇ ਧਰਨੇ ਵਿਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਅਹਿਦ ਲਿਆ।
ਗੁਰਦੁਆਰਾ ਸਾਹਿਬ ਵਿਚ ਬੈਠਕ ਦੀ ਪ੍ਰਧਾਨਗੀ ਕਰਦਿਆਂ ਚੰਡੀਗੜ੍ਹ ਪੰਜਾਬੀ ਮੰਚ ਦੇ ਚੇਅਰਮੈਨ ਸਿਰੀਰਾਮ ਅਰਸ਼ ਨੇ ਇਕੱਤਰਤਾ ਨੂੰ ਅਪੀਲ ਕੀਤੀ ਕਿ ਉਹ ਮਾਂ ਬੋਲੀ ਨੂੰ ਬਚਾਉਣ ਲਈ ਡਟ ਜਾਣ। ਇਸ ਮੌਕੇ ‘ਤੇ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਪੰਜਾਬੀ ਨਾਲ ਚੰਡੀਗੜ੍ਹ ਵਿਚ ਹੋ ਰਹੀ ਵਧੀਕੀ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਆਖਿਆ ਕਿ ਜਦੋਂ ਦੇਸ਼ ਦੇ ਕਿਸੇ ਵੀ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੀ ਭਾਸ਼ਾ ਅੰਗਰੇਜ਼ੀ ਨਹੀਂ ਫਿਰ ਚੰਡੀਗੜ੍ਹ ਨਾਲ ਇਹ ਧੱਕਾ ਕਿਉਂ। ਇਸ ਮੌਕੇ ਪੇਂਡੂ ਸੰਘਰਸ਼ ਕਮੇਟੀ ਵੱਲੋਂ ਬਾਬਾ ਸਾਧੂ ਸਿੰਘ, ਬਾਬਾ ਗੁਰਦਿਆਲ ਸਿੰਘ, ਇੰਝ ਹੀ ਮੰਚ ਨਾਲ ਸਬੰਧਤ ਗੁਰਦੁਆਰਾ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਬੰਧਤਮ ਸਭਾਵਾਂ ਦੇ ਨੁਮਾਇੰਦਿਆਂ ਦੇ ਨਾਲ-ਨਾਲ ਗੁਰਪ੍ਰੀਤ ਸਿੰਘ ਸੋਮਲ, ਸੁਖਜੀਤ ਸਿੰਘ, ਬਲਵਿੰਦਰ ਸਿੰਘ, ਦੀਪਕ ਸ਼ਰਮਾ ਚਨਾਰਥਲ, ਦਲਜੀਤ ਸਿੰਘ ਪਲਸੌਰਾ, ਜੋਗਿੰਦਰ ਸਿੰਘ ਬੁੜੈਲ ਅਤੇ ਹਰਮੇਸ਼ ਸਿੰਘ ਨੇ ਆਪਣੇ ਸੰਬੋਧਨ ਵਿਚ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ 1 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ 17 ਵਿਚ ਪਹੁੰਚ ਕੇ ਪੰਜਾਬੀ ਦੀ ਬਹਾਲੀ ਲਈ ਗਵਰਨਰ ਹਾਊਸ ਦੇ ਘਿਰਾਓ ਵਿਚ ਖੁਦ ਵੀ ਸ਼ਾਮਲ ਹੋਣ ਅਤੇ ਹੋਰਨਾਂ ਨੂੰ ਵੀ ਨਾਲ ਲੈ ਕੇ ਪਹੁੰਚਣ। ਬੈਠਕ ਦੌਰਾਨ ਮੰਚ ਸੰਭਾਲ ਰਹੇ ਜੋਗਾ ਸਿੰਘ ਨੇ ਕਵਿਤਾ ਨਾਲ ਵੀ ਸਾਂਝ ਪਾਈ ਅਤੇ ਸਭ ਨੇ ਸਾਂਝੇ ਰੂਪ ਵਿਚ ਅਹਿਦ ਲਿਆ ਕਿ ਉਹ ਪੰਜਾਬੀ ਦੀ ਚੰਡੀਗੜ੍ਹ ਵਿਚ ਬਹਾਲੀ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਆਉਂਦੇ ਐਤਵਾਰ ਨੂੰ ਸਵੇਰੇ 9 ਵਜੇ ਪਿੰਡ ਸਾਰੰਗਪੁਰ ਵਿਖੇ ਅਤੇ ਇਸੇ ਦਿਨ ਸ਼ਾਮੀਂ 4 ਵਜੇ ਪਿੰਡ ਮਲੋਆ ਵਿਚ ਵੀ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਬੈਠਕ ਰੱਖੀ ਗਈ ਹੈ।
ਡੱਬੀ
ਦੀਪਕ ਚਨਾਰਥਲ ਨੇ ਚੁੱਕਿਆ ਗਵਰਨਰ ਦੇ ਨਾਂ ਚਿੱਠੀਆਂ ਲਿਖਵਾਉਣ ਦਾ ਬੀੜਾ
ਚੰਡੀਗੜ੍ਹ : ਚੰਡੀਗੜ੍ਹ ਪੰਜਾਬੀ ਮੰਚ ਦੇ ਸਕੱਤਰ ਅਤੇ ਲੇਖਕ ਤੇ ਕਵਿ ਵਜੋਂ ਪਹਿਚਾਣੇ ਜਾਂਦੇ ਦੀਪਕ ਸ਼ਰਮਾ ਚਨਾਰਥਲ ਨੇ ਗਵਰਨਰ ਦੇ ਨਾਂ ਚਿੱਠੀਆਂ ਲਿਖਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਉਹ ਘਰ-ਘਰ ਜਾ ਕੇ ਜਾਂ ਵੱਖੋ-ਵੱਖ ਸਮਾਗਮਾਂ ‘ਚ ਪਹੁੰਚ ਕੇ ਜਿੱਥੇ ਚਿੱਠੀਆਂ ਲਿਖਵਾ ਰਹੇ ਹਨ, ਉਥੇ ਚੰਡੀਗੜ੍ਹ ਪੰਜਾਬੀ ਮੰਚ ਦੀ ਹਰ ਬੈਠਕ ਵਿਚ ਪੰਜਾਬੀ ਪ੍ਰੇਮੀਆਂ ਨੂੰ ਅਪੀਲ ਕਰਕੇ ਗਵਰਨਰ ਦੇ ਨਾਂ ਖਤ ਲਿਖਵਾ ਰਹੇ ਹਨ ਕਿ ਅਸੀਂ ਆਉਂਦੀ 1 ਨਵੰਬਰ ਨੂੰ ਮਾਂ ਬੋਲੀ ਪੰਜਾਬੀ ਦਾ ਬਣਦਾ ਸਥਾਨ ਹਾਸਲ ਕਰਨ ਲਈ ਆਪ ਜੀ ਨੂੰ ਮਿਲਣ ਆ ਰਹੇ ਹਨ। ਇਸ ਮੁਹਿੰਮ ਵਿਚ ਉਨ੍ਹਾਂ ਦਾ ਸਾਥ ਦੇ ਰਹੇ ਗੁਰਪ੍ਰੀਤ ਸੋਮਲ ਅਤੇ ਸੁਖਜੀਤ ਸਿੰਘ ਨੇ ਦੱਸਿਆ ਕਿ ਹਰ ਥਾਂ ਨੌਜਵਾਨ ਅਤੇ ਬਜ਼ੁਰਗਾਂ ਦੇ ਨਾਲ-ਨਾਲ ਬੀਬੀਆਂ ਅਤੇ ਬੱਚੇ ਵੀ ਆਪ ਮੁਹਾਰੇ ਸਾਹਮਣੇ ਆ ਕੇ ਗਵਰਨਰ ਨੂੰ ਖਤ ਲਿਖ ਰਹੇ ਹਨ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਮਾਂ ਬੋਲੀ ਪੰਜਾਬੀ ਦੇ ਧੀਆਂ-ਪੁੱਤ ਹੁਣ ਜਾਗ ਗਏ ਨੇ ਤੇ ਆਪਣਾ ਹੱਕ ਲੈ ਕੇ ਰਹਿਣਗੇ।
ਚੰਡੀਗੜ੍ਹ ਪੰਜਾਬੀ ਮੰਚ ਪਿਕਸ : ਦੀਪਕ ਚਨਾਰਥਲ ਦੀ ਪ੍ਰੇਰਨਾ ‘ਤੇ ਗਵਰਨਰ ਦੇ ਨਾਂ ਖਤ ਲਿਖਦੇ ਹੋਏ ਬੱਚੇ।