ਜਿਲ੍ਹੇ ’ਚ 41 ਸੇਵਾ ਕੇਂਦਰ ਰਾਹੀਂ ਜਿਲ੍ਹਾ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ 425 ਤਰ੍ਹਾਂ ਦੀਆਂ ਸੇਵਾਵਾਂ – ਡਿਪਟੀ ਕਮਿਸ਼ਨਰ
ਸੇਵਾ ਕੇਂਦਰਾਂ ਰਾਹੀਂ ਵੱਧ ਤੋਂ ਵੱਧ ਨਾਗਰਿਕ ਸੇਵਾਵਾਂ ਲੈਣ ਦੀ ਕੀਤੀ ਅਪੀਲ
ਲੋਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਪੂਰਾ ਹਫ਼ਤਾ ਖੁੱਲ੍ਹ ਰਹੇ ਹਨ ਸੇਵਾ ਕੇਂਦਰ
ਅੰਮ੍ਰਿਤਸਰ 4 ਅਗਸਤ 2022 : ਜਿਲ੍ਹੇ ਵਿੱਚ ਇਸ ਸਮੇਂ 41 ਸੇਵਾ ਕੇਂਦਰ ਕੰਮ ਕਰ ਰਹੇ ਹਨ। ਜਿਨਾਂ ਰਾਹੀਂ 30 ਦੇ ਕਰੀਬ ਮਹਿਕਮੇ ਦੀਆਂ ਕੁੱਲ 425 ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਜਿਨਾਂ ਵਿੱਚ ਤਕਨੀਕੀ ਸਿੱਖਿਆ ਬੋਰਡ ਅਤੇ ਪੰਜਾਬ ਤਕਨੀਕੀ ਯੂਨੀਵਰਸਿਟੀ ਨਾਲ ਸਬੰਧਤ 20 ਸੇਵਾਵਾਂ ਦਾ ਲਾਭ ਸੇਵਾ ਕੇਂਦਰ ਦੇ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪੰਜਾਬ ਤਕਨੀਕੀ ਯੂਨੀਵਰਸਿਟੀ ਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਤਹਿਤ ਸਿੱਖਿਆ ਨਾਲ ਜੁੜੇ ਵਿਦਿਆਰਥੀ ਆਪਣੇ ਨੇੜਲੇ ਸੇਵਾ ਕੇਂਦਰ ਰਾਹੀਂ ਮਰਕਸ਼ੀਟ, ਬੋਨਾਫਾਈਡ, ਡਿਗਰੀ ਦੀ ਤਸਦੀਕ ਆਦਿ ਕਰਵਾ ਸਕਦੇ ਹਨ ਅਤੇ ਇਸ ਤੋਂ ਇਲਾਵਾ ਵਿਦਿਆਰਥੀ ਬੈਕਲਾਗ ਸਰਟੀਫਿਕੇਟ , ਟਰਾਂਸਕ੍ਰਿਪਟ ਤੇ ਡਿਟੇਲ ਸਰਟੀਫਿਕੇਟ, ਡੁਪਲੀਕੇਟ ਸਰਟੀਫਿਕੇਟ, ਰੀਵੈਲੁਏਸ਼ਨ, ਵਿਦਿਅਕ ਸਰਟੀਫਿਕੇਟਾਂ ਦਾ ਤਸਦੀਕ ਕਰਨਾ ਸ਼ਾਮਲ ਹੈ ਤੋਂ ਇਲਾਵਾ 78 ਖੇਤੀਬਾੜੀ, 50 ਮੈਡੀਕਲ ਕੌਂਸਲ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਸ੍ਰੀ ਸੂਦਨ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਲੈ ਕੇ ਜੁਲਾਈ 2022 ਤੱਕ ਕੁਲ ਚਾਰ ਮਹੀਨਿਆਂ ਵਿੱਚ 3 ਲੱਖ 65 ਹਜ਼ਾਰ ਤੋਂ ਵੱਧ ਅਰਜੀਆਂ ਸੇਵਾਵਾਂ ਲਈ ਪ੍ਰਾਪਤ ਹੋਈਆਂ ਹਨ। ਉਨਾਂ ਦੱਸਿਆ ਕਿ ਸੇਵਾ ਕੇਂਦਰ ਹਫ਼ਤੇ ਦੇ ਸੱਤੇ ਦਿਨ ਹੀ ਕੰਮ ਕਰਦੇ ਹਨ ਅਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਸੇਵਾ ਕੇਂਦਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਲੋਕਾਂ ਦੀ ਸਹੂਲਤ ਲਈ ਖੁੱਲ੍ਹੇ ਹਨ। ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਵੱਖ-ਵੱਖ ਸੇਵਾਵਾਂ ਲਈ ਫਾਰਮ ਭਰਨੇ ਕੋਰੀਅਰ ਸਰਵਿਸ ਕਲਰ ਪ੍ਰਿੰਟਿੰਗ ਅਤੇ ਲੈਮੀਨੇਸ਼ਨ ਵਰਗੀਆਂ ਸਹੂਲਤਾਂ ਵੀ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਦੇ ਰੱਖ ਰਖਾਵ ਲਈ ਜਿੰਮੇਵਾਰ ਸਰਵਿਸ ਓਪਰੇਟਰ ਦੀ ਵਿਭਾਗੀ ਹਦਾਇਤਾਂ ਅਤੇ ਜਿਲ੍ਹਾ ਪੱਧਰੀ ਦੀਆਂ ਟੀਮਾਂ ਵਲੋਂ ਸਮੇਂ ਸਮੇਂ ਤੇ ਚੈਕਿੰਗ ਵੀ ਕੀਤੀ ਜਾਂਦੀ ਹੈ ਅਤੇ ਸਬ ਡਵੀਜਨ ਪੱਧਰ ਤੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰਖਦਿਆਂ ਸਮੂਹ ਐਸ.ਡੀ.ਐਮ. ਨੂੰ ਵੀ ਆਪਣੇ ਪੱਧਰ ਤੇ ਚੈਕਿੰਗ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੇਵਾ ਕੇਂਦਰਾਂ ਰਾਹੀਂ ਵੱਧ ਤੋਂ ਵੱਧ ਨਾਗਰਿਕ ਸੇਵਾਵਾਂ ਪ੍ਰਾਪਤ ਕਰਨ ਅਤੇ ਕਿਸੇ ਕਿਸਮ ਦੀ ਵੀ ਸ਼ਿਕਾਇਤ ਸਬੰਧੀ ਉਨਾਂ ਰਾਬਤਾ ਕੀਤਾ ਜਾਵੇ।