ਪ੍ਰਭਜੋਤ ਸਿੰਘ ਸੋਹੀ ਦੇ ਗੀਤ ਸੰਗ੍ਰਹਿ ‘ਸੰਦਲੀ ਬਾਗ਼’ ਦੇ ਦੂਸਰੇ ਐਡੀਸ਼ਨ ਦੀ ਮੁਬਾਰਕ – ਗੁਰਭਜਨ ਗਿੱਲ

108
Advertisement

ਪ੍ਰਭਜੋਤ ਸਿੰਘ ਸੋਹੀ ਦੇ ਗੀਤ ਸੰਗ੍ਰਹਿ ‘ਸੰਦਲੀ ਬਾਗ਼’ ਦੇ ਦੂਸਰੇ ਐਡੀਸ਼ਨ ਦੀ ਮੁਬਾਰਕ – ਗੁਰਭਜਨ ਗਿੱਲ

ਚੰਡੀਗੜ੍ਹ,18ਮਈ(ਵਿਸ਼ਵ ਵਾਰਤਾ)- ਪ੍ਰਭਜੋਤ ਸਿੰਘ ਸੋਹੀ ਬਹੁਤ ਹਿੰਮਤੀ ਤੇ ਉਤਸ਼ਾਹੀ ਲੇਖਕ ਹੈ। ਵਿਗਿਆਨ ਤੇ ਅੰਗਰੇਜ਼ੀ ਸਾਹਿੱਤ ਦਾ ਵਿਦਿਆਰਥੀ ਹੈ ਪਰ ਸ਼ਾਇਰੀ ਪੰਜਾਬੀ ਵਿੱਚ ਕਰਦਾ ਹੈ। ਉਹ ਸੋਹੀਆਂ ਕਲਾਂ(ਜਗਰਾਉਂ) ਦਾ ਜੰਮਪਲ ਹੈ ਤੇ ਗੁਰੂ ਹਰਗੋਬਿੰਦ ਖਾਲਸਾ ਕਾਲਿਜ ਗੁਰੂਸਰ ਸਧਾਰ (ਲੁਧਿਆਣਾ) ਚ ਪੜ੍ਹਦਾ ਰਿਹੈ। ਹੁਣ ਸਰਕਾਰੀ ਸੀਨੀਅਰ ਸਕੂਲ ਕਮਾਲਪੁਰਾ ਚ ਅੰਗਰੇਜ਼ੀ ਪੜ੍ਹਾਉਂਦੈ।
ਹੈ ਨਾ ਕਮਾਲ! ਕਦੇ ਇਸੇ ਸਕੂਲ ਪੜ੍ਹਦੇ ਨਿਆਣੇ ਡਾਃ ਸੁਰਿੰਦਰ ਗਿੱਲ, ਡਾਃ ਰਘੁਬੀਰ ਸਿੰਘ ਸਿਰਜਣਾ ਤੇ ਡਾਃ ਗੁਰਦੇਵ ਸਿੰਘ ਸਿੱਧੂ ਪੰਜਾਬੀ ਸਾਹਿੱਤ ਦੇ ਵੱਡੇ ਸਿਆਣੇ ਨੇ। ਉਹੀ ਕਮਾਲਪੁਰਾ ਜਿਥੋਂ ਦੀ ਕਲਗੀਧਰ ਸਪੋਰਟਸ ਕਲੱਬ ਸ਼ਾਇਦ ਪੰਜਾਬ ਦੀ ਸਭ ਤੋਂ ਪੁਰਾਣੀ ਖੇਡ ਕਲੱਬ ਹੈ।
ਇਹ ਗੱਲ ਮੈਂ ਨਹੀਂ ਕਹਿੰਦਾ, ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਕਹਿੰਦੈ, ਜਿਸ ਦਾ ਖੇਡ ਲਿਖਾਰੀ ਭਤੀਜਾ ਡਾਃ ਬਲਵੰਤ ਸਿੰਘ ਸੰਧੂ ਇਸੇ ਪਿੰਡ ਦੇ ਗੁਰੂ ਗੋਬਿੰਦ ਸਿੰਘ ਕਾਲਿਜ ਦਾ ਪ੍ਰਿੰਸੀਪਲ ਹੈ।
ਗੱਲ ਕਰ ਰਹੇ ਸਾਂ ਪ੍ਰਭਜੋਤ ਸਿੰਘ ਸੋਹੀ ਦੀ। ਉਸ ਦੇ ਗੀਤ ਸੰਗ੍ਰਹਿ ਸੰਦਲੀ ਬਾਗ਼ ਦੇ ਪਹਿਲੇ ਐਡੀਸ਼ਨ ਨੂੰ ਅਮਰਿੰਦਰ ਸੋਹਲ ਨੇ ਸਪਰੈੱਡ ਵੱਲੋਂ ਛਾਪਿਆ ਸੀ ਪਰ ਇਹ ਦੂਸਰਾ ਐਡੀਸ਼ਨ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਮਾਨ ਕੀਤਾ ਹੈ। ਇਸ ਦੇ ਪਹਿਲੇ ਐਡੀਸ਼ਨ ਦੀ ਭੂਮਿਕਾ ਲਿਖਦਿਆਂ ਮੈਂ ਲਿਖਿਆ ਸੀ ਕਿ ਗੀਤ ਤਿਤਲੀ ਦੇ ਪਰਾਂ ਉੱਪਰ ਲਿਖੀ ਇਬਾਰਤ ਵਰਗੇ ਹੁੰਦੇ ਨੇ । ਰੂਹ ਦੇ ਬਾਗ਼ੀਂ ਵਿਚਰਦੇ ਦੁੱਖ – ਸੁੱਖ ਕਰਦੇ, ਵਣ-ਤ੍ਰਿਣ ਨਾਲ ਗੁਫ਼ਤਗੂ ਕਰਦੇ, ਸਾਹਾਂ ਸਵਾਸਾਂ ਦੀ ਸਾਰ ਲੈਂਦੇ ਦੇਂਦੇ, ਕੁੱਲ ਪ੍ਰਕਿਰਤੀ ਵਿਚ ਰਮ ਜਾਂਦੇ ਹਨ । ਸ਼ਕਤੀਵਰ ਗੀਤ ਲੋਕ-ਕੰਠ ਦੇ ਕੰਧੇੜੇ ਚੜ੍ਹ ਕੇ ਸਮੇਂ ਦੀ ਨਜ਼ਾਕਤ, ਨਫ਼ਾਸਤ ਤੇ ਸੁਭਾਅ ਨੂੰ ਸਮਝਦੇ ਸਮਝਾਉਂਦੇ ਕੁਝ ਵਰ੍ਹਿਆਂ ਬਾਅਦ ਲੋਕ-ਗੀਤਾਂ ਦੇ ਟੱਬਰ ਵਿਚ ਜਾ ਰਲਦੇ ਹਨ ।
ਇਹ ਹੁੰਦੇ ਤਾਂ ਗੀਤ ਹੀ ਹਨ; ਪਰ ਲੋਕ-ਗੀਤਾਂ ਦੇ ਵੇਸ ਵਿਚ ਸਾਰੇ ਜੀਵਨ ਵਿਹਾਰ ਵਿਚ ਪੈਰ-ਪੈਰ ‘ਤੇ ਆਪਣੀ ਬਾਤ ਕਹਿ ਜਾਂਦੇ ਹਨ । ਅਨੇਕਾਂ ਗੀਤ ਹਨ ਜੋ ਸਿਰਜਕਾਂ ਨੇ ਸਿਰਜੇ; ਪਰ ਹੌਲੀ-ਹੌਲੀ ਸਿਰਜਕਾਂ ਦਾ ਨਾਮ ਅਲੋਪ ਹੁੰਦਾ ਗਿਆ; ਪਰ ਗੀਤ ਸਾਡੇ ਦੁੱਖਾਂ-ਸੁੱਖਾਂ ਦੇ ਭਾਈਵਾਲ ਬਣ ਖਲੋਂਦੇ ਹਨ ।
ਮੈਂ ਅਕਸਰ ਨੰਦ ਲਾਲ ਨੂਰਪੂਰੀ, ਕਰਤਾਰ ਸਿੰਘ ਬਲੱਗਣ, ਸੁੰਦਰ ਦਾਸ ਆਸੀ, ਹਰਚਰਨ ਸਿੰਘ ਪਰਵਾਨਾ, ਚਰਨ ਸਿੰਘ ਸਫ਼ਰੀ, ਗੁਰਦੇਵ ਸਿੰਘ ਮਾਨ ਤੇ ਕਈ ਪੂਰਬਲੇ ਗੀਤਕਾਰਾਂ ਦੀਆਂ ਪੈੜਾਂ ਪਛਾਣਦਿਆਂ ਕਈ ਗੀਤ ਟੁਕੜੇ ਅਜਿਹੇ ਲੱਭ ਲੈਂਦਾ ਹਾਂ, ਜੋ ਲੋਕ ਮਾਨਸਿਕਤਾ ਵਿਚ ਘਰ ਕਰੀ ਬੈਠੇ ਹਨ । ਤੁਸੀਂ ਸੋਹਣ ਸਿੰਘ ਸੀਤਲ ਜੀ ਦੇ ਲਿਖੇ ‘ਕੀਮਾ ਮਲਕੀ’ ਦਾ ਗਾਇਨ ਲੋਕ ਗੀਤ ਸ਼੍ਰੇਣੀ ਵਿਚ ਰੇਡੀਓ, ਟੀ.ਵੀ., ਕਾਲਜਾਂ, ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ‘ਚ ਅਕਸਰ ਸੁਣਦੇ ਆ ਰਹੇ ਹੋ । ਕਰਤਾਰ ਸਿੰਘ ਬਲੱਗਣ ਜੀ ਦਾ ਗੀਤ :-
ਮੁੜ ਆ ਲਾਮਾਂ ਤੋਂ ਸਾਨੂੰ ਘਰੇ ਬੜਾ ਰੁਜ਼ਗਾਰ !
ਕਣਕਾਂ ਨਿੱਸਰ ਪਈਆਂ ਵੇ !
ਤੂੰ ਆ ਕੇ ਝਾਤੀ ਮਾਰ
ਕੱਲ੍ਹ ਵਿਆਹੀ ਅੱਜ ਵਿਜੋਗਣ, ਦੁਨੀਆ ਸਾਰੀ ਕਹਿੰਦੀ
ਸਾਲੂ ਮੇਰੇ ਦਾ ਰੰਗ ਨਾ ਨਿੰਮਿਆ, ਫਿੱਕੀ ਪਈ ਨਾ ਮਹਿੰਦੀ
ਵੇਂ ਅਜੇ ਘਰ ਪਰਤੇ ਨਾ,
ਮੇਰੀ ਡੋਲੀ ਨੂੰ ਛੱਡ ਕੇ ਕਹਾਰ
ਮੁੜ ਆ ਲਾਮਾਂ ਤੋਂ …
ਇਹ ਗੀਤ ਦਰਦੀਲੀ ਹੂਕ ਸਹਾਰੇ ਬਿਰਹਣ ਦਾ ਅਮਰ-ਗਾਨ ਬਣ ਗਿਆ ਹੈ । ਗੀਤ ਦੀ ਇਹੀ ਸਿਫ਼ਤ ਉਸ ਨੂੰ ਅਮਰ-ਪਦ ਪ੍ਰਦਾਨ ਕਰਦੀ ਹੈ ।
ਇਸ ਕਿਸਮ ਦੇ ਅਨੇਕਾਂ ਗੀਤਾਂ ਨੂੰ ਧਰਤੀ ਦੇ ਗੀਤ ਵੰਨਗੀ ਵਿਚ ਰੱਖ ਸਕਦੇ ਹਾਂ । ਲਗਪਗ ਪੰਜਾਹ ਸਾਲ ਪਹਿਲਾਂ ਤੀਕ ਅਦਬੀ ਸਿਰਜਕਾਂ ਨੇ ਗੀਤ ਨੂੰ ਆਪਣੀ ਸਿਰਜਣਾ ਵਿਚ ਬਣਦਾ ਸਥਾਨ ਦਿੱਤਾ । ਧਨੀ ਰਾਮ ਚਾਤ੍ਰਿਕ, ਪ੍ਰੋ : ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਸ਼ਿਵ ਕੁਮਾਰ ਤੇ ਸੁਰਜੀਤ ਰਾਮਪੁਰੀ ਵਰਗੇ ਸਿਰਜਕ ਯਾਦਗਾਰੀ ਗੀਤ ਰਚ ਗਏ । ਉਨ੍ਹਾਂ ਦੇ ਗੀਤ ਅੱਜ ਵੀ ਲੋਕ-ਪ੍ਰਵਾਨਗੀ ਦੇ ਸਿਖ਼ਰ ‘ਤੇ ਹਨ ।
ਡਾ. ਜਗਤਾਰ ਨੇ ਆਪਣਾ ਸਫ਼ਰ ਗੀਤਕਾਰੀ ਤੋਂ ਆਰੰਭਿਆ । ਜਗਤਾਰ ਪਪੀਹਾ ਨਾਮ ਹੇਠ ਉਨ੍ਹਾਂ ਦਾ ਕਮਾਲ ਦਾ ਗੀਤ :-
ਹਵਾ ਦੇ ਵਿਚ ਉੱਡਦੀ ਫਿਰੇ ਮੇਰੀ ਤਿੱਤਰਾਂ ਵਾਲੀ ਫੁਲਕਾਰੀ ।
ਨੀ ਅੱਗੇ ਅੱਗੇ ਮੈਂ ਉੱਡਦੀ
ਮੇਰੇ ਉੱਡਦੇ ਨੇ ਮਗਰ ਸ਼ਿਕਾਰੀ।
ਅੱਜ ਵੀ ਰੂਹ ’ਚ ਤਰਬਾਂ ਛੇੜਦੀ ਹੈ । ਇਸ ਤੋਂ ਮਗਰੋਂ ਸੁਰਿੰਦਰ ਗਿੱਲ ਦਾ ਗੀਤ ‘ਛੱਟਾ ਚਾਨਣਾਂ ਦਾ ਦੇਈ ਜਾਣਾ’, ਸੁਰਜੀਤ ਪਾਤਰ ਦਾ ਗੀਤ :-
ਸੁੰਨੇ-ਸੁੰਨੇ ਰਾਹਾਂ ਉੱਤੇ ਕੋਈ-ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ
ਬਾਕੀ ਸਭ ਖ਼ੈਰ ਏ
ਕਸ਼ਮੀਰ ਕਾਦਰ ਦਾ ਗੀਤ :-
ਜੇ ਸਾਡੀ ਗਲ਼ੀ ਆਵੇਂ ਮਿੱਤਰਾ
ਤੈਨੂੰ ਹਾਸਿਆਂ ’ਚੋਂ ਜ਼ਖ਼ਮ ਵਿਖਾਵਾਂ
ਇਸੇ ਸਮੇਂ ਹੀ ਗੀਤਕਾਰੀ ਵਿਚ ਸੰਤ ਰਾਮ ਉਦਾਸੀ, ਜੈਮਲ ਪੱਡਾ, ਮੁਖਤਿਆਰ ਸਿੰਘ ਜ਼ਫ਼ਰ ਤੇ ਅਨੇਕਾਂ ਹੋਰ ਸਿਰਜਕ ਗੀਤ ਨੂੰ ਬੁਲੰਦੀਆਂ ਬਖ਼ਸ਼ ਗਏ ।
ਪਰ ਪਿਛਲੇ ਤੀਹ ਪੈਂਤੀ ਸਾਲਾਂ ਤੋਂ ਗੀਤਕਾਰਾਂ ਤੇ ਅਦਬੀ ਕਵੀਆਂ ਦਾ ਫ਼ਾਸਲਾ ਵਧ ਗਿਆ ਹੈ । ਇਸ ਦਾ ਅਰਥ ਇਹ ਵੀ ਨਹੀਂ ਕਿ ਪ੍ਰਚੱਲਿਤ ਗੀਤਕਾਰੀ ਵਿਚ ਅਦਬੀ ਰੰਗ ਨਹੀਂ ਹੈ । ਇੰਦਰਜੀਤ ਹਸਨਪੁਰੀ, ਬਾਬੂ ਸਿੰਘ ਮਾਨ, ਹਰਦੇਵ ਦਿਲਗੀਰ, ਪਾਲੀ ਦੇਤਵਾਲੀਆ, ਹਰਜਿੰਦਰ ਕੰਗ, ਸ਼ਮਸ਼ੇਰ ਸਿੰਘ ਸੰਧੂ, ਬਚਨ ਬੇਦਿਲ, ਪਰਗਟ ਸਿੰਘ ਲਿੱਧੜਾਂ, ਮਨਪ੍ਰੀਤ ਟਿਵਾਣਾ, ਅਮਰਦੀਪ ਗਿੱਲ ਤੇ ਅਨੇਕਾਂ ਹੋਰ ਗੀਤਕਾਰਾਂ ਦੇ ਅਜਿਹੇ ਗੀਤ ਵੀ ਹਨ, ਜੋ ਅਦਬੀ ਮਿਆਰ ‘ਤੇ ਪੂਰੇ ਉੱਤਰਦੇ ਹਨ । ਪੁਸਤਕ ਰੂਪ ਵਿਚ ਪ੍ਰਚੱਲਿਤ ਗੀਤਕਾਰਾਂ ਨੇ ਅਦਬੀ ਪ੍ਰਕਾਸ਼ਕਾਂ ਨਾਲ ਹੁਣ ਨਵੀਂ-ਨਵੀਂ ਸਾਂਝ ਪਾਈ ਹੈ, ਜਿਸ ਨਾਲ ਇਨ੍ਹਾਂ ਦੀਆਂ ਪੁਸਤਕਾਂ ਵੀ ਲਾਇਬਰੇਰੀਆਂ ‘ਚ ਜਾ ਕੇ ਖੋਜ-ਸਮੱਗਰੀ ਬਣ ਰਹੀਆਂ ਹਨ । ਪਹਿਲਾਂ ਇੰਜ ਨਹੀਂ ਸੀ । ਸਾਡੇ ਵਿਦਵਾਨਾਂ ‘ਚੋਂ ਬਹੁਤੇ ਨਹੀਂ ਜਾਣਦੇ ਕਿ
ਮਧਾਣੀਆਂ ! ਹਾਏ ਓ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ
ਕਿਸ ਨੇ ਲਿਖਿਆ ਹੈ ? ਚੰਨ ਜੰਡਿਆਲਵੀ ਦਾ ਇਹ ਗੀਤ ਤਾਂ ਅਸੀਂ ਜਾਣਦੇ ਹਾਂ; ਪਰ ਵਲੈਤ ਵਸਦੇ ਚੰਨ ਨੂੰ ਨਹੀਂ । ਇਵੇਂ ਹੀ
ਨਾ ਚੁੰਨੀ ਲੈ ਸੁਰਮਈ ਕੁੜੇ !
ਤੂੰ ਜਾਪੇ ਬੱਦਲਾਂ ਜਿਹੀ ਕੁੜੇ !
ਗੀਤ ਦੇ ਸਿਰਜਕ ਤੇਜਾ ਸਿੰਘ ਸਾਬਰ ਨੂੰ ਨਹੀਂ ਜਾਣਦੇ ।
ਇਹ ਸਾਰੀਆਂ ਗੱਲਾਂ ਕਰਨੀਆਂ ਇਸ ਲਈ ਜ਼ਰੂਰੀ ਸਨ, ਕਿਉਂਕਿ ਗੀਤ ਨੂੰ ਵਰਤਮਾਨ ਕਵੀਆਂ ਨੇ ਲਗਪਗ ਵਿਸਾਰ ਦਿੱਤਾ ਹੈ ।
ਮੈਂ 2005 ਵਿਚ ਆਪਣਾ ਗੀਤ ਸੰਗ੍ਰਹਿ ‘ਫੁੱਲਾਂ ਦੀ ਝਾਂਜਰ’ ਛਾਪਿਆ ਤਾਂ ਕਈ ਸਮਕਾਲੀਆਂ ਨੇ ਕਿਹਾ ਕਿ ਕਿੱਧਰ ਤੁਰ ਪਿਐ? ਪਰ ਉਹ ਵੀ ਜਿਉਣ ਜਾਗਣ ।
ਗੀਤ ਮੇਰੀ ਪਹਿਲ-ਪਸੰਦ ਹੋਣ ਕਾਰਨ ਮੈਨੂੰ ਬੜਾ ਹੀ ਚੰਗਾ ਲੱਗਿਆ, ਜਦ ਪ੍ਰਭਜੋਤ ਸਿੰਘ ਸੋਹੀ ਨੇ ਮੈਨੂੰ ‘ਸੰਦਲੀ ਬਾਗ਼’ ਦੀ ਸੈਰ ਕਰਵਾਈ ।
ਪ੍ਰਭਜੋਤ ਸਿੰਘ ਸੋਹੀ ਨੂੰ ਮੈਂ ਵਿਦਿਆਰਥੀ ਕਾਲ ਤੋਂ ਜਾਣਦਾ ਹਾਂ । ਬੜੀਆਂ ਸਮਰੱਥ ਕਵਿਤਾਵਾਂ ਤਾਂ ਉਹ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸਧਾਰ (ਲੁਧਿਆਣਾ) ‘ਚ ਪੜ੍ਹਦਿਆਂ ਹੀ ਲਿਖਣ ਤੇ ਸੁਣਾਉਣ ਲੱਗ ਪਿਆ ਸੀ । ਆਜ਼ਾਦ ਨਜ਼ਮ ਤੋਂ ਗੀਤ ਤੀਕ ਦਾ ਸਫ਼ਰ ਮੈਨੂੰ ਸ਼ਗਨਾਂ ਮੱਤਾ ਲੱਗਿਆ । ਉਸ ਦੀ ਆਵਾਜ਼ ਵਿਚ ਸੋਜ਼ ਹੈ ।
ਆਪਣੀਆਂ ਕਵਿਤਾਵਾਂ ਨੂੰ ਜਦ ਉਹ ਵਜਦ ’ਚ ਆ ਕੇ ਗਾਉਂਦੈਂ ਤਾਂ ਲੱਗਦੈ ਗੀਤ ਤੇ ਨਜ਼ਮ ਸਹਿ ਯਾਤਰਾ ਕਰ ਰਹੇ ਨੇ । ‘ਸੰਦਲੀ ਬਾਗ਼’ ਦਾ ਪਾਠ ਕਰਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਪ੍ਰਭਜੋਤ ਸਿੰਘ ਸੋਹੀ ਨੇ ਆਪਣੇ ਤਰਲ ਮਨ ਦਾ ਸਵੈ-ਪ੍ਰਕਾਸ਼ ਕੀਤਾ ਹੈ । ਇਸ ਵਿਚ ਜ਼ਿੰਦਗੀ ਨਾਲ ਮੁਹੱਬਤ ਤੋਂ ਲੈ ਕੇ ਹਮਉਮਰ ਰੂਹ ਨਾਲ ਮੁਹੱਬਤ ਦਾ ਸਫ਼ਰ ਹੈ । ਸਮਾਜਿਕ ਸਾਰਥਿਕਤਾ ਵਾਲੇ ਵਿਸ਼ਿਆਂ ਨਾਲ ਵੀ ਉਸ ਨੇ ਸਾਂਝ ਪੁਗਾਈ ਹੈ । ਵਿਸ਼ਿਆਂ ਦੀ ਵੰਨ-ਸੁਵੰਨਤਾ ਨਿਭਾਉਂਦਿਆਂ ਉਹ ਬੜੇ ਜੀਵੰਤ ਗੀਤ ਲਿਖ ਗਿਆ ਹੈ ।
ਪ੍ਰਭਜੋਤ ਸਿੰਘ ਸੋਹੀ ਦੇ ਗੀਤ ਪ੍ਰਿਜ਼ਮ ਰਾਹੀਂ ਵੇਖੇ ਦ੍ਰਿਸ਼ ਵਰਗੇ ਨੇ । ਇਨ੍ਹਾਂ ਦੀ ਵੰਨ-ਸੁਵੰਨਤਾ ਹੀ ਉਸ ਦੀ ਸ਼ਕਤੀ ਹੈ । ਸੁਪਨਿਆਂ ਦੀ ਸਿਰਜਣਾ ਕਰਨ ਤੋਂ ਬਿਨਾ ਉਹ ਸੁਪਨਿਆਂ ਦੀ ਪੂਰਤੀ ਤੀਕ ਦਾ ਸਫ਼ਰ ਕਰਦਾ ਹੈ । ਤਿਹਾਏ ਹੋਠਾਂ ਲਈ ਦਰਿਆ ਬਣਨ ਤੀਕ ਦਾ ਅਰਜ਼ਮੰਦ ਗੀਤਕਾਰ ਸਾਨੂੰ ਆਪਣੇ ਕਲਾਵੇ ‘ਚ ਲੈਂਦਾ ਹੈ । ਤਰੇੜੀ ਧਰਤੀ ਦੀ ਪਿਆਸ ਮਿਟਾਉਣ ਲਈ ਬਾਤ ਦੀ ਬਰਸਾਤ ਅਸਲੋਂ ਨਿਵੇਕਲੀ ਗੱਲ ਹੈ ।
ਪਲਕਾਂ ਦੀਆਂ ਨੋਕਾਂ ’ਤੇ, ਕੋਈ ਸੁਪਨ ਸਜਾ ਸੱਜਣਾ !
ਤੂੰ ਪਿਆਸੇ ਹੋਠਾਂ ਲਈ, ਬਣ ਜਾ ਦਰਿਆ ਸੱਜਣਾ !
ਰੂਹ ਧਰਤ ਤਰੇੜੀ ਹੈ, ਮਨ ਅੰਬਰੀਂ ਗਰਦ ਚੜ੍ਹੀ
ਠੰਢ ਸੀਨੇ ਪੈ ਜਾਵੇ, ਉਹ ਬਾਤ ਸੁਣਾ ਸੱਜਣਾ !
ਗੀਤ ਦੇ ਖੰਭਾਂ ‘ਤੇ ਜਿੰਨਾ ਕੁ ਭਾਰ ਪਾਇਆ ਜਾ ਸਕਦਾ ਹੈ, ਪ੍ਰਭਜੋਤ ਨੂੰ ਉਸ ਦੀ ਸਾਰ ਹੈ । ਉਹ ਬੇਲੋੜਾ ਭਾਰ ਪਾਉਣ ਦੀ ਥਾਂ ਪ੍ਰਭਾਵ ਚਿਤਰ ਉਸਾਰਦਾ ਹੈ । ਪ੍ਰਭਾਵ ਚਿਤਰ ਦਾ ਸਦੀਵ-ਕਾਲ ਅਸਰ ਰੂਹ ’ਤੇ ਅੰਕਿਤ ਹੁੰਦਾ ਹੈ । ਇਹ ਅਸਰਦਾਰੀ ਹੀ ਗੀਤ ਨੂੰ ਕਵਿਤਾ ਤੇ ਗ਼ਜ਼ਲ ਤੋਂ ਵਖਰਿਆਉਂਦੀ ਹੈ । ਗੀਤ ਅੰਬਰ ਵਿਚਲੇ ਤਾਰਿਆਂ ਨਾਲ ਬਾਤਾਂ ਪਾ ਕੇ ਹੁੰਗਾਰੇ ਵੀ ਲੈਂਦਾ ਹੈ ਤੇ ਚੁੱਪ ਅੰਬਰ ਨਾਲ ਵਾਰਤਾਲਾਪ ਵੀ ਕਰ ਲੈਂਦਾ ਹੈ । ਨਿਸ਼ਬਦ ਰਹਿ ਕੇ ਹੀ ‘ਬਿਨ ਬੋਲਿਆਂ ਸਭ ਕੁਛ ਜਾਣਦਾ’ ਨਾਲ ਰਿਸ਼ਤਾ ਪ੍ਰਪੱਕ ਕੀਤਾ ਜਾ ਸਕਦਾ ਹੈ । ਪ੍ਰਭਜੋਤ ਦੇ ਗੀਤ ਕਿਤੇ-ਕਿਤੇ ਸ਼ਬਦਾਂ ਦੇ ਵਿਚਕਾਰਲੀ ਖ਼ਾਲੀ ਸਪੇਸ ਰਾਹੀਂ ਹੀ ਮਹਿੰਗੀ ਬਾਤ ਪਾ ਜਾਂਦੇ ਹਨ ।
ਆਦਿ ਜੁਗਾਦਿ ਤੋਂ ਰੂਹ ਦਾ ਬਾਗ਼ ਉਜਾੜ ਪਿਐ
ਸੰਦਲੀ ਛੋਹ ਨਾਲ ਅੰਤਰ ਮਨ ਮਹਿਕਾ ਦੇਵੀਂ
ਬੇਰੰਗ ਜ਼ਿੰਦਗੀ ਵਿਚ ਕੋਈ ਰੰਗ ਬਿਖਰਾ ਦੇਵੀਂ
ਰਿਸ਼ਮ ਕੋਈ ਚਾਨਣ ਦੀ ਮੇਰੇ ਨਾਂ ਲਾ ਦੇਵੀਂ

ਕੋਈ ਬੱਦਲੀ ਨਾ ਵਰ੍ਹੀ ਮਨ ਮਾਰੂਥਲ ਉੱਤੇ
ਸਾਡੇ ਚਾਅ ਕੁਮਲਾਏ, ਫੁੱਲ ਖਿੜਨੇ ਦੀ ਰੁੱਤੇ
ਮੋਈਆਂ ਸੱਧਰਾਂ ਸਿਰ੍ਹਾਣੇ, ਪਾਵਾਂ ਹੌਕਿਆਂ ਦੀ ਬਾਤ
ਵੇ ਤੂੰ ਪੁੰਨਿਆ ਦਾ ਚੰਨ, ਵੇ ਮੈਂ ਮੱਸਿਆ ਦੀ ਰਾਤ

ਬੂਹੇ ਨਾਲ ਬੂਹਾ ਹੋ ਗਈ
ਤੇਰੇ ਖ਼ਾਬਾਂ ਦੇ ਵਿਚ ਖੋ ਗਈ
ਨੈਣਾਂ ਦਾ ਕਜਲਾ ਧੋ ਗਈ
ਵੇ ਵਾਛੜ ਗ਼ਮ ਦੀ
ਇਹ ਗੀਤ ਸਾਨੂੰ ਪ੍ਰਭਜੋਤ ਸਿੰਘ ਸੋਹੀ ਦੇ ਮਨ ਅੰਦਰਲੇ ਸੰਵੇਦਨਸ਼ੀਲ ਪਰਿੰਦੇ ਦੀ ਲਰਜਿਸ਼ ਦੇ ਦਰਸ਼ਨ ਕਰਵਾਉਂਦੇ ਹਨ । ਟਾਹਣੀ ਤੋਂ ਪੰਛੀ ਉੱਡ ਜਾਵੇ ਤਾਂ ਸੁਆਦ-ਸੁਆਦ ਹੋਈ ਲਗਰ ਕਿੰਨਾ ਚਿਰ ਹਵਾ ‘ਚ ਲਹਿਰਦੀ ਰਹਿੰਦੀ ਹੈ । ਇਹ ਗੀਤ ਸੁਣ ਕੇ ਮਨ ਅੰਦਰ ਕੁਝ ਇਹੋ ਜਿਹਾ ਹੀ ਅਹਿਸਾਸ ਜਗਾਉਂਦੇ ਹਨ । ਗੀਤ ਦਾ ਧਰਮ ਵੀ ਇਹੀ ਹੈ ਕਿ ਉਹ ਮਨੁੱਖ ਅੰਦਰ ਸਿਥੱਲ ਹੋਈ ਸੰਵੇਦਨਾ ਨੂੰ ਪੋਲੇ ਪੈਰੀਂ ਨੇੜੇ ਜਾ ਕੇ ਹਿਲਾਵੇ ਅਤੇ ਆਪਣੇ ਨਾਲ ਇਕਸੁਰ ਕਰੇ।
ਰਿਸ਼ਤਿਆਂ ਦੀ ਟੁੱਟ-ਭੱਜ ਤੇ ਪਰਿਵਾਰਕ ਨੋਕ-ਝੋਕ ਪੰਜਾਬੀ ਗੀਤਕਾਰੀ ਵਿਚ ਲੰਮਾ ਸਮਾਂ ਪ੍ਰਮੁੱਖ ਵਿਸ਼ਾ ਰਹੀ ਹੈ । ਜਿੰਨਾ ਚਿਰ ਮਨੁੱਖੀ ਰਿਸ਼ਤੇ ਜਿਉਂਦੇ ਨੇ, ਇਨ੍ਹਾਂ ਦੇ ਤਣਾਉ ਅਤੇ ਟੁੱਟ-ਭੱਜ ਨੇ ਆਨੇ-ਬਹਾਨੇ ਸਾਨੂੰ ਪ੍ਰਭਾਵਿਤ ਕਰਨਾ ਹੀ ਹੈ । ਪ੍ਰਭਜੋਤ ਸਿੰਘ ਸੋਹੀ ਦੇ ਗੀਤ ਵੀ ਇਸ ਤੋਂ ਮੁਕਤ ਨਹੀਂ ਹਨ । ਪਤੀ-ਪਤਨੀ ਦੇ ਰਿਸ਼ਤੇ ਵਿਚ ਖੱਟੀਆਂ-ਮਿੱਠੀਆਂ ਨੋਕਾਂ-ਝੋਕਾਂ ਅਤੇ ਤਣਾਉ ਬੜੇ ਜੀਵੰਤ ਅੰਦਾਜ਼ ਵਿਚ ਉਸ ਨੇ ਚਿਤਰੇ ਹਨ । ਇਸ ਵਿਚ ਰਵਾਇਤੀ ਪ੍ਰਸੰਗਾਂ ਦਾ ਹਵਾਲਾ ਦੇ ਕੇ ਉਸ ਨੇ ਗੀਤ ਨੂੰ ਪ੍ਰਭਾਵਸ਼ਾਲੀ ਲਿਖਤ ਵਿਚ ਤਬਦੀਲ ਕੀਤਾ ਹੈ ।
ਸੋਨੇ ਵਰਗੀ ਸੋਹਲ ਜਵਾਨੀ ਨੂੰ
ਤੂੰ ਕੌਡੀਓਂ ਖੋਟੀ ਕਰ ਛੱਡਿਆ
ਕੋਈ ਰੀਝ ਹੋਈ ਨਾ ਪੂਰੀ ਵੇ
ਮਾਪਿਆਂ ਦਾ ਜਦ ਤੋਂ ਘਰ ਛੱਡਿਆ
ਗਹਿਣਿਆਂ ਦੀ ਗੱਲ ਤਾਂ ਦੂਰ ਰਹੀ
ਇਕ ਸੂਟ ਨਾ ਤੈਥੋਂ ਸਰਿਆ ਵੇ !
ਅਸੀਂ ਲਾਵਾਂ ਤੇਰੇ ਨਾਲ ਲਈਆਂ
ਕੋਈ ਸੌਦਾ ਦਾ ਨਹੀਂ ਕਰਿਆ ਵੇ !
ਪ੍ਰਭਜੋਤ ਸਿੰਘ ਸੋਹੀ ਧਰਤੀ ਦੇ ਦੁੱਖ-ਸੁੱਖ ਨੂੰ ਜਾਨਣਹਾਰਾ ਕਵੀ ਹੈ । ਜਗਰਾਉਂ ਤਹਿਸੀਲ ਦੇ ਪਿੰਡ ਸੋਹੀਆਂ ਵਿਚ ਜਨਮ ਸਮੇਂ ਤੋ ਵਸਦਾ ਹੈ । ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ (ਲੁਧਿਆਣਾ) ਵਿਖੇ ਹੀ ਪੜ੍ਹਿਆ ਹੈ, ਜਿਸ ਨੂੰ ਪੰਜਾਬ ਦਾ ਪਹਿਲਾ ਪੇਂਡੂ ਕਾਲਜ ਹੋਣ ਦਾ ਮਾਣ ਹਾਸਲ ਹੈ । ਕਮਾਲਪੁਰਾ ਵਿਚ ਹੀ ਅੰਗਰੇਜ਼ੀ ਲੈਕਚਰਾਰ ਹੈ । ਚਾਰ ਚੁਫੇਰੇ ਖੇਤ ਹਨ । ਹਰਿਆਲੀ ਤਾਂ ਹੈ; ਪਰ ਚਿਹਰਿਆਂ ‘ਤੋਂ ਲਾਲੀ ਹੌਲੀ-ਹੌਲੀ ਗ਼ੈਰ ਹਾਜ਼ਰ ਹੋ ਰਹੀ ਹੈ । ਪ੍ਰਭਜੋਤ ਸਿੰਘ ਸੋਹੀ ਦੀ ਵਿਸ਼ਲੇਸ਼ਣੀ ਅੱਖ ਇਸ ਧਰਤੀ ਦੇ ਖੇਤੀ ਸੰਕਟ ਨੂੰ ਵੀ ਆਪਣੇ ਸਕੈਨਰ ਹੇਠ ਲਿਆਉਂਦੀ ਹੈ ।
ਜਿੰਦ ਮੁੱਕ ਗਈ, ਕੁੰਦਨ ਦੇਹੀ ਸੁੱਕ ਗਈ
ਤੇ ਰੁਲ ਗਿਆ ਜੱਟ ਮਿੱਤਰੋ !
ਫੋਕੇ ਰਸਮ ਰਿਵਾਜ ਡੋਡੇ, ਬੋਤਲਾਂ
ਨੇ ਦਿੱਤਾ ਇਹਨੂੰ ਪੱਟ ਮਿੱਤਰੋ !
ਪੰਡ ਕਰਜ਼ੇ ਦੀ ਭਾਰੀ
ਐਵੇਂ ਫੋਕੀ ਸਰਦਾਰੀ
ਕਦੇ ਇਹਦੇ ਲਈ ਨਾ ਬਹੁੜੀ
ਕੋਈ ਨੀਤੀ ਸਰਕਾਰੀ
ਅੰਨਦਾਤੇ ਦੀ ਰੱਖਣ ਲਾਈ ਰੱਟ ਮਿੱਤਰੋ !
ਫੋਕੇ ਰਸਮ ਰਿਵਾਜ ਡੋਡੇ, ਬੋਤਲਾਂ
ਨੇ ਇਹ ਦਿੱਤਾ ਪੱਟ ਮਿੱਤਰੋ !
ਇਹ ਗੀਤ ਨੰਗੀ ਅੱਖ ਨਾਲ ਵੇਖੇ ਯਥਾਰਥ ਦੀ ਬਾਤ ਪਾਉਂਦਾ ਹੈ । ਸੱਚ, ਪਿਛਲੇ ਸੱਚ ਇਸ ਤੋਂ ਕਿਤੇ ਦਰਦੀਲੇ ਹਨ । ਜਿਸ ਸਾਜ਼ਿਸ਼ ਅਧੀਨ ਉਸ ਦੀ ਆਰਥਿਕਤਾ ਤੇ ਖੇਤੀ ਨਿਜ਼ਾਮ ਨੂੰ ਖ਼ੋਰਾ ਲਾਇਆ ਜਾ ਰਿਹਾ ਹੈ, ਉਸ ਲਈ ਹੋਰ ਡੂੰਘੇ ਪਾਣੀਆਂ ‘ਚ ਉੱਤਰਨਾ ਪਵੇਗਾ ।
ਇਹ ਗੀਤ ਸਾਨੂੰ ਅਹੁਰ ਦੀ ਨਿਸ਼ਾਨਦੇਹੀ ਕਰਵਾਉਂਦਾ ਹੈ । ਗੀਤ ਵਿਚ ਇਸ ਤੋਂ ਵੱਧ ਦੱਸਣ ਦੀ ਸਮਰੱਥਾ ਸਮਾਂ ਪੈਣ ‘ਤੇ ਆਉਂਦੀ ਹੈ । ਵਕਤ ਆਵੇਗਾ ਜਦ ਪ੍ਰਭਜੋਤ ਸੋਹੀ ਇਸ ਵਰਤ-ਵਰਤਾਰੇ ਨੂੰ ਮੁੜ ਨਵੇਂ ਸਿਰਿਓਂ ਵਾਚੇਗਾ ਅਤੇ ਦੱਸੇਗਾ ਕਿ ਪੇਂਡੂ ਆਰਥਿਕਤਾ ਨੂੰ ਜੜ ਹੇਠੋਂ ਦਾਤਰੀ ਫੇਰ ਕੇ ਕਿਵੇਂ ਸੁਕਾਇਆ ਜਾ ਰਿਹਾ ਹੈ ।
ਇਸ ਸੰਗ੍ਰਹਿ ‘ਸੰਦਲੀ ਬਾਗ਼’ ਵਿਚ ਉਸ ਦੇ ਮੁਹੱਬਤੀ ਗੀਤ ਬਹੁਤ ਹੀ ਮਿੱਠੇ ਹਨ । ਉਨ੍ਹਾਂ ਵਿਚ ਰੂਹ ਦੀ ਪਾਕੀਜ਼ਗੀ ਹਾਜ਼ਰ ਹੈ । ਇਹੀ ਗੱਲ ਉਸ ਨੂੰ ਪ੍ਰਚੱਲਿਤ ਗੀਤਕਾਰੀ ਦੀ ਕਤਾਰ ਤੋਂ ਵੱਖਰਾ ਖੜ੍ਹਾ ਕਰਦੀ ਹੈ । ਉਹ ਰਿਸ਼ਤੇ ਨੂੰ ਮਹਿਕ ਵਾਂਗ ਜਿਉਂਦਾ ਹੈ । ਸ਼ਾਇਦ ਏਸੇ ਕਰ ਕੇ ਉਸ ਦੇ ਮੁਹੱਬਤ ਬਾਰੇ ਗੀਤ ਪੌਣ ਵਿਚ ਪੂਰਨੇ ਪਾਉਣ ਵਰਗੇ ਹਨ ।
ਉਹਦੇ ਸ਼ਹਿਰ ਵਾਲੀ ਰੰਗਲੀ ਦੁਪਹਿਰ
ਭੁਲਾਇਆਂ ਨਹੀਂ ਭੁੱਲਦੀ
ਝੋਲੀ ਪੈ ਗਈ ਸਾਡੇ ਪਿਆਰ ਵਾਲੀ ਖ਼ੈਰ
ਭੁਲਾਇਆਂ ਨਹੀਂ ਭੁੱਲਦੀ

ਉਹਦੇ ਦਿਲ ‘ ਚੋਂ ਮੇਰੇ ਦਿਲ ਤਾਈਂ
ਇਕ ਮਹਿਕ ਜਿਹੀ ਜੋ ਆਉਂਦੀ ਐ
ਸਭ ਚੰਗਾ-ਚੰਗਾ ਲੱਗਦਾ ਐ
ਸਾਹਾਂ ‘ ਚੋਂ ਸੁਗੰਧੀ ਆਉਂਦੀ ਐ

ਝੜੇ ਹੋਏ ਪੱਤਿਆਂ ਤੇ ਟੁੱਟੇ ਹੋਏ ਤਾਰਿਆਂ ਦਾ
ਪੁੱਛਦਾ ਨਾ ਹਾਲ ਕੋਈ, ਕਰਮਾਂ ਦੇ ਮਾਰਿਆਂ ਦਾ
ਆਖ਼ਰਾਂ ਨੂੰ ਹੋਣਾ ਬਰਬਾਦ ਚੰਨ ਮੇਰਿਆ !
