ਪਰਾਲੀ ਸਾੜਨ ਨੂੰ ਲੈ ਕੇ ਸਰਕਾਰ ਦਾ ਦਾਅਵਾ- ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਇਸ ਸਾਲ ਸਾੜੀ ਗਈ ਇੰਨੇ ਫੀਸਦੀ ਘੱਟ ਪਰਾਲੀ
ਚੰਡੀਗੜ੍ਹ 22 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਹ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਇਸ ਸਾਲ 20 ਫੀਸਦੀ ਘੱਟ ਪਰਾਲੀ ਸਾੜੀ ਗਈ ਹੈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2020 ‘ਚ 20 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ 75,986 ਮਾਮਲੇ ਸਾਹਮਣੇ ਆਏ ਸਨ, ਜਦਕਿ 20 ਨਵੰਬਰ 2021 ਤੱਕ 70,711 ਮਾਮਲੇ ਸਨ, ਜੋ ਇਸ ਸਾਲ ਘਟ ਕੇ ਸਿਰਫ਼ 49,775 ਰਹਿ ਗਏ ਹਨ। ਯਾਨੀ ਕਿ ਪਿਛਲੇ ਸਾਲਾਂ ਦੇ ਮੁਕਾਬਲੇ 20.3% ਘੱਟ ਪਰਾਲੀ ਸਾੜੀ ਗਈ। ਇਸ ਦੇ ਨਾਲ ਹੀ ਦੱਸ ਦਈਏ ਕਿ ਝੋਨੇ ਦੀ ਫ਼ਸਲ ਦੀ ਕਟਾਈ ਵੀ ਲਗਭਗ ਮੁਕੰਮਲ ਹੋ ਚੁੱਕੀ ਹੈ। ਸਰਕਾਰ ਨੇ ਪਰਾਲੀ ਸਾੜਨ ਦੇ ਕੇਸਾਂ ਵਿੱਚ ਆਈ ਗਿਰਵਟ ਪਿੱਛੇ ਜਾਗਰੂਕਤਾ ਅਤੇ ਯੋਜਨਾਬੰਦੀ ਨੂੰ ਦੱਸਿਆ ਹੈ।