ਜਥੇਦਾਰ ਗੁਰਦੇਵ ਸਿੰਘ ਕਾਉਂਕੇ ਸੰਬੰਧੀ ਬਣੀ ਤਾਲਮੇਲ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਐਲਾਨ – ਮਨਜੀਤ ਸਿੰਘ ਭੋਮਾ
ਚੰਡੀਗੜ੍ਹ,19ਫਰਵਰੀ(ਵਿਸ਼ਵ ਵਾਰਤਾ)-ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦਾ ਇਨਸਾਫ਼ ਲੈਣ ਲਈ ਪੰਥਕ ਧਿਰਾਂ ਦੀ ਬਣੀ ਤਾਲਮੇਲ ਇਨਸਾਫ਼ ਕਮੇਟੀ ਨੇ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਹੈ।
ਅੱਜ ਇਥੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ , ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਤਾਲਮੇਲ ਇਨਸਾਫ਼ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ , ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ , ਭਾਈ ਮੋਹਕਮ, ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ , ਸ਼ੇਰੇ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਸ ਗੁਰਦੀਪ ਸਿੰਘ ਬਠਿੰਡਾ ਅਤੇ ਸ ਬਲਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਵੀਚਾਰ ਵਟਾਂਦਰਾ ਕਰਨ ਤੋਂ ਬਾਅਦ ਤਾਲਮੇਲ ਇਨਸਾਫ਼ ਕਮੇਟੀ ਵਲੋਂ ਕਿਸਾਨੀ ਸੰਘਰਸ਼ ਦੀ ਠੋਕਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਦੇਸ਼ ਵਿਦੇਸ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਸੰਘਰਸ਼ ਦੀ ਹਰ ਪ੍ਰਕਾਰ ਲੰਗਰਾਂ , ਤੰਬੂਆਂ , ਕਪੜਿਆਂ ਤੋਂ ਇਲਾਵਾ ਹਰ ਤਰ੍ਹਾਂ ਦੀ ਕਿਸਾਨਾਂ ਦੀ ਮਦਦ ਕੀਤੀ ਜਾਵੇ ਜਿਸ ਦੀ ਕਿਸਾਨਾਂ ਨੂੰ ਮੌਕੇ ਦੀ ਲੋੜ ਹੋਵੇ । ਉਹਨਾਂ ਕਿਹਾ ਕੇਂਦਰ ਸਰਕਾਰ ਕਿਸਾਨਾਂ ਨਾਲ਼ ਗਲਬਾਤ ਦੇ ਡਰਾਮੇ ਨਾ ਕਰੇ । ਸਿੱਧਾ ਉਹਨਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਕਰੇ। ਕੇਂਦਰ ਸਰਕਾਰ ਨੂੰ ਦਿੱਲੀ ਕਿਸਾਨੀ ਸੰਘਰਸ਼ ਦੌਰਾਨ ਸਭ ਪਤਾ ਹੈ ਕਿ ਕਿਸਾਨ ਕੀ ਮੰਗਦੇ ਹਨ । ਹਰਿਆਣਾ ਦੀ ਸਰਕਾਰ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਤੇ ਅੱਥਰੂ ਗੈਸ ਸੁੱਟਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ।
ਦੂਸਰੇ ਫੈਸਲੇ ਅਨੁਸਾਰ ਤਾਲਮੇਲ ਸੰਗਠਨ ਇਨਸਾਫ਼ ਕਮੇਟੀ ਨੇ ਦੱਸਿਆ ਕਿ ਜਥੇਦਾਰ ਕਾਉਂਕੇ ਦੇ ਸੰਬੰਧ ਵਿੱਚ ਤਾਲਮੇਲ ਇਨਸਾਫ਼ ਕਮੇਟੀ ਨੂੰ ਦੋ ਵਾਰ ਮੁਲਾਕਾਤ ਦਾ ਸਮਾਂ ਦੇ ਕੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਨੇ ਆਪਣੇ ਹੋਰ ਰੁਝੇਵੇਂ ਦੱਸਕੇ ਮੁਲਾਕਾਤਾਂ ਰੱਦ ਕੀਤੀਆਂ ਹਨ । ਇਸ ਲਈ ਅੱਜ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਪੰਜਾਬ ਇੱਕ ਹਫ਼ਤੇ ਦੇ ਅੰਦਰ ਅੰਦਰ ਤਾਲਮੇਲ ਇਨਸਾਫ਼ ਕਮੇਟੀ ਨੂੰ ਮੁਲਾਕਾਤ ਦਾ ਸਮਾਂ ਦੇਵੇ ਨਹੀਂ ਤਾਂ ਇੱਕ ਹਫ਼ਤੇ ਬਾਅਦ ਤਾਲਮੇਲ ਇਨਸਾਫ਼ ਕਮੇਟੀ ਪੰਥਕ ਸ਼ਖਸ਼ੀਅਤਾਂ ਨਾਲ਼ ਮੁੱਖ ਮੰਤਰੀ ਦੇ ਨਿਵਾਸ ਮੂਹਰੇ ਧਰਨਾ ਮਾਰੇਗੀ। ਜਥੇਦਾਰ ਕਾਉਂਕੇ ਸਾਹਿਬ ਦਾ ਇਨਸਾਫ਼ ਹਰ ਹਾਲਤ ਵਿਚ ਲਿਆ ਜਾਵੇਗਾ ।
ਤੀਸਰੇ ਫੈਸਲੇ ਅਨੁਸਾਰ ਕੇਂਦਰ ਸਰਕਾਰ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੀ ਪੁਰਜ਼ੋਰ ਮੰਗ ਕੀਤੀ ਹੈ। ਡਿਬਰੂਗੜ੍ਹ ਜੇਲ੍ਹ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ ਪਾਏਂ ਜਾ ਰਹੇ ਝੂਠੇ ਕੇਸਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਉਹਨਾਂ ਕਿਹਾ ਇਹ ਸਭ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਬਦਨਾਮ ਕਰਨ ਲਈ ਝੂਠਾਂ ਪ੍ਰੋਪਾਗੰਢਾ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਰਿਹਾਅ ਕਰਨ ਦਾ ਐਲਾਨ ਕਰੇ ।