ਪੰਜਾਬੀ ਦੇ ਉੱਘੇ ਸਾਹਿਤਕਾਰ ਡਾਕਟਰ ਕਰਨਜੀਤ ਸਿੰਘ ਦਾ ਦੇਹਾਂਤ
ਚੰਡੀਗੜ੍ਹ,11 ਮਾਰਚ (ਵਿਸ਼ਵ ਵਾਰਤਾ): ਪੰਜਾਬੀ ਦੇ ਸਾਹਿਤਕ ਹਲਕਿਆਂ ਵਿੱਚ ਇਹ ਖਬਰ ਬੜੇ ਦੁੱਖ ਨਾਲ ਸੁਣੀ ਜਾਵੇਗੀ ਕਿ ਪੰਜਾਬੀ ਦੇ ਉੱਘੇ ਸਾਹਿਤਕਾਰ, ਕਵੀ, ਅਨੁਵਾਦਕ ਅਤੇ ਵਾਰਤਕਕਾਰ ਡਾਕਟਰ ਕਰਨਜੀਤ ਸਿੰਘ ਦਾ ਅੱਜ ਸਵੇਰੇ ਦਿੱਲੀ ਵਿੱਚ ਦੇਹਾਂਤ ਹੋ ਗਿਆ। ਡਾਕਟਰ ਕਰਨਜੀਤ ਸਿੰਘ ਦਾ ਜਨਮ 12 ਅਪ੍ਰੈਲ 1930 ਨੂੰ ਪੱਟੀ , ਜ਼ਿਲਾ ਤਰਨ ਤਾਰਨ ਵਿੱਚ ਹੋਇਆ ਸੀ ਸੀ।
ਡਾਕਟਰ ਕਰਨਜੀਤ ਸਿੰਘ ਦਾ ਸਾਰਾ ਜੀਵਨ ਪੰਜਾਬੀ ਸਾਹਿਤ ਦੀ ਸੇਵਾ ਨੂੰ ਪਰਨਾਇਆ ਰਿਹਾ। ਉਹ1957 ਤੋਂ ਲੈ ਕੇ 1961 ਤੱਕ ਲੋਕ ਲਿਖਾਰੀ ਸਭਾ , ਅੰਮ੍ਰਿਤਸਰ ਦੇ ਜਨਰਲ ਸਕੱਤਰ ਰਹੇ ਅਤੇ ਮਗਰੋਂ ਜਾ ਕੇ ਪੰਜਾਬੀ ਲੇਖਕ ਸਭਾ ਦਿੱਲੀ ਦੇ ਸੰਸਥਾਪਕਾਂ ਵਿੱਚੋਂ ਸਨ। ਉਹ ਲੰਮਾ ਸਮਾਂ ਪੰਜਾਬੀ ਭਵਨ ਦਿੱਲੀ ਦੇ ਡਾਇਰੈਕਟਰ ਰਹੇ ਅਤੇ ਕਈ ਸਾਲ ‘ਸਮਕਾਲੀ ਸਾਹਿਤ ‘ਤੇ ਸੰਪਾਦਕ ਵੀ । ਆਪਣੇ ਆਖਰੀ ਵੇਲੇ ਤੱਕ ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੈਂਬਰ ਵੀ ਰਹੇ ਅਤੇ ਸਭਾ ਦੀਆਂ ਸਰਗਰਮੀਆਂ ਵਿਚ ਲਗਾਤਾਰ ਹਿੱਸਾ ਪਾਂਦੇ ਰਹੇ।
ਪੰਜਾਬੀ ਅਦਬ ਦੀ ਝੋਲੀ ਵਿੱਚ ਉਹਨਾਂ ਨੇ ਪਹਿਲਾਂ ਦੋ ਕਾਵਿ ਸੰਗ੍ਰਹਿ ‘ਰਿਸ਼ਤੇ’ ਅਤੇ ‘ਫੁੱਲ ਵੀ ਅੰਗਿਆਰ’ ਪਾਏ । ਇਸ ਤੋਂ ਇਲਾਵਾ ਉਹਨਾਂ ਦੀਆਂ ਸਾਹਿਤਕ ਹਸਤੀਆਂ ਨਾਲ ਮੁਲਾਕਾਤਾਂ ਦੀਆਂ ਦੋ ਕਿਤਾਬਾਂ ‘ਕਲਮ ਦੀ ਅੱਖ’ ਅਤੇ ‘ਜਿਨ੍ਹਾ ਪਛਾਤਾ ਸੱਚ’ ਬਹੁਤ ਮਕਬੂਲ ਹੋਈਆਂ । ਆਖਰੀ ਸਾਲਾਂ ਵਿੱਚ ਉਹਨਾਂ ਨੇ ਆਪਣੀ ਜੀਵਨ ਕਹਾਣੀ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਲਿਖਿਆ ਜਿਨਾਂ ਦੇ ਨਾਂਅ ਮੈਂ ਭੋਲਾਵਾ ਪਗ ਦਾ,’ ‘ਹਾਸ਼ੀਏ ਦੀ ਇਬਾਰਤ ‘ਅਤੇ ‘ ਏਨੀ ਮੇਰੀ’ ਬਾਤ ਹਨ। ਇਸ ਸਮੇਂ ਉਹਨਾਂ ਦੀ ਸਾਹਿਤਕ ਸਵੈਜੀਵਨੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪ੍ਰਕਾਸ਼ਨ ਅਧੀਨ ਹੈ।
ਲੰਘੀ ਸਦੀ ਦੇ 70ਵਿਆਂ ਅਤੇ 80ਵਿਆਂ ਦੇ ਦਹਾਕਿਆਂ ਵਿੱਚ ਉਹ ਪ੍ਰਗਤਿਸ਼ੀਲ ਪ੍ਰਕਾਸ਼ਨ, ਮਾਸਕੋ ਵਿੱਚ ਬਤੌਰ ਅਨੁਵਾਦਕ ਸਰਗਰਮ ਰਹੇ ਤੇ ਉਹਨਾਂ ਨੇ ਰੂਸੀ ਦੀਆਂ ਬਹੁਤ ਸਾਰੀਆਂ ਸਾਹਿਤਕ ਅਤੇ ਸਿਆਸੀ ਰਚਨਾਵਾਂ ਨੂੰ ਪੰਜਾਬੀ ਵਿੱਚ ਉਲਥਾਇਆ।
ਉਹ ਆਪਣੇ ਪਿੱਛੇ ਚਾਰ ਬੇਟੀਆਂ ਤੇ ਦੋ ਬੇਟੇ ਛੱਡ ਗਏ ਹਨ ।