ਪੰਜਾਬੀ ਆਪਣੀਆਂ ਵੋਟਾਂ ਨਾਲ ਦਿੱਲੀ ਆਧਾਰਿਤ ਪਾਰਟੀਆਂ ਵਾਸਤੇ ਪੰਜਾਬ ਦੇ ਬਾਰਡਰ ਸੀਲ ਕਰ ਦੇਣ: ਸੁਖਬੀਰ ਸਿੰਘ ਬਾਦਲ
ਭਾਜਪਾ ਦੇ ਸੂਬਾ ਕਾਰਜਕਾਰਨੀ ਮੈ਼ਬਰ ਪ੍ਰੋ. ਸੁਮਰਿੰਦਰ ਸਿੰਘ ਸੀੜ੍ਹਾ ਨੂੰ ਅਕਾਲੀ ਦਲ ’ਚ ਕਰਵਾਇਆ ਸ਼ਾਮਲ
ਪਟਿਆਲਾ, 11 ਅਪ੍ਰੈਲ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਵੋਟਾਂ ਨਾਲ ਦਿੱਲੀ ਆਧਾਰਿਤ ਪਾਰਟੀਆਂ ਲਈ ਪੰਜਾਬ ਦੇ ਬਾਰਡਰ ਸੀਲ ਕਰ ਦੇਣ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਆਧਾਰਿਤ ਸਾਰੀਆਂ ਪਾਰਟੀਆਂ ਸਿਰਫ ਆਪਣੀ ਹਾਈ ਕਮਾਂਡ ਦੀ ਸੁਣਦੀਆਂ ਹਨ ਜਿਵੇਂ ਕਿ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਕਰਦੇ ਹਨ ਤੇ ਉਹ ਕਿਸਾਨ ਅੰਦੋਲਨ ਦੇ ਖਿਲਾਫ ਡਟੇ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਸੂਬਾ ਭਾਜਪਾ ਕਾਰਜਕਾਰਨੀ ਮੈਂਬਰ ਤੇ ਪ੍ਰਮੁੱਖ ਸਮਾਜ ਸੇਵੀ ਪ੍ਰੋ. ਸੁਮਰਿੰਦਰ ਸਿੰਘ ਸੀੜ੍ਹਾ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ। ਪ੍ਰੋ. ਸੀੜ੍ਹਾ ਨੂੰ ਸ਼ਾਮਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲਾ ਮੋਹਰੀ ਆਗੂ ਦੱਸਿਆ ਜੋ ਖਿੱਤੇ ਵਿਚ ਸਮਾਜ ਸੇਵਾ ਕਰਦਾ ਹੈ। ਉਹਨਾਂ ਨੇ ਪ੍ਰੋ. ਸੀੜ੍ਹਾ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ। ਪ੍ਰੋ. ਸੀੜ੍ਹਾ ਨੇ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ।
ਪ੍ਰੋ. ਸੁਮਰਿੰਦਰ ਸੀੜ੍ਹਾ ਦੀ ਰਿਹਾਇਸ਼ ਲਾਲ ਕੋਠੀ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਸਾਡੇ ਕਿਸਾਨਾਂ ਨੂੰ ਆਪਣੀਆਂ ਮੁਸ਼ਕਿਲਾਂ ਲੈ ਕੇ ਦਿੱਲੀ ਨਹੀਂ ਜਾਣ ਦੇ ਰਹੀ ਅਤੇ ਉਸਨੇ ਕਿਸਾਨਾਂ ’ਤੇ ਗੋਲੀਆਂ ਵੀ ਚਲਾਈਆਂ ਤੇ ਕੌਮੀ ਸ਼ਾਹ ਮਾਰਗ ਸੀਲ ਵੀ ਕਰ ਰੱਖਿਆ ਹੈ। ਉਹਨਾਂ ਕਿਹਾ ਕਿ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟਾਂ ਨਾਲ ਦਿੱਲੀ ਆਧਾਰਿਤ ਪਾਰਟੀਆਂ ਵਾਸਤੇ ਪੰਜਾਬ ਦੇ ਬਾਰਡਰ ਸੀਲ ਕਰ ਦੇਣ। ਉਹਨਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦਿੱਲੀ ਅਤੇ ਪੰਜਾਬ ਵਿਚਾਲੇ ਲੜਾਈ ਬਣ ਗਈਆਂ ਹਨ ਕਿਉਂਕਿ ਪੰਜਾਬੀਆਂ ਨੇ ਹਮੇਸ਼ਾ ਦਿੱਲੀ ਆਧਾਰਿਤ ਪਾਰਟੀਆਂ ਦੇ ਹੱਥਾਂ ਵਿਚ ਮੁਸ਼ਕਿਲਾਂ ਹੀ ਝੱਲੀਆਂ ਹਨ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਭਾਜਪਾ ਵਰਗੀਆਂ ਦਿੱਲੀ ਆਧਾਰਿਤ ਪਾਰਟੀਆਂ ਦੇ ਪੰਜਾਬ ਦੇ ਆਗੂਆਂ ਨੇ ਦੋ ਸਾਲ ਪਹਿਲਾਂ ਕਿਸਾਨ ਅੰਦੋਲਨ ਦੇ ਖਿਲਾਫ ਡੱਟ ਕੇ ਸਟੈਂਡ ਲਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਨੇ ਵੀ ਕਿਸਾਨ ਵਿਰੋਧੀ ਸਟੈਂਡ ਲਿਆ ਤੇ ਹਰਿਆਣਾ ਪੁਲਿਸ ਨੂੰ ਚਲ ਰਹੇ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ’ਤੇ ਗੋਲੀਆਂ ਚਲਾਉਣ ਦੀ ਆਗਿਆ ਦੇ ਦਿੱਤੀ। ਉਹਨਾਂ ਕਿਹਾ ਕਿ ਜੇਕਰ ਅਕਾਲੀ ਦਲ ਸੱਤਾ ਵਿਚ ਹੁੰਦਾ ਤਾਂ ਇਹ ਕੁਝ ਕਦੇ ਨਾ ਵਾਪਰਦਾ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕੌਮੀ ਪਾਰਟੀਆਂ ਤੋਂ ਸੁਚੇਤ ਰਹਿਣ ਜੋ ਪਾਰਲੀਮਾਨੀ ਸੀਟਾਂ ਜਿੱਤਣੀਆਂ ਚਾਹੁੰਦੀਆਂ ਹਨ ਤੇ ਉਹਨਾਂ ਨੂੰ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਵਿਚ ਕੋਈ ਦਿਲਚਸਪੀ ਨਹੀਂ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਬੁਨਿਆਦੀ ਢਾਂਚੇ ਦਾ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ ਅਤੇ ਉਹ ਆਪਣੇ ਜੱਦੀ ਸ਼ਹਿਰ ਪਟਿਆਲਾ ਦਾ ਵਿਕਾਸ ਵੀ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਪਟਿਆਲਾ ਵਿਚ ਜਿੰਨੇਵੀ ਵਿਕਾਸ ਦੇ ਪ੍ਰਾਜੈਕਟ ਆਏ, ਉਹ ਸਾਰੇ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਆਏ।
ਸੀਨੀਅਰ ਆਗੂ ਸ੍ਰੀ ਐਨ ਕੇ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਅੱਜ ਰਾਜਨੀਤੀ ਵਿਚ ਸਿਧਾਂਤਾਂ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾਕਿ ਅਸੀਂ ਵੇਖ ਰਹੇ ਹਾਂ ਕਿ ਚਾਰ ਵਾਰ ਕਾਂਗਰਸ ਤੋਂ ਐਮ ਪੀ ਬਣਨ ਵਾਲੇ ਅੱਜ ਭਾਜਪਾ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਲ ਬਦਲੀਆਂ ਵਾਲੇ ਇਹਨਾਂ ਲੋਕਾਂ ਨੂੰ ਠੁਕਰਾ ਦੇਣ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਵੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਸਮਾਗਮ ਵਿਚ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਵੀ ਹਾਜ਼ਰ ਸਨ।
ਬਾਅਦ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਸ਼ੁਤਰਾਣਾ ਹਲਕੇ ਵਿਚ ਪੰਜਾਬ ਬਚਾਓ ਯਾਤਰਾ ਦੀ ਵੀ ਅਗਵਾਈ ਕੀਤੀ ਜਿਥੇ ਉਹਨਾਂ ਨੂੰ ਲਾਮਿਸਾਲ ਹੁੰਗਾਰਾ ਮਿਲਿਆ ਅਤੇ ਲੋਕ ਸੜਕ ਦੇ ਦੋਵੇਂ ਪਾਸੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਏ ਤੇ ਉਹਨਾਂ ਨਾਲ ਮੁਲਾਕਾਤ ਕੀਤੀ। ਸਰਦਾਰ ਬਾਦਲ, ਜਿਹਨਾਂ ਦੇ ਨਾਲ ਸੀਨੀਅਰ ਆਗੂ ਸ੍ਰੀ ਕਬੀਰ ਦਾਸਵੀ ਸਨ, ਨੇਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਦਿੱਲੀ ਆਧਾਰਿਤ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਕਰਵਾਈ ਜਾਵੇਗੀ ਤੇ ਅਕਾਲੀ ਦਲ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ।