ਪੰਜਾਬ ਦੀ ਨਵੀਂ ਮੰਤਰੀ ਮੰਡਲ ਦੇ ਸੰਬੰਧ ਵਿੱਚ ਦੇਰ ਰਾਤ ਤੱਕ ਚੱਲਿਆ ਮੀਟਿੰਗਾਂ ਦਾ ਦੌਰ
ਦੇਖੋ, ਚੰਨੀ ਕੈਬਨਿਟ ਵਿੱਚ ਕਿਸਨੂੰ ਮਿਲੇਗੀ ਥਾਂ ਤੇ ਕੌਣ ਹੋਵੇਗਾ ਬਾਹਰ
ਦਿੱਲੀ, 24ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਬਦਲੇ ਜਾਣ ਦੇ ਨਾਲ ਹੀ ਨਵੀਂ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਨਾਮਾਂ ਦੀ ਸਭ ਨੂੰ ਬੇਸਬਰੀ ਨਾਲ ਉਡੀਕ ਹੈ। ਪਿਛਲੇ ਦੋ ਦਿਨਾਂ ਤੋਂ ਦਿੱਲੀ ਹਾਈਕਮਾਨ ਇਸ ਸੰਬੰਧ ਵਿੱਚ ਪੰਜਾਬ ਦੇ ਵੱਡੇ ਲੀਡਰਾਂ ਨਾਲ ਮੈਰਾਥਨ ਮੀਟਿੰਗਾਂ ਕਰ ਰਹੀ ਹੈ। ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਿੱਲੀ ਵਿੱਚ ਹੀ ਹਨ ਅਤੇ ਉਹਨਾਂ ਤੋਂ ਇਲਾਵਾ ਮੰਤਰੀ ਬਣਨ ਦੇ ਚਾਹਵਾਨ ਕਈ ਵਿਧਾਇਕਾਂ ਨੇ ਵੀ ਦਿੱਲੀ ਵਿੱਚ ਹੀ ਡੇਰੇ ਲਾਏ ਹੋਏ ਹਨ। ਕੱਲ੍ਹ ਸ਼ਾਮੀ ਉਮੀਦਵਾਰਾਂ ਦੇ ਨਾਮ ਲਗਭਗ ਤੈਅ ਹੋ ਚੁੱਕੇ ਸਨ, ਪਰ ਇਕ ਦੋ ਨਾਮਾਂ ਤੇ ਅੜਿੱਕਾ ਪੈਣ ਕਾਰਨ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦਿੱਲੀ ਸੱਦ ਲਿਆ ਗਿਆ, ਜਿਸ ਤੋਂ ਬਾਅਦ ਦੇਰ ਰਾਤ ਤੱਕ ਰਾਹੁਲ ਗਾਂਧੀ ,ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਅਤੇ ਪ੍ਰਿਅੰਕਾ ਗਾਂਧੀ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅੱਜ ਸ਼ਾਮ ਜਾਂ ਕੱਲ੍ਹ ਸਵੇਰੇ ਕਿਸੇ ਵੀ ਵੇਲੇ ਨਵੀਂ ਮੰਤਰੀ ਮੰਡਲ ਦਾ ਐਲਾਨ ਹੋ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੁਰਾਣੀ ਮੰਤਰੀ ਮੰਡਲ ਵਿੱਚੋਂ ਕੈਪਟਨ ਪੱਖੀ ਕੁਝ ਵਿਧਾਇਕਾਂ ਨੂੰ ਹਟਾ ਕੇ ਬਾਕੀ ਸਭ ਨੂੰ ਫਿਰ ਤੋਂ ਕੈਬਨਿਟ ਵਿੱਚ ਜਗ੍ਹਾ ਮਿਲ ਸਕਦੀ ਹੈ। ਕੈਪਟਨ ਪੱਖੀਆਂ ਦੀ ਜਗ੍ਹਾ ਰਾਹੁਲ ਗਾਂਧੀ ਅਤੇ ਨਵਜੋਤ ਸਿੱਧੂ ਕਰੀਬੀਆਂ ਦੇ ਨਾਮ ਵੀ ਇਸ ਲਿਸਟ ਵਿੱਚ ਸ਼ਾਮਲ ਹੋ ਸਕਦੇ ਹਨ।