ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫਸਰ
ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀਆਂ ਮੁਬਾਰਕਾਂ
ਚੰਡੀਗੜ੍ਹ, 7ਜੁਲਾਈ(ਵਿਸ਼ਵ ਵਾਰਤਾ)- ਤਰਨਤਾਰਨ ਜ਼ਿਲ੍ਹੇ ਦੇ ਚੌਧਰੀਵਾਲਾ ਪਿੰਡ (ਨੌਸ਼ਹਿਰਾ ਪੰਨੂਆਂ) ਦੇ ਇੱਕ ਕਿਸਾਨ ਦੇ ਪੁੱਤਰ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਭਾਰਤੀ ਹਵਾਈ ਸੈਨਾ ਵਿੱਚ ਇੱਕ ਫਲਾਇੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਆਦੇਸ਼ ਪ੍ਰਕਾਸ਼ NDA ਦੀ ਤਿਆਰੀ ਕਰਵਾਉਣ ਵਾਲੀ ਸਿੱਖਾਂ ਦੀ ਅਕੈਡਮੀ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ, ਤਰਨ ਤਾਰਨ ਦਾ ਵਿਦਿਆਰਥੀ ਹੈ ਅਤੇ ਸਿਰਫ਼ 19 ਸਾਲਾਂ ਦਾ ਹੈ। ਆਦੇਸ਼ ਪ੍ਰਕਾਸ਼ ਸਿੰਘ ਨੇ ਇੰਡੀਅਨ ਏਅਰ ਫੋਰਸ ਵਿੱਚ ਅਹੁਦਾ ਹਾਸਲ ਕਰਕੇ ਨਾ ਸਿਰਫ ਆਪਣੇ ਪਿਤਾ ਦਾ ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।
ਆਦੇਸ਼ ਦੇ ਪਿਤਾ ਅਮਰਬੀਰ ਸਿੰਘ ਪੰਨੂ ਸ਼੍ਰੋਮਣੀ ਕਮੇਟੀ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਮਾਂ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਹੈ। ਉਸਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਪ੍ਰਾਪਤ ਕੀਤੀ। ਉਸ ਦੇ ਪਿਤਾ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ “ਮੇਰਾ ਬੇਟਾ ਕਾਫ਼ੀ ਸਿਆਣਾ ਹੈ ਅਤੇ ਉਸ ਵਿੱਚ ਬਹੁਤ ਛੋਟੀ ਉਮਰ ਵਿੱਚ ਦੇਸ਼ ਦੀ ਸੇਵਾ ਕਰਨ ਦਾ ਜੋਸ਼ ਸੀ। ਮੈਨੂੰ ਉਸ ਉੱਤੇ ਮਾਣ ਹੈ ਅਤੇ ਹਮੇਸ਼ਾ ਰਹੇਗਾ। ” ਆਦੇਸ਼ ਨੇ ਮਾਰਚ 2017 ਵਿੱਚ ਏਅਰ ਫੋਰਸ ਲਈ ਐਨਡੀਏ ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਮਈ 2017 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ, ਪੁਣੇ ਵਿੱਚ, ਕੋਰਸ ਬੈਚ 138 ਵਜੋਂ ਸ਼ਾਮਲ ਹੋਇਆ ਸੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ ਇੰਡੀਅਨ ਏਅਰ ਫੋਰਸ ਵਿੱਚ ਫਲਾਇੰਗ ਅਫਸਰ ਬਣਨ ਤੇ ਮੁਬਾਰਕਬਾਦ ਦਿੱਤੀ ਹੈ। ਟਵੀਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇੱਕ ਨੇਕ ਕਿਰਸਾਨੀ ਪਰਿਵਾਰ ਨਾਲ ਸੰਬੰਧਤ ਰੱਖਦਾ ਹੈ। ਉਹ NDA ਦੀ ਤਿਆਰੀ ਕਰਵਾਉਣ ਵਾਲੀ ਸਿੱਖਾਂ ਦੀ ਅਕੈਡਮੀ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ, ਤਰਨ ਤਾਰਨ ਦਾ ਵਿਦਿਆਰਥੀ ਹੈ। ਮੇਰੀਆਂ ਸ਼ੁਭਕਾਮਨਾਵਾਂ ਉਸ ਦੇ ਨਾਲ ਹਨ।