ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਮਈ ਨੂੰ ਆਉਣਗੇ ਅੰਬਾਲਾ
ਚੰਡੀਗੜ੍ਹ, 15ਮਈ(ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬੰਤੋ ਕਟਾਰੀਆ ਦੇ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਅੰਬਾਲਾ ਸ਼ਹਿਰ ਆ ਰਹੇ ਹਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਪਹਿਲੀ ਵਾਰ ਅੰਬਾਲਾ ਜਾਣਗੇ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਅੰਬਾਲਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਮਈ ਨੂੰ ਦੁਪਹਿਰ 12 ਵਜੇ ਅੰਬਾਲਾ ਸ਼ਹਿਰ ਦੇ ਪੁਲਿਸ ਲਾਈਨ ਗਰਾਊਂਡ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਜਿਸ ਵਿੱਚ ਭਾਜਪਾ ਦੇ ਕਈ ਸੀਨੀਅਰ ਆਗੂ ਵੀ ਸ਼ਿਰਕਤ ਕਰਨਗੇ। ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਨੇ ਹੁਣ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ‘ਤੇ ਕਮਲ ਖਿੜਨ ਅਤੇ ਦੇਸ਼ ਭਰ ‘ਚ 400 ਸੀਟਾਂ ਪਾਰ ਕਰਨ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਚੋਣ ਪ੍ਰਚਾਰ ‘ਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ।
ਇਸ ਸੰਦਰਭ ਵਿੱਚ ਮੰਗਲਵਾਰ ਨੂੰ ਹਰਿਆਣਾ ਸਰਕਾਰ ਦੇ ਖੇਤੀਬਾੜੀ ਮੰਤਰੀ ਕੰਵਰਪਾਲ ਗੁਰਜਰ, ਟਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ, ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ, ਵਿਧਾਨ ਸਭਾ ਕਨਵੀਨਰ ਰਿਤੇਸ਼ ਗੋਇਲ ਅਤੇ ਭਾਜਪਾ ਦੇ ਅਧਿਕਾਰੀਆਂ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਡਾ. ਸ਼ਾਲੀਨ ਅਤੇ ਅੰਬਾਲਾ ਦੇ ਐਸ.ਪੀ. ਜਸ਼ਨਦੀਪ ਸਿੰਘ ਰੰਧਾਵਾ ਨੇ ਮੌਕੇ ਦਾ ਦੌਰਾ ਕੀਤਾ।