ਜਲੰਧਰ ‘ਚ ਮਿਲੀ DSP ਦੀ ਲਾਸ਼
ਚੰਡੀਗੜ੍ਹ, 1ਜਨਵਰੀ(ਵਿਸ਼ਵ ਵਾਰਤਾ)-ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਨੇੜਿਓਂ ਇੱਕ ਲਾਸ਼ ਮਿਲੀ, ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਲਾਸ਼ ਕੋਲੋਂ ਇਕ ਪਛਾਣ ਪੱਤਰ ਬਰਾਮਦ ਹੋਇਆ ਹੈ। ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਦਿਓਲ ਵਜੋਂ ਹੋਈ ਹੈ। ਦਲਬੀਰ ਸੰਗਰੂਰ ਦੇ ਪਿੰਡ ਲੱਧਾ ਕੋਠੀ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਇਹ ਉਹੀ ਡੀਐਸਪੀ ਹੈ ਜਿਸ ਨੇ ਪਿੰਡ ਮੰਡ ਵਿੱਚ ਗੋਲੀਆਂ ਚਲਾਈਆਂ ਸਨ ਤੇ ਫਿਰ ਪਿੰਡ ਵਾਸੀਆਂ ਨਾਲ ਉਸਦਾ ਸਮਝੌਤਾ ਹੋ ਗਿਆ ਸੀ। ਦਲਬੀਰ ਸਿੰਘ ਦਿਓਲ ਪੀਏਪੀ ਸਿਖਲਾਈ ਕੇਂਦਰ ਵਿੱਚ ਤਾਇਨਾਤ ਸੀ। ਦਿਓਲ ਨੂੰ ਅਰਜੁਨ ਐਵਾਰਡ ਮਿਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਡੀਐਸਪੀ ਦੀ ਲਾਸ਼ ਬਸਤੀ ਬਾਵਾ ਖੇਲ ਨਹਿਰ ਕੋਲ ਪਈ ਸੀ। ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ। ਜਿਸ ਤੋਂ ਬਾਅਦ ਥਾਣਾ-2 ਦੀ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਵਾਰਦਾਤ ਵਾਲੀ ਥਾਂ ਤੋਂ ਮਿਲੇ ਪਰਸ ਤੋਂ ਉਸ ਦੀ ਪਛਾਣ ਹੋਈ। ਜੇਸੀਪੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਹਾਦਸਾ ਲੱਗਦਾ ਹੈ। ਡੀਐਸਪੀ ਦਲਬੀਰ ਸਿੰਘ ਰਾਤ ਨੂੰ ਪੈਦਲ ਕਿਤੇ ਜਾ ਰਹੇ ਸਨ। ਇਸ ਦੌਰਾਨ ਕਿਸੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੇ ਸਿਰ ਵਿੱਚ ਕੋਈ ਚੀਜ਼ ਵੱਜੀ ਤੇ ਉਸਦੀ ਮੌਤ ਹੋ ਗਈ। ਜੇਸੀਪੀ ਸ਼ਰਮਾ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ, ਇਹ ਕਾਰਨ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ। ਜੇਕਰ ਇਹ ਹਾਦਸਾ ਨਹੀਂ ਤਾਂ ਸਿਰ ‘ਤੇ ਸੱਟ ਕਿਵੇਂ ਲੱਗੀ।ਫਿਲਹਾਲ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਚੱਲ ਰਹੀ ਹੈ। ਮਾਮਲੇ ਦੀ ਜਾਣਕਾਰੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ। ਮੌਕੇ ਤੋਂ ਮਿਲੇ ਪਰਸ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।