‘ਪ੍ਰੇਮੀ’ ਵੀ ਸਾਡੇ ਸਮਾਜ ਦਾ ਹਿੱਸਾ : ਬ੍ਰਹਮ ਮਹਿੰਦਰਾ  

313
Advertisement


ਚੰਡੀਗਡ਼੍ਹ, 1 ਸਤੰਬਰ (ਵਿਸ਼ਵ ਵਾਰਤਾ)-ਪੰਜਾਬ ਦੇ ਸਿਹਤ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਡੇਰਾ ਸੱਚਾ ਸੌਦਾ ਦੇ ‘ਪ੍ਰੇਮੀ’ ਵੀ ਸਾਡੇ ਸਮਾਜ ਦਾ ਹਿੱਸਾ ਹਨ ਅਤੇ ਉਹਨਾਂ ਨੂੰ ਕਿਸੇ ਹੋਰ ਵਲੋਂ ਕੀਤੇ ਗੁਨਾਹਾਂ ਦੀ ਸ਼ਜਾ ਨਹੀਂ ਦਿੱਤੀ ਜਾ ਸਕਦੀ।
ਪੰਚਕੂਲਾ ਵਿਖੇ ਹਿੰਸਾ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪੀਡ਼ਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ”ਪ੍ਰੇਮੀਆਂ” ਨੂੰ ਸੂਬਾ ਸਰਕਾਰ ਵਲੋਂ ਪੂਰਨ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ  ਕਾਨੂੰਨ ਵਲੋਂ ਆਪਣਾ ਕੰਮ ਕੀਤਾ ਗਿਆ ਅਤੇ ਜੋ ਦੋਸ਼ੀ ਸਨ ਉਨਾਂ ਨੂੰ ਸਜ਼ਾ ਪਹਿਲਾਂ ਹੀ ਮਿਲ ਚੁੱਕੀ ਹੈ ਅਤੇ ਪ੍ਰੇਮੀਆਂ ਨੂੰ ਉਸ ਲਈ ਦੋਸ਼ੀ ਨਹੀਂ ਗਰਦਾਨਿਆ ਜਾ ਸਕਦਾ।
ਸ੍ਰੀ ਮਹਿੰਦਰਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਮਾਰੇ ਗਏ ਲੋਕਾਂ ਦੇ ਸਾਰੇ ਕੇਸਾਂ ਦੀ ਪਡ਼ਤਾਲ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਉਹ ਇਸ ਸਬੰਧੀ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਠਾਉਣਗੇ ਤਾਂ ਜੋ ਪੰਚਕੂਲਾ ਵਿਖੇ ਮਾਰੇ ਗਏ ਜਾਂ ਜਖ਼ਮੀ ਹੋਏ ਨਿਰਦੋਸ਼ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਜੋ ਵੀ ਗੋਲੀਬਾਰੀ ਦੌਰਾਨ ਮਾਰੇ ਗਏ ਜਾਂ ਜਖ਼ਮੀ ਹੋਏ ਉਹ ਸਾਰੇ ਦੋਸ਼ੀ ਨਹੀਂ ਸਨ, ਸਗੋਂ ਉਨਾਂ ਵਿਚ ਗੁੰਮਰਾਹ ਹੋਏ ਲੋਕ ਵੀ ਸਨ ।
ਉਹਨਾਂ ਕਿਹਾ ਕਿ ‘ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਨਾਲ ਵੀ ਭੇਦਭਾਵ ਵਿੱਚ ਯਕੀਨ ਨਹੀਂ ਰੱਖਦੇ ਅਤੇ ਅਸੀਂ ਪੰਚਕੂਲਾ ਵਿਖੇ ਪੁਲਿਸ ਕਾਰਵਾਈ ਵਿੱਚ ਮਾਰੇ ਗਏ ਅਣਭੋਲ ਲੋਕਾਂ ਨਾਲ ਪੂਰੀ ਹਮਦਰਦੀ ਰੱਖਦੇ ਹਾਂ’। ਉਹਨਾਂ ਕਿਹਾ ਕਿ ਕਿ ਸੂਬੇ ਭਰ ਵਿੱਚ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਸਬੰਧੀ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ।
ਸਿਹਤ ਮੰਤਰੀ ਨੇ ਮੁੱਖ ਮੰਤਰੀ ਵਲੋਂ ਸੂਬੇ ਵਿੱਚ ਕਿਸੇ ਵੀ ਨਾਮ ਚਰਚਾ ਘਰ ਨੂੰ ਬੰਦ ਨਾ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਵਲੋਂ ਇਹ ਪਹਿਲਾਂ ਹੀ ਯਕੀਨੀ ਬਣਾਇਆ ਗਿਆ ਹੈ ਕਿ ਲੋਕਾਂ ਦੀ ਭਾਵਨਾ ਅਤੇ ਵਿਸ਼ਵਾਸ ਵਿੱਚ ਕਿਸੇ ਤਰਾਂ ਦਾ ਕੋਈ ਦਖ਼ਲ ਨਾ ਹੋਵੇ।
ਪੰਜਾਬ ਦੇ ਲੋਕਾਂ ਨੂੰ ਭਾਈਚਾਰਕ ਸਾਂਝ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਧਾਈ ਦਿੰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਜਿਥੇ ਸਾਡੀ ਪੁਲਿਸ ਅਤੇ ਪ੍ਰਸ਼ਾਸਨ ਨੇ ਸ਼ਾਨਦਾਰ ਸੇਵਾ ਨਿਭਾਈ ਉਥੇ ਹੀ ਸ਼ਾਂਤੀ ਬਣਾਈ ਰੱਖਣ ਲਈ ਪ੍ਰੇਮੀ ਵੀ ਪ੍ਰਸ਼ੰਸਾ ਦੇ ਪਾਤਰ ਹਨ।

Advertisement

LEAVE A REPLY

Please enter your comment!
Please enter your name here