ਕੀਹਦੇ ਕੋਲ ਕਰਾਂ ਫ਼ਰਿਆਦ ਚੰਨ ਮੇਰਿਆ !

ਮੌਤ ਬਣ ਕੇ ਉਡੀਕ ਖੜ੍ਹੀ ਜਿੰਦ ਵਾਲੇ ਬੂਹੇ
ਘਰੋਂ ਤੁਰ ਗਿਆ ਮਾਹੀ, ਫਿੱਕੇ ਪੈ ਗਏ ਫੁੱਲ ਸੂਹੇ
ਹਾੜਾ ! ਏਸ ਰੁੱਤੇ ਘਰੋਂ ਕੋਈ ਜਾਵੇ ‘ਸੋਹੀ’ ਨਾ
ਪ੍ਰਭਜੋਤ ਸਿੰਘ ਸੋਹੀ ਦਾ ‘ਸੰਦਲੀ ਬਾਗ਼’ ਸਾਨੂੰ ਸਿਰਫ਼ ਸੰਦਲ ਦੇ ਬੂਟਿਆਂ ਦੀ ਖ਼ੁਸ਼ਬੋਈ ਨਾਲ ਹੀ ਸਰਸ਼ਾਰ ਨਹੀਂ ਕਰਦਾ ਸਗੋਂ ਵੰਨ-ਸੁਵੰਨੇ ਰਿਸ਼ਤਿਆਂ, ਅਹਿਸਾਸਾਂ ਤੇ ਤਣਾਉ ਗ੍ਰਸਤ ਪ੍ਰਬੰਧ ‘ਚੋਂ ਨਿਕਲੇ ਹਾਵ ਭਾਵ ਦੇ ਰੂਬਰੂ ਵੀ ਕਰਦਾ ਹੈ । ‘ਸੰਦਲੀ ਬਾਗ਼’ ਵਰਗੇ ਗੀਤ ਸੰਗ੍ਰਹਿ ਦੇ ਪ੍ਰਕਾਸ਼ਨ ਨਾਲ ਪ੍ਰਭਜੋਤ ਸਿੰਘ ਸੋਹੀ ਪਹਿਲਾਂ ਬਣੀ ਪਛਾਣ ਨੂੰ ਹੋਰ ਗੂੜ੍ਹਾ ਕਰੇਗਾ, ਇਹ ਮੇਰਾ ਵਿਸ਼ਵਾਸ ਹੈ । ਮੁਬਾਰਕਾਂ ! ਨਵੇਂ ਗੀਤ ਸੰਗ੍ਰਹਿ ਦੀਆਂ ।
ਪੰਨਾ 2
ਅੰਬਰ ਨਾਲ ਵਾਰਤਾਲਾਪ ਵੀ ਕਰ ਲੈਂਦਾ ਹੈ । ਨਿਸ਼ਬਦ ਰਹਿ ਕੇ ਹੀ ‘ਬਿਨ ਬੋਲਿਆਂ ਸਭ ਕੁਛ ਜਾਣਦਾ’ ਨਾਲ ਰਿਸ਼ਤਾ ਪ੍ਰਪੱਕ ਕੀਤਾ ਜਾ ਸਕਦਾ ਹੈ । ਪ੍ਰਭਜੋਤ ਦੇ ਗੀਤ ਕਿਤੇ-ਕਿਤੇ ਸ਼ਬਦਾਂ ਦੇ ਵਿਚਕਾਰਲੀ ਖ਼ਾਲੀ ਸਪੇਸ ਰਾਹੀਂ ਹੀ ਮਹਿੰਗੀ ਬਾਤ ਪਾ ਜਾਂਦੇ ਹਨ ।
ਆਦਿ ਜੁਗਾਦਿ ਤੋਂ ਰੂਹ ਦਾ ਬਾਗ਼ ਉਜਾੜ ਪਿਐ
ਸੰਦਲੀ ਛੋਹ ਨਾਲ ਅੰਤਰ ਮਨ ਮਹਿਕਾ ਦੇਵੀਂ
ਬੇਰੰਗ ਜ਼ਿੰਦਗੀ ਵਿਚ ਕੋਈ ਰੰਗ ਬਿਖਰਾ ਦੇਵੀਂ
ਰਿਸ਼ਮ ਕੋਈ ਚਾਨਣ ਦੀ ਮੇਰੇ ਨਾਂ ਲਾ ਦੇਵੀਂ

ਕੋਈ ਬੱਦਲੀ ਨਾ ਵਰ੍ਹੀ ਮਨ ਮਾਰੂਥਲ ਉੱਤੇ
ਸਾਡੇ ਚਾਅ ਕੁਮਲਾਏ, ਫੁੱਲ ਖਿੜਨੇ ਦੀ ਰੁੱਤੇ
ਮੋਈਆਂ ਸੱਧਰਾਂ ਸਿਰ੍ਹਾਣੇ, ਪਾਵਾਂ ਹੌਕਿਆਂ ਦੀ ਬਾਤ
ਵੇ ਤੂੰ ਪੁੰਨਿਆ ਦਾ ਚੰਨ, ਵੇ ਮੈਂ ਮੱਸਿਆ ਦੀ ਰਾਤ

ਬੂਹੇ ਨਾਲ ਬੂਹਾ ਹੋ ਗਈ
ਤੇਰੇ ਖ਼ਾਬਾਂ ਦੇ ਵਿਚ ਖੋ ਗਈ
ਨੈਣਾਂ ਦਾ ਕਜਲਾ ਧੋ ਗਈ
ਵੇ ਵਾਛੜ ਗ਼ਮ ਦੀ
ਇਹ ਗੀਤ ਸਾਨੂੰ ਪ੍ਰਭਜੋਤ ਸਿੰਘ ਸੋਹੀ ਦੇ ਮਨ ਅੰਦਰਲੇ ਸੰਵੇਦਨਸ਼ੀਲ ਪਰਿੰਦੇ ਦੀ ਲਰਜਿਸ਼ ਦੇ ਦਰਸ਼ਨ ਕਰਵਾਉਂਦੇ ਹਨ । ਟਾਹਣੀ ਤੋਂ ਪੰਛੀ ਉੱਡ ਜਾਵੇ ਤਾਂ ਸੁਆਦ-ਸੁਆਦ ਹੋਈ ਲਗਰ ਕਿੰਨਾ ਚਿਰ ਹਵਾ ‘ਚ ਲਹਿਰਦੀ ਰਹਿੰਦੀ ਹੈ । ਇਹ ਗੀਤ ਸੁਣ ਕੇ ਮਨ ਅੰਦਰ ਕੁਝ ਇਹੋ ਜਿਹਾ ਹੀ ਅਹਿਸਾਸ ਜਗਾਉਂਦੇ ਹਨ । ਗੀਤ ਦਾ ਧਰਮ ਵੀ ਇਹੀ ਹੈ ਕਿ ਉਹ ਮਨੁੱਖ ਅੰਦਰ ਸਿਥੱਲ ਹੋਈ ਸੰਵੇਦਨਾ ਨੂੰ ਪੋਲੇ ਪੈਰੀਂ ਨੇੜੇ ਜਾ ਕੇ ਹਿਲਾਵੇ ਅਤੇ ਆਪਣੇ ਨਾਲ ਇਕਸੁਰ ਕਰੇ।
ਰਿਸ਼ਤਿਆਂ ਦੀ ਟੁੱਟ-ਭੱਜ ਤੇ ਪਰਿਵਾਰਕ ਨੋਕ-ਝੋਕ ਪੰਜਾਬੀ ਗੀਤਕਾਰੀ ਵਿਚ ਲੰਮਾ ਸਮਾਂ ਪ੍ਰਮੁੱਖ ਵਿਸ਼ਾ ਰਹੀ ਹੈ । ਜਿੰਨਾ ਚਿਰ ਮਨੁੱਖੀ ਰਿਸ਼ਤੇ ਜਿਉਂਦੇ ਨੇ, ਇਨ੍ਹਾਂ ਦੇ ਤਣਾਉ ਅਤੇ ਟੁੱਟ-ਭੱਜ ਨੇ ਆਨੇ-ਬਹਾਨੇ ਸਾਨੂੰ ਪ੍ਰਭਾਵਿਤ ਕਰਨਾ ਹੀ ਹੈ । ਪ੍ਰਭਜੋਤ ਸਿੰਘ ਸੋਹੀ ਦੇ ਗੀਤ ਵੀ ਇਸ ਤੋਂ ਮੁਕਤ ਨਹੀਂ ਹਨ । ਪਤੀ-ਪਤਨੀ ਦੇ ਰਿਸ਼ਤੇ ਵਿਚ ਖੱਟੀਆਂ-ਮਿੱਠੀਆਂ ਨੋਕਾਂ-ਝੋਕਾਂ ਅਤੇ ਤਣਾਉ ਬੜੇ ਜੀਵੰਤ ਅੰਦਾਜ਼ ਵਿਚ ਉਸ ਨੇ ਚਿਤਰੇ ਹਨ । ਇਸ ਵਿਚ ਰਵਾਇਤੀ ਪ੍ਰਸੰਗਾਂ ਦਾ ਹਵਾਲਾ ਦੇ ਕੇ ਉਸ ਨੇ ਗੀਤ ਨੂੰ ਪ੍ਰਭਾਵਸ਼ਾਲੀ ਲਿਖਤ ਵਿਚ ਤਬਦੀਲ ਕੀਤਾ ਹੈ ।
ਸੋਨੇ ਵਰਗੀ ਸੋਹਲ ਜਵਾਨੀ ਨੂੰ
ਤੂੰ ਕੌਡੀਓਂ ਖੋਟੀ ਕਰ ਛੱਡਿਆ
ਕੋਈ ਰੀਝ ਹੋਈ ਨਾ ਪੂਰੀ ਵੇ
ਮਾਪਿਆਂ ਦਾ ਜਦ ਤੋਂ ਘਰ ਛੱਡਿਆ
ਗਹਿਣਿਆਂ ਦੀ ਗੱਲ ਤਾਂ ਦੂਰ ਰਹੀ
ਇਕ ਸੂਟ ਨਾ ਤੈਥੋਂ ਸਰਿਆ ਵੇ !
ਅਸੀਂ ਲਾਵਾਂ ਤੇਰੇ ਨਾਲ ਲਈਆਂ
ਕੋਈ ਸੌਦਾ ਦਾ ਨਹੀਂ ਕਰਿਆ ਵੇ !
ਪ੍ਰਭਜੋਤ ਸਿੰਘ ਸੋਹੀ ਧਰਤੀ ਦੇ ਦੁੱਖ-ਸੁੱਖ ਨੂੰ ਜਾਨਣਹਾਰਾ ਕਵੀ ਹੈ । ਜਗਰਾਉਂ ਤਹਿਸੀਲ ਦੇ ਪਿੰਡ ਸੋਹੀਆਂ ਵਿਚ ਜਨਮ ਸਮੇਂ ਤੋ ਵਸਦਾ ਹੈ । ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ (ਲੁਧਿਆਣਾ) ਵਿਖੇ ਹੀ ਪੜ੍ਹਿਆ ਹੈ, ਜਿਸ ਨੂੰ ਪੰਜਾਬ ਦਾ ਪਹਿਲਾ ਪੇਂਡੂ ਕਾਲਜ ਹੋਣ ਦਾ ਮਾਣ ਹਾਸਲ ਹੈ । ਉਹ ਇਸ ਸਮੇਂ ਕਮਾਲਪੁਰਾ ਵਿਚ ਹੀ ਅੰਗਰੇਜ਼ੀ ਲੈਕਚਰਾਰ ਹੈ । ਚਾਰ ਚੁਫੇਰੇ ਖੇਤ ਹਨ । ਹਰਿਆਲੀ ਤਾਂ ਹੈ; ਪਰ ਚਿਹਰਿਆਂ ‘ਤੋਂ ਲਾਲੀ ਹੌਲੀ-ਹੌਲੀ ਗ਼ੈਰ ਹਾਜ਼ਰ ਹੋ ਰਹੀ ਹੈ । ਪ੍ਰਭਜੋਤ ਸਿੰਘ ਸੋਹੀ ਦੀ ਵਿਸ਼ਲੇਸ਼ਣੀ ਅੱਖ ਇਸ ਧਰਤੀ ਦੇ ਖੇਤੀ ਸੰਕਟ ਨੂੰ ਵੀ ਆਪਣੇ ਸਕੈਨਰ ਹੇਠ ਲਿਆਉਂਦੀ ਹੈ ।