ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਨੂੰ ਦੇਣਗੇ ਸੌਗਾਤ
2675 ਕਰੋੜ ਰੁਪਏ ਦੇ ਪ੍ਰਾਜੈਕਟ ਕਰਨਗੇ ਸਮਰਪਿਤ-ਕਈ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ
ਚੰਡੀਗੜ੍ਹ,11ਮਾਰਚ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 11ਮਾਰਚ ਸੋਮਵਾਰ ਨੂੰ ਪੰਜਾਬ ਨੂੰ 2675 ਕਰੋੜ ਰੁਪਏ ਦੇ ਪ੍ਰੋਜੈਕਟ ਗਿਫਟ ਕਰਨਗੇ। ਇਸ ਵਿੱਚ ਨੈਸ਼ਨਲ ਹਾਈਵੇਅ, ਰੇਲਵੇ ਓਵਰ ਬ੍ਰਿਜ ਅਤੇ ਐਕਸਪ੍ਰੈਸ ਵੇਅ ਨਾਲ ਸਬੰਧਤ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰਾਜੈਕਟਾਂ ਨਾਲ ਜਿੱਥੇ ਆਮ ਲੋਕਾਂ ਦਾ ਜੀਵਨ ਸੁਖਾਲਾ ਹੋਵੇਗਾ, ਉੱਥੇ ਹੀ ਇਲਾਕੇ ਵਿੱਚ ਵਿਕਾਸ ਦਾ ਪਹੀਆ ਵੀ ਘੁੰਮੇਗਾ।ਪ੍ਰਧਾਨ ਮੰਤਰੀ ਵਰਚੁਅਲ ਤੌਰ ‘ਤੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਹਾਲਾਂਕਿ ਇਸ ਦੇ ਲਈ ਚੰਡੀਗੜ੍ਹ ਦੇ ਇੱਕ ਥੀਏਟਰ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ। ਜਿੱਥੋਂ ਭਾਜਪਾ ਆਗੂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਸਮੁੱਚੇ ਦੇਸ਼ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਪੰਜਾਬ ਵਿਚ ਵੀ ਕਈ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਨਵੇਂ ਹਾਈਵੇ, ਗ੍ਰੀਨਫ਼ੀਲਡ ਹਾਈਵੇ ਅਤੇ ਰੇਲਵੇ ਓਵਰਬ੍ਰਿਜ ਬਣਾਏ ਜਾ ਰਹੇ ਹਨ। ਅਨਿਲ ਸਰੀਨ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਨੂੰ 2 ਲੱਖ ਕਰੋੜ ਦੇ ਪ੍ਰੋਜੈਕਟ ਦਿੱਤੇ ਹਨ, ਜਿਨ੍ਹਾਂ ਵਿੱਚੋਂ ਕਈ ਤਿਆਰ ਹੋ ਚੁੱਕੇ ਹਨ ਅਤੇ ਕਈਆਂ ਦੇ ਨੀਂਹ ਪੱਥਰ ਰੱਖੇ ਜਾਂ ਚੁੱਕੇ ਹਨ ਅਤੇ ਕਈਆਂ ਦੇ ਅੱਜ 11 ਮਾਰਚ ਨੂੰ ਰੱਖੇ ਜਾਣਗੇ। ਅਨਿਲ ਸਰੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 939 ਕਰੋੜ ਰੁਪਏ ਨਾਲ ਬਣ ਚੁੱਕੇ ਸਮਰਾਲਾ ਚੌਕ ਤੋਂ ਲੁਧਿਆਣਾ ਨਿਗਮ ਹੱਦ ਤੱਕ 13 ਕਿਲੋਮੀਟਰ ਐਲੀਵੇਟਿਡ ਹਾਈਵੇ ਦਾ ਵਰਚੂਅਲ ਤਰੀਕੇ ਉਦਘਾਟਨ ਕੀਤਾ ਜਾਵੇਗਾ। ਮਲੋਟ ਤੋਂ ਅਬੋਹਰ ਤੋਂ ਸਾਧੁਵਾਲੀ ਸੈਕਸ਼ਨ ਹਾਈਵੇ ਨੰ. NH-62 ਜਿਸ ਦੀ ਲੰਬਾਈ 65 ਕਿਲੋਮੀਟਰ ਅਤੇ ਲਾਗਤ 918 ਕਰੋੜ ਹੈ, ਦਾ ਉਦਘਾਟਨ ਕੀਤਾ ਜਾਵੇਗਾ।ਉਹਨਾਂ ਨੇ ਕਿਹਾ ਕਿ 11 ਮਾਰਚ ਨੂੰ ਪੰਜਾਬ ਵਿਚ ਵੱਖ-ਵੱਖ ਥਾਵਾਂ ਤੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਵਿਚ 31 ਕਿਲੋਮੀਟਰ ਅੰਬਾਲਾ ਚੰਡੀਗੜ੍ਹ ਗ੍ਰੀਨਫ਼ੀਲਡ ਸਪੂਰ ਤੋਂ ਲਾਲੜੂ, 31 ਕਿਲੋਮੀਟਰ ਲੰਬੇ ਬਿਆਸ-ਮਹਿਤਾ-ਬਟਾਲਾ ਤੋਂ ਡੇਰਾ ਬਾਬਾ ਨਾਨਕ, 43 ਕਿਲੋਮੀਟਰ ਲੰਬੇ ਮੋਗਾ-ਬਾਘਾ ਪੁਰਾਣਾ ਤੋਂ ਬਾਜਾਖਾਣਾ, 47 ਕਿਲੋਮੀਟਰ ਲੰਬੇ 6 ਲੇਨ ਜਲੰਧਰ ਬਾਈਪਾਸ ਗ੍ਰੀਨਫ਼ੀਲਡ, 54 ਕਿਲੋਮੀਟਰ ਅੰਮ੍ਰਿਤਸਰ ਬਠਿੰਡਾ, 62 ਕਿਲੋਮੀਟਰ ਲੰਬੇ ਅੰਮ੍ਰਿਤਸਰ-ਬਠਿੰਡਾ ਗ੍ਰੀਨਫ਼ੀਲਡ ਸੈਕਸ਼ਨ, 30 ਕਿਲੋਮੀਟਰ ਲੰਬਾ ਲੁਧਿਆਣਾ-ਬਠਿੰਡਾ ਗ੍ਰੀਨਫ਼ੀਲਡ ਹਾਈਵੇ ਅਤੇ ਦਿੱਲੀ, ਅੰਮ੍ਰਿਤਸਰ ਤੋਂ ਕਟਰਾ ਐਕਸਪ੍ਰੇਸ-ਵੇ ਆਦਿ ਸ਼ਾਮਿਲ ਹਨ, ਜਿਨ੍ਹਾਂ ਦੇ ਨੀਂਹ ਪੱਥਰ ਰੱਖੇ ਜਾਣੇ ਹਨ